ਚਮਕਦੇ ਪੀਲੇ ਰੰਗ ਦਾ ਨਵਾਂ 200 ਰੁਪਏ ਦਾ ਨੋਟ ਅੱਜ ਜਾਰੀ ਹੋਵੇਗਾ
ਭਾਰਤੀ ਰਿਜ਼ਰਵ ਬੈਂਕ ਪਹਿਲੀ ਵਾਰੀ 200 ਰੁਪਏ ਦਾ ਨੋਟ ਕਲ ਜਾਰੀ ਕਰਨ ਵਾਲਾ ਹੈ ਜਿਸ ਨਾਲ ਛੋਟੇ ਮੁੱਲ ਦੇ ਨੋਟਾਂ ਦੀ ਉਪਲਬਧਤਾ ਵਧਾਉਣ 'ਚ ਮਦਦ ਮਿਲੇਗੀ।
ਨਵੀਂ ਦਿੱਲੀ, 24 ਅਗੱਸਤ: ਭਾਰਤੀ ਰਿਜ਼ਰਵ ਬੈਂਕ ਪਹਿਲੀ ਵਾਰੀ 200 ਰੁਪਏ ਦਾ ਨੋਟ ਕਲ ਜਾਰੀ ਕਰਨ ਵਾਲਾ ਹੈ ਜਿਸ ਨਾਲ ਛੋਟੇ ਮੁੱਲ ਦੇ ਨੋਟਾਂ ਦੀ ਉਪਲਬਧਤਾ ਵਧਾਉਣ 'ਚ ਮਦਦ ਮਿਲੇਗੀ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਲ ਹੀ ਐਲਾਨ ਕੀਤਾ ਸੀ ਕਿ ਸਰਕਾਰ ਨੇ ਕੇਂਦਰੀ ਬੈਂਕ ਨੂੰ 200 ਰੁਪਏ ਦਾ ਨੋਟÊਲਿਆਉਣ ਦੀ ਇਜਾਜ਼ਤ ਦੇ ਦਿਤੀ ਹੈ। ਇਹ ਨੋਟ ਚਮਕਦਾਰ ਪੀਲੇ ਰੰਗ ਦਾ ਹੋਵੇਗਾ ਅਤੇ ਇਸ ਉਤੇ ਵਿਸ਼ਵ ਪ੍ਰਸਿੱਧ ਸਾਂਚੀ ਦੇ ਸਤੂਪ ਦੀ ਤਸਵੀਰ ਹੋਵੇਗੀ।
ਬਿਆਨ 'ਚ ਕਿਹਾ ਗਿਆ ਹੈ ਕਿ ਰਿਜ਼ਰਵ ਬੈਂਕ 25 ਅਗੱਸਤ, 2017 ਨੂੰ ਮਹਾਤਮਾ ਗਾਂਧੀ (ਨਵੀਂ) ਲੜੀ 'ਚ 200 ਰੁਪਏ ਦਾ ਨੋਟ ਜਾਰੀ ਕਰੇਗਾ। ਇਸ ਉਤੇ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਦੇ ਹਸਤਾਖ਼ਰ ਹੋਣਗੇ। ਇਹ ਨੋਟ ਚੋਣਵੇਂ ਰਿਜ਼ਰਵ ਬੈਂਕ ਦਫ਼ਤਰਾਂ ਅਤੇ ਕੁੱਝ ਬੈਂਕਾਂ 'ਚੋਂ ਜਾਰੀ ਕੀਤਾ ਜਾਵੇਗਾ।
ਨੋਟਬੰਦੀ ਤੋਂ ਬਾਅਦ 500 ਅਤੇ 2000 ਰੁਪਏ ਦੇ ਨੋਟ ਜਾਰੀ ਹੋਣ ਮਗਰੋਂ ਛੋਟੇ ਨੋਟਾਂ ਦੀ ਕਮੀ ਹੋ ਗਈ ਸੀ ਅਤੇ 50 ਅਤੇ 100 ਰੁਪਏ ਦੇ ਨੋਟਾਂ ਉਤੇ ਦਬਾਅ ਵੱਧ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ 200 ਰੁਪਏ ਦਾ ਨੋਟ ਆਉਣ ਨਾਲ ਨੋਟਾਂ ਦੀ ਉਪਲਬਧਤਾ ਨੂੰ ਲੈ ਕੇ ਆ ਰਹੀਆਂ ਪ੍ਰੇਸ਼ਾਨੀਆਂ ਘੱਟ ਹੋਣਗੀਆਂ। (ਪੀਟੀਆਈ)