ਊਨਾਵ ਮਾਮਲਾ: ਘਟਨਾ ਸਥਾਨ 'ਤੇ ਪਹੁੰਚੀ ਫੋਰੈਂਸਿਕ ਜਾਂਚ ਟੀਮ, ਇਕੱਠੇ ਕੀਤੇ ਨਮੂਨੇ
ਦੋ ਮ੍ਰਿਤਕਾਂ ਦਾ ਅੰਤਮ ਸੰਸਕਾਰ, ਇਕ ਜ਼ੇਰੇ ਇਲਾਜ਼
ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਉਨਾਵ ਖੇਤਰ ਵਿਚ ਬੀਤੇ ਦਿਨੀਂ ਬੇਹੋਸ਼ੀ ਦੀ ਹਾਲਤ ਵਿਚ ਮਿਲੀਆਂ ਕੁੜੀਆਂ ਦਾ ਮਾਮਲਾ ਤੁਲ ਫੜਦਾ ਜਾ ਰਿਹਾ ਹੈ। ਅੱਜ ਫਾਰੈਸਿਕ ਸਾਇੰਸ ਲੇਬਾਰਟਰੀ (FSL)ਦੀ ਟੀਮ ਨੇ ਉਨਾਵ ਸਥਿਤ ਉਨ੍ਹਾਂ ਖੇਤਾਂ ਦਾ ਦੌਰਾ ਕੀਤਾ, ਜਿੱਥੇ ਇਹ ਲੜਕੀਆਂ ਬੇਹੋਸ਼ੀ ਦੀ ਹਾਲਤ ਵਿਚ ਮਿਲੀਆਂ ਸਨ।
ਟੀਮ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਬਾਰੀਕੀ ਨਾਲ ਛਾਣਬੀਣ ਕਰਦਿਆਂ ਨਮੂਨੇ ਇਕੱਤਰ ਕੀਤੇ। ਇਸ ਘਟਨਾ ਵਿਚ ਦੋ ਲੜਕੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਕ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
ਇਸੇ ਦੌਰਾਨ ਆਈਜੀ, ਲਖਨਊ ਰੇਂਜ ਨੇ ਇਸ ਮਾਮਲੇ ਵਿਚ ਜਾਂਚ ਵਿਚ ਪ੍ਰਗਤੀ ਹੋਣ ਦੀ ਗੱਲ ਕਹੀ ਹੈ। ਆਈਜੀ ਮੁਤਾਬਕ ਮਾਮਲੇ ਦੀ ਜਾਂਚ ਲਈ 6 ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਪੋਸਟਮਾਰਟਮ ਜਾਂਚ ਵਿਚ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਹੈ। ਤੀਜੀ ਲੜਕੀ ਦਾ ਇਲਾਜ ਚੱਲ ਰਿਹਾ ਹੈ ਜਿਸਦੀ ਹਾਲਤ ਸਥਿਰ ਹੈ। ਇਸ ਦੌਰਾਨ ਅੱਜ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਮ੍ਰਿਤਕ ਲੜਕੀਆਂ ਦਾ ਅੰਤਮ ਸੰਸਕਾਰ ਕਰ ਦਿਤਾ ਗਿਆ ਹੈ।
ਕਾਬਲੇਗੌਰ ਹੈ ਕਿ ਬੀਤੇ ਸਮੇਂ ਦੌਰਾਨ ਉਤਰ ਪ੍ਰਦੇਸ਼ ਵਿਚ ਔਰਤਾਂ ਨਾਲ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਸਵਾਲ ਉਠਦੇ ਰਹੇ ਹਨ। ਖਾਸ ਕਰ ਕੇ ਵਿਰੋਧੀ ਧਿਰਾਂ ਵਲੋਂ ਸੂਬੇ ਦੀ ਯੋਗੀ ਸਰਕਾਰ 'ਤੇ ਔਰਤਾਂ ਖਿਲਾਫ ਹਿੰਸਾ ਨੂੰ ਰੋਕਣ ਵਿਚ ਨਾਕਾਮਯਾਬ ਰਹਿਣ ਦੇ ਦੋਸ਼ ਲੱਗਦੇ ਰਹੇ ਹਨ। ਬੀਤੇ ਸਮੇਂ ਵਿਚ ਦਲਿਤ ਲੜਕੀ ਦੀ ਬਲਾਤਕਾਰ ਤੋਂ ਬਾਅਦ ਹੱਤਿਆ ਮਾਮਲੇ ਵਿਚ ਵੀ ਸੱਤਾਧਾਰੀ ਧਿਰ 'ਤੇ ਪੱਖਪਾਤ ਦੇ ਇਲਜ਼ਾਮ ਲੱਗੇ ਸਨ।
ਦੂਜੇ ਪਾਸੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਜੋ ਪੁਲਿਸ ਕਹਿ ਰਹੀ ਹੈ, ਸਰਕਾਰ ਉਸੇ ਨੂੰ ਮੰਨ ਰਹੀ ਹੈ। ਅੱਜ ਦੋ ਭੈਣਾਂ ਦੀ ਜਾਨ ਚਲੀ ਗਈ ਹੈ ਅਤੇ ਇਕ ਬਚੇਗੀ ਜਾਂ ਨਹੀਂ ਇਸ ਵੱਡਾ ਸਵਾਲ ਹੈ। ਉਨਾਵ ਵਿਚ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਲਈ ਜ਼ਿੰਮੇਵਾਰ ਕੌਣ ਹੈ। ਜਦੋਂ ਸਰਕਾਰ ਪੁਲਿਸ ਨੂੰ ਖੁਲ੍ਹੀ ਛੋਟ ਦੇ ਦੇਵੇ ਤਾਂ ਅਜਿਹਾ ਹੀ ਹੋਵੇਗਾ।