NIA ਨੇ ਲਸ਼ਕਰ ਨੂੰ ਖੁਫੀਆ ਦਸਤਾਵੇਜ਼ ਲੀਕ ਕਰਨ ਦੇ ਆਰੋਪ 'ਚ ਆਪਣੇ ਅਧਿਕਾਰੀ ਨੂੰ ਕੀਤਾ ਗ੍ਰਿਫਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਂਚ ਦੌਰਾਨ ਸ਼ਿਮਲਾ ਵਿਚ ਤਾਇਨਾਤ ਐਸਪੀ ਆਈਪੀਐਸ ਏਡੀ ਨੇਗੀ ਦੀ ਭੂਮਿਕਾ ਦੀ ਪੁਸ਼ਟੀ ਹੋਈ

NIA

ਨਵੀਂ ਦਿੱਲੀ - ਰਾਸ਼ਟਰੀ ਜਾਂਚ ਏਜੰਸੀ ਨੇ ਸ਼ੁੱਕਰਵਾਰ ਨੂੰ ਆਪਣੇ ਇਕ ਸਾਬਕਾ ਅਧਿਕਾਰੀ ਅਰਵਿੰਦ ਦਿਗਵਿਜੇ ਨੇਗੀ ਨੂੰ ਗ੍ਰਿਫਤਾਰ ਕੀਤਾ ਹੈ। ਨਿਊਜ਼ ਏਜੰਸੀ ਮੁਤਾਬਿਕ ਇਸ ਅਧਿਕਾਰੀ 'ਤੇ ਇਕ ਅੱਤਵਾਦੀ ਸੰਗਠਨ ਨੂੰ ਖੁਫੀਆ ਦਸਤਾਵੇਜ਼ ਦੇਣ ਦਾ ਆਰੋਪ ਹੈ। ਰਾਸ਼ਟਰੀ ਜਾਂਚ ਏਜੰਸੀ ਦੇ ਬੁਲਾਰੇ ਨੇ ਇਸ ਮਾਮਲੇ 'ਚ ਜਾਣਕਾਰੀ ਦਿੱਤੀ ਹੈ। ਸਮਾਚਾਰ ਏਜੰਸੀ ਦੇ ਅਨੁਸਾਰ ਆਈਪੀਐਸ ਅਰਵਿੰਦ ਦਿਗਵਿਜੇ ਨੇਗੀ ਨੂੰ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਇੱਕ ਓਵਰ ਗਰਾਊਂਡ ਵਰਕਰ ਨੂੰ ਕਥਿਤ ਤੌਰ 'ਤੇ ਖੁਫੀਆ ਦਸਤਾਵੇਜ਼ ਮੁਹੱਈਆ ਕਰਾਉਣ ਦੇ ਆਰੋਪ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਅਧਿਕਾਰੀ ਨੂੰ 2011 ਦੇ ਬੈਚ ਵਿਚ ਆਈਪੀਐਸ ਦੀ ਤਰੱਕੀ ਮਿਲੀ ਸੀ। ਇਹ ਗ੍ਰਿਫ਼ਤਾਰੀ ਪਿਛਲੇ ਸਾਲ 6 ਨਵੰਬਰ ਨੂੰ ਦਰਜ ਇੱਕ ਕੇਸ ਤਹਿਤ ਕੀਤੀ ਗਈ ਹੈ। ਇਹ ਮਾਮਲਾ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਓਵਰ ਗਰਾਊਂਡ ਵਰਕਰਾਂ ਦੇ ਨੈੱਟਵਰਕ ਦੇ ਫੈਲਾਅ ਨਾਲ ਸਬੰਧਤ ਹੈ ਤਾਂ ਜੋ ਉਹ ਭਾਰਤ ਵਿੱਚ ਅਤਿਵਾਦੀ ਗਤੀਵਿਧੀਆਂ ਦੀ ਯੋਜਨਾ ਬਣਾਉਣ ਵਿਚ ਆਪਣੀ ਭੂਮਿਕਾ ਨਿਭਾ ਸਕਣ। ਰਾਸ਼ਟਰੀ ਜਾਂਚ ਏਜੰਸੀ ਇਸ ਮਾਮਲੇ 'ਚ ਪਹਿਲਾਂ 6 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।

ਬੁਲਾਰੇ ਨੇ ਦੱਸਿਆ ਕਿ "ਜਾਂਚ ਦੌਰਾਨ ਸ਼ਿਮਲਾ ਵਿਚ ਤਾਇਨਾਤ ਐਸਪੀ ਆਈਪੀਐਸ ਏਡੀ ਨੇਗੀ ਦੀ ਭੂਮਿਕਾ ਦੀ ਪੁਸ਼ਟੀ ਹੋਈ (ਐਨਆਈਏ ਤੋਂ ਵਾਪਸ ਆਉਣ ਤੋਂ ਬਾਅਦ)। ਉਸ ਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਪਤਾ ਲੱਗਿਆ ਕਿ ਏ.ਡੀ. ਨੇਗੀ ਦੁਆਰਾ ਅਧਿਕਾਰਤ ਖੁਫ਼ੀਆ ਦਸਤਾਵੇਜ਼ ਇੱਕ ਹੋਰ ਮੁਲਜ਼ਮ ਨੂੰ ਲੀਕ ਕੀਤੇ ਗਏ ਸਨ ਜੋ ਕਿ ਲਸ਼ਕਰ-ਏ-ਤੋਇਬਾ ਦਾ ਓਵਰ ਗਰਾਊਂਡ ਵਰਕਰ ਹੈ।