ਭਾਰਤ 'ਚ 16 ਕਰੋੜ ਲੋਕ ਸ਼ਰਾਬ ਪੀਂਦੇ ਹਨ : ਸਰਵੇਖਣ
ਸਰਕਾਰ ਵਲੋਂ ਕਰਵਾਏ ਗਏ ਇਕ ਹਾਲੀਆ ਸਰਵੇਖਣ ਅਨੁਸਾਰ 10 ਤੋਂ 75 ਸਾਲ ਦੇ ਉਮਰ ਵਰਗ ਦੇ 14.6 ਫ਼ੀ ਸਦੀ ਲੋਕ (16 ਕਰੋੜ) ਸ਼ਰਾਬ ਪੀਂਦੇ ਹਨ.........
ਨਵੀਂ ਦਿੱਲੀ : ਸਰਕਾਰ ਵਲੋਂ ਕਰਵਾਏ ਗਏ ਇਕ ਹਾਲੀਆ ਸਰਵੇਖਣ ਅਨੁਸਾਰ 10 ਤੋਂ 75 ਸਾਲ ਦੇ ਉਮਰ ਵਰਗ ਦੇ 14.6 ਫ਼ੀ ਸਦੀ ਲੋਕ (16 ਕਰੋੜ) ਸ਼ਰਾਬ ਪੀਂਦੇ ਹਨ ਅਤੇ ਛੱਤੀਸਗੜ੍ਹ, ਤ੍ਰਿਪੁਰਾ, ਪੰਜਾਬ, ਅਰੁਣਾਂਚਲ ਪ੍ਰਦੇਸ਼ ਅਤੇ ਗੋਆ 'ਚ ਸ਼ਰਾਬ ਸੱਭ ਤੋਂ ਜ਼ਿਆਦਾ ਪੀਤੀ ਜਾਂਦੀ ਹੈ। ਸਰਵੇਖਣ 'ਚ ਪਤਾ ਲੱਗਾ ਹੈ ਕਿ ਸ਼ਰਾਬ ਤੋਂ ਬਾਅਦ ਦੇਸ਼ ਭਰ 'ਚ ਭੰਗ ਅਤੇ ਹੋਰ ਨਸ਼ੀਲੇ ਪਦਾਰਥਾਂ ਦਾ ਸੱਭ ਤੋਂ ਜ਼ਿਆਦਾ ਪ੍ਰਯੋਗ ਹੁੰਦਾ ਹੈ।
ਸ਼ਰਾਬ 'ਤੇ ਨਿਰਭਰ ਲੋਕਾਂ 'ਚੋਂ 38 'ਚੋਂ ਇਕ ਨੇ ਕਿਸੇ ਨਾ ਕਿਸੇ ਇਲਾਜ ਦੀ ਸੂਚਨਾ ਦਿਤੀ। ਜਦਕਿ 180 'ਚੋਂ ਇਕ ਨੇ ਰੋਗੀ ਵਜੋਂ ਜਾਂ ਹਸਪਤਾਲ 'ਚ ਭਰਤੀ ਹੋਣ ਦੀ ਸੂਚਨਾ ਦਿਤੀ। ਕੇਂਦਰੀ ਸਮਾਜਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਨੇ ਏਮਜ਼ ਹਸਪਤਾਲ ਨਾਲ ਮਿਲ ਕੇ ਇਹ ਸਰਵੇਖਣ ਕੀਤਾ ਹੈ। ਇਹ ਸਰਵੇਖਣ ਸਾਰੇ 36 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੀਤਾ ਗਿਆ।
ਇਸ 'ਚ ਕਿਹਾ ਗਿਆ ਹੈ ਕਿ ਕੌਮੀ ਪੱਧਰ 'ਤੇ 186 ਜ਼ਿਲ੍ਹਿਆਂ ਦੇ 2,00,111 ਘਰਾਂ 'ਚ ਸੰਪਰਕ ਕੀਤਾ ਗਿਆ ਅਤੇ ਚਾਰ ਲੱਖ 73 ਹਜ਼ਾਰ 569 ਲੋਕਾਂ ਤੋਂ ਇਸ ਬਾਰੇ ਗੱਲਬਾਤ ਕੀਤੀ ਗਈ। ਕੌਮੀ ਪੱਧਰ 'ਤੇ ਜਿਨ੍ਹਾਂ ਹੋਰ ਨਸ਼ੀਲੇ ਪਦਾਰਥਾਂ ਦਾ ਪ੍ਰਯੋਗ ਹੁੰਦਾ ਹੈ ਉਨ੍ਹਾਂ 'ਚੋਂ ਸੱਭ ਤੋਂ ਜ਼ਿਆਦਾ 1.14 ਫ਼ੀ ਸਦੀ ਲੋਕ ਹੈਰੋਇਨ ਦਾ ਪ੍ਰਯੋਗ ਕਰਦੇ ਹਨ। ਇਸ ਤੋਂ ਬਾਅਦ ਇਕ ਫ਼ੀ ਸਦੀ ਤੋਂ ਕੁੱਝ ਘੱਟ ਲੋਕ ਨਸ਼ੀਲੀਆਂ ਦਵਾਈਆਂ ਦਾ ਪ੍ਰਯੋਗ ਕਰਦੇ ਹਨ ਜਦਕਿ ਅੱਧੀ ਫ਼ੀ ਸਦੀ ਲੋਕ ਅਫ਼ੀਮ ਖਾਂਦੇ ਹਨ। (ਪੀਟੀਆਈ)