Wealth of central ministers: 10 ਸਾਲਾਂ ਦੌਰਾਨ ਕਿੰਨੀ ਵਧੀ ਕੇਂਦਰੀ ਮੰਤਰੀਆਂ ਦੀ ਜਾਇਦਾਦ; ਜਾਣੋ ਕਿਹੜੇ ਮੰਤਰੀ ਨੇ ਕਰੋੜਪਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਲ 2014 ਵਿਚ ਜਾਇਦਾਦ 1.26 ਕਰੋੜ ਰੁਪਏ ਦੀ ਸੀ ਜੋ ਹੁਣ 2.58 ਕਰੋੜ ਰੁਪਏ ਦੱਸੀ ਗਈ ਹੈ।
Wealth of central ministers: ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਕਰੀਬ 10 ਸਾਲਾਂ ਵਿਚ ਕਈ ਮੰਤਰੀਆਂ ਦੀ ਜਾਇਦਾਦ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ ’ਤੇ ਮੌਜੂਦ ਅੰਕੜਿਆਂ ਦੇ ਆਧਾਰ ’ਤੇ ਕੁੱਝ ਕੇਂਦਰੀ ਮੰਤਰੀਆਂ ਦੀ ਜਾਇਦਾਦ ਦਾ ਮੁਲਾਂਕਣ ਕੀਤਾ ਗਿਆ, ਇਸ ਦੇਖਿਆ ਗਿਆ ਕਿ ਭਾਜਪਾ ਕਾਰਜਕਾਲ ਦੇ ਇਕ ਦਹਾਕੇ ਦੌਰਾਨ ਇਨ੍ਹਾਂ ਦੀ ਜਾਇਦਾਦ ਵਿਚ ਕਾਫੀ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਲ 2014 ਵਿਚ ਜਾਇਦਾਦ 1.26 ਕਰੋੜ ਰੁਪਏ ਦੀ ਸੀ ਜੋ ਹੁਣ 2.58 ਕਰੋੜ ਰੁਪਏ ਦੱਸੀ ਗਈ ਹੈ।
ਇਨ੍ਹਾਂ ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨੇ 25 ਅਕਤੂਬਰ 2002 ਨੂੰ ਗਾਂਧੀਨਗਰ ਵਿਚ ਇਕ ਪਲਾਟ ਖਰੀਦਿਆ ਸੀ ਜਿਸ ਦੀ ਬਾਜ਼ਾਰ ਵਿਚ ਕੀਮਤ ਇਕ ਕਰੋੜ ਰੁਪਏ ਸੀ। ਹੁਣ ਇਹ ਪਲਾਟ ਵੇਚ ਦਿਤਾ ਗਿਆ ਹੈ ਅਤੇ ਪ੍ਰਾਪਤ ਰਾਸ਼ੀ ਬੈਂਕ ਵਿਚ ਐਫਡੀਆਰ ਵਜੋਂ ਰੱਖ ਦਿਤੀ ਗਈ ਹੈ। ਵੈੱਬਸਾਈਟ ਉਤੇ ਮੌਜੂਦ ਅੰਕੜੇ 31 ਮਾਰਚ 2023 ਤਕ ਦੇ ਹਨ।
ਕੈਬਨਿਟ ਮੰਤਰੀ ਰਾਜਨਾਥ ਸਿੰਘ ਦੀ ਜਾਇਦਾਦ ਸਾਲ 2014 ਵਿਚ 2.96 ਕਰੋੜ ਸੀ ਜੋ ਹੁਣ ਤਕ ਵੱਧ ਕੇ 6.63 ਕਰੋੜ ਰੁਪਏ ਹੋ ਗਈ ਹੈ। ਇਸੇ ਮਿਆਦ ਦੌਰਾਨ ਕੇਂਦਰੀ ਕੈਂਬਨਿਟ ਵਿਚ ਖੇਤੀਬਾੜੀ ਮੰਤਰੀ ਰਹੇ ਨਰਿੰਦਰ ਸਿੰਘ ਤੋਮਰ ਦੀ ਜਾਇਦਾਦ ਦਸ ਸਾਲ ਵਿਚ 1.01 ਕਰੋੜ ਤੋਂ ਵੱਧ ਕੇ 2.27 ਕਰੋੜ ਰੁਪਏ ਹੋ ਗਈ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਜਾਇਦਾਦ ਇਸ ਵੇਲੇ 20.57 ਕਰੋੜ ਹੈ, ਜੋ 10 ਸਾਲ ਪਹਿਲਾਂ 15.36 ਕਰੋੜ ਰੁਪਏ ਸੀ।
ਇਸੇ ਤਰ੍ਹਾਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਜਾਇਦਾਦ ਵਿਚ ਕਰੀਬ ਪੰਜ ਕਰੋੜ ਦਾ ਵਾਧਾ ਹੋਇਆ ਹੈ। ਮੌਜੂਦਾ ਸਮੇਂ ਇਰਾਨੀ ਕੋਲ 14.14 ਕਰੋੜ ਦੀ ਜਾਇਦਾਦ ਹੈ ਜੋ 2014 ਵਿਚ 9.32 ਕਰੋੜ ਰੁਪਏ ਸੀ। ਇਸੇ ਤਰ੍ਹਾਂ ਊਰਜਾ ਮੰਤਰੀ ਆਰਕੇ ਸਿੰਘ ਕੋਲ ਇਸ ਵੇਲੇ 11.32 ਕਰੋੜ ਦੀ ਜਾਇਦਾਦ ਹੈ ਜੋ ਪਹਿਲਾਂ 5.04 ਕਰੋੜ ਰੁਪਏ ਸੀ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਕੋਲ ਇਸ ਵੇਲੇ 27.88 ਕਰੋੜ ਦੀ ਜਾਇਦਾਦ ਹੈ ਜਦਕਿ ਸਾਲ 2014 ਵਿੱਚ ਉਨ੍ਹਾਂ ਕੋਲ 4.19 ਕਰੋੜ ਦੀ ਕੁਲ ਜਾਇਦਾਦ ਸੀ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਇਸ ਵੇਲੇ 9.49 ਕਰੋੜ ਦੀ ਜਾਇਦਾਦ ਦੇ ਮਾਲਕ ਹਨ ਜਦਕਿ 2014 ਵਿਚ ਇਹ 4.65 ਕਰੋੜ ਦੀ ਸੀ।
ਕੇਂਦਰੀ ਮੰਤਰੀ ਪਿਊਸ਼ ਗੋਇਲ ਇਸ ਵੇਲੇ 100 ਕਰੋੜ ਦੀ ਜਾਇਦਾਦ ਦੇ ਮਾਲਕ ਹਨ। ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ ਕੋਲ 2.54 ਕਰੋੜ ਦੀ ਜਾਇਦਾਦ ਹੈ, ਜੋ 2014 ਵਿਚ 74.74 ਲੱਖ ਦੀ ਸੀ। ਮੰਤਰੀ ਨਿੱਤਿਆ ਨੰਦ ਰਾਏ ਦੀ ਜਾਇਦਾਦ ਪਹਿਲਾਂ 14.67 ਕਰੋੜ ਸੀ, ਜੋ ਹੁਣ 17.37 ਕਰੋੜ ’ਤੇ ਪੁੱਜ ਗਈ ਹੈ। ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਕੋਲ ਕਰੀਬ 22 ਕਰੋੜ ਦੇ ਸਿਰਫ਼ ਗਹਿਣੇ ਹਨ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਅਰਜੁਨ ਮੇਘਵਾਲ ਦੀ ਜਾਇਦਾਦ 1.81 ਕਰੋੜ ਤੋਂ ਵੱਧ ਕੇ 4.25 ਕਰੋੜ ਹੋ ਗਈ ਹੈ। ਪ੍ਰਧਾਨ ਮੰਤਰੀ ਮੋਦੀ ਦੀ ਕੈਬਨਿਟ ਵਿਚ ਇਸ ਵੇਲੇ 65 ਮੰਤਰੀ ਮੌਜੂਦ ਹਨ ਜਿਨ੍ਹਾਂ ’ਚੋਂ 26 ਕੈਬਨਿਟ ਮੰਤਰੀ, 13 ਰਾਜ ਮੰਤਰੀ ਤੇ 26 ਹੋਰ ਰਾਜ ਮੰਤਰੀ ਹਨ।
(For more Punjabi news apart from How much wealth of central ministers increased during 10 years, stay tuned to Rozana Spokesman)