ਜੰਮੂ ਦੇ ਕੁੱਝ ਹਿੱਸਿਆਂ 'ਚ ਕਰਫ਼ਿਊ 'ਚ ਨਰਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਹੋਏ ਅਤਿਵਾਦੀ ਹਮਲੇ ਨੂੰ ਲੈ ਕੇ ਸ਼ਹਿਰ 'ਚ ਵੱਡੇ ਪੱਧਰ 'ਤੇ ਪਾਕਿਸਤਾਨ ਵਿਰੋਧੀ ਪ੍ਰਦਰਸ਼ਨਾਂ ਅਤੇ ਹਿੰਸਾ ਦੀਆਂ ਕੁੱਝ ਘਟਨਾਵਾਂ.....

Curfew

ਜੰਮੂ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਹੋਏ ਅਤਿਵਾਦੀ ਹਮਲੇ ਨੂੰ ਲੈ ਕੇ ਸ਼ਹਿਰ 'ਚ ਵੱਡੇ ਪੱਧਰ 'ਤੇ ਪਾਕਿਸਤਾਨ ਵਿਰੋਧੀ ਪ੍ਰਦਰਸ਼ਨਾਂ ਅਤੇ ਹਿੰਸਾ ਦੀਆਂ ਕੁੱਝ ਘਟਨਾਵਾਂ ਮਗਰੋਂ ਸ਼ੁਕਰਵਾਰ ਨੂੰ ਲਾਏ ਗਏ ਕਰਫ਼ਿਊ 'ਚ ਅਧਿਕਾਰੀਆਂ ਨੇ ਸੋਮਵਾਰ ਨੂੰ ਕੁੱਝ ਰਾਹਤ ਦਿੰਦਿਆਂ ਸ਼ਹਿਰ ਦੇ ਕੁੱਝ ਹਿੱਸਿਆਂ 'ਚ ਤਿੰਨ ਘੰਟਿਆਂ ਲਈ ਇਸ ਨੂੰ ਹਟਾ ਲਿਆ। ਅਧਿਕਾਰੀਆਂ ਨੇ ਲੋਕਾਂ ਨੂੰ ਸ਼ਾਂਤੀ ਕਾਇਮ ਰੱਖਣ ਅਤੇ ਸਬੰਧਤ ਖੇਤਰ 'ਚ ਸ਼ਰਾਰਤੀ ਤੱਤ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਖੜੀ ਨਾ ਕਰ ਸਕਣ ਇਹ ਯਕੀਨੀ ਕਰਨ ਦੀ ਅਪੀਲ ਕੀਤੀ।

ਜੰਮੂ ਦੇ ਜ਼ਿਲ੍ਹਾ ਮੈਜਿਸਟ੍ਰੇਟ ਰਮੇਸ਼ ਕੁਮਾਰ ਨੇ ਸ਼ਹਿਰ ਦੇ ਪੰਜ ਪੁਲਿਸ ਥਾਣਾ ਖੇਤਰਾਂ 'ਚ ਆਉਣ ਵਾਲੇ ਇਲਾਕਿਆਂ 'ਚ ਕਰਫ਼ਿਊ ਹਟਾਉਣ ਦਾ ਐਲਾਨ ਕਰਨ ਦੌਰਾਨ ਕਿਹਾ ਕਿ ਇਨ੍ਹਾਂ ਇਲਾਕਿਆਂ 'ਚ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਅਹਿਤਿਆਤੀ ਕਦਮਾਂ ਦੇ ਤੌਰ 'ਤੇ ਸੀ.ਆਰ.ਪੀ.ਸੀ. ਦੀ ਧਾਰਾ 144 ਅਧੀਨ ਪਾਬੰਦੀ ਦੇ ਹੁਕਮ ਜਾਰੀ ਰਹਿਣਗੇ।

ਉਨ੍ਹਾਂ ਕਿਹਾ ਕਿ ਸਕੱਤਰੇਤ ਦੇ ਮੁਲਾਜ਼ਮਾਂ ਅਤੇ ਜ਼ਰੂਰੀ ਸੇਵਾਵਾਂ 'ਚ ਤੈਨਾਤ ਮੁਲਾਜ਼ਮਾਂ ਦੀ ਹੋਰ ਕਰਫ਼ਿਊ ਵਾਲੇ ਖੇਤਰਾਂ 'ਚ ਗਤੀਵਿਧੀ ਆਸਾਨ ਬਣਾਉਣ ਲਈ ਉਨ੍ਹਾਂ ਦੇ ਅਧਿਕਾਰਕ ਪਛਾਣ ਪੱਤਰਾਂ ਨੂੰ ਹੀ ਕਰਫ਼ਿਊ ਪਾਸ ਮੰਨਿਆ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਹਵਾਈ ਟਿਕਟ, ਰੇਲਵੇ ਟਿਕਟ ਅਤੇ ਵੱਖੋ-ਵੱਖ ਇਮਤਿਹਾਨਾਂ ਦੇ ਦਾਖ਼ਲਾ ਪੱਤਰਾਂ ਨੂੰ ਵੀ ਕਰਫ਼ਿਊ ਪਾਸ ਸਮਝਿਆ ਜਾਵੇਗਾ। ਸ਼ਹਿਰ 'ਚ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਲਗਾਤਾਰ ਚੌਥੇ ਦਿਨ ਕਰਫ਼ਿਊ ਜਾਰੀ ਰਿਹਾ।  (ਪੀਟੀਆਈ)