ਪੜ੍ਹੀ-ਲਿਖੀ ਔਰਤ ਸਰੀਰਕ ਸਬੰਧਾਂ ਦੇ ਨਤੀਜਿਆਂ ਨੂੰ ਜਾਣਦੀ ਹੈ : ਅਦਾਲਤ
ਦਿੱਲੀ ਦੀ ਅਦਾਲਤ ਨੇ ਵਿਆਹ ਦਾ ਝਾਂਸਾ ਦੇ ਕੇ ਔਰਤ ਨਾਲ ਬਲਾਤਕਾਰ ਕਰਨ ਦੇ ਮੁਲਜ਼ਮ ਨੂੰ ਇਹ ਕਹਿੰਦਿਆਂ ਬਰੀ ਕਰ ਦਿਤਾ ਕਿ ਉਹ..
ਨਵੀਂ ਦਿੱਲੀ, 25 ਅਗੱਸਤ : ਦਿੱਲੀ ਦੀ ਅਦਾਲਤ ਨੇ ਵਿਆਹ ਦਾ ਝਾਂਸਾ ਦੇ ਕੇ ਔਰਤ ਨਾਲ ਬਲਾਤਕਾਰ ਕਰਨ ਦੇ ਮੁਲਜ਼ਮ ਨੂੰ ਇਹ ਕਹਿੰਦਿਆਂ ਬਰੀ ਕਰ ਦਿਤਾ ਕਿ ਉਹ ਪੜ੍ਹੀ-ਲਿਖੀ ਅਤੇ ਆਤਮਨਿਰਭਰ ਸੀ ਅਤੇ ਜਾਣਦੀ ਸੀ ਕਿ ਸਹਿਮਤੀ ਨਾਲ ਸਰੀਰਬ ਸਬੰਧ ਬਣਾ ਰਹੀ ਹੈ।
ਅਦਾਲਤ ਨੇ ਕਿਹਾ ਕਿ ਜੇ ਔਰਤ ਨੇ ਵਿਆਹ ਦੇ ਝਾਂਸੇ ਵਿਚ ਆ ਕੇ ਮੁਲਜ਼ਮ ਨਾਲ ਸਹਿਮਤੀ ਨਾਲ ਸਬੰਧ ਬਣਾਏ ਸਨ ਤਾਂ ਇਹ ਬਲਾਤਕਾਰ ਦੇ ਅਪਰਾਧ ਦੀ ਸ਼੍ਰੇਣੀ ਵਿਚ ਨਹੀਂ ਆਉਂਦਾ। ਅਦਾਲਤ ਨੇ ਪਛਮੀ ਦਿੱਲੀ ਨਿਵਾਸੀ ਮੁਲਜ਼ਮ ਨੂੰ ਇਹ ਕਹਿੰਦਿਆਂ ਬਰੀ ਕਰ ਦਿਤਾ ਕਿ ਮੁਦਈ ਧਿਰ ਇਹ ਸਾਬਤ ਕਰਨ ਵਿਚ ਨਾਕਾਮ ਰਿਹਾ ਹੈ ਕਿ 8 ਦਸੰਬਰ 2013 ਨੂੰ ਮੁਲਜ਼ਮ ਨੇ ਔਰਤ ਨੂੰ ਚਾਹ ਵਿਚ ਨਸ਼ੀਲਾ ਪਦਾਰਥ ਪਿਲਾ ਕੇ ਇਕ ਦੋਸਤ ਦੇ ਘਰ ਉਸ ਨਾਲ ਬਲਾਤਕਾਰ ਕੀਤਾ ਸੀ ਜਿਥੇ ਉਹ ਉਸ ਨੂੰ ਉਸ ਦਾ ਜਨਮਦਿਨ ਮਨਾਉਣ ਲਈ ਲੈ ਗਿਆ ਸੀ।
ਉਨ੍ਹਾਂ ਕਿਹਾ ਕਿ ਇਹ ਸਾਬਤ ਨਹੀਂ ਹੋ ਸਕਿਆ ਕਿ ਮੁਲਜ਼ਮ ਵਿਆਹ ਦਾ ਝੂਠਾ ਵਾਅਦਾ ਕਰ ਕੇ ਫ਼ਰਵਰੀ ਤੋਂ ਅਪ੍ਰੈਲ 2014 ਤਕ ਉਸ ਨਾਲ ਬਲਾਤਕਾਰ ਕਰਦਾ ਰਿਹਾ, ਉਸ ਦਾ ਗਰਭਪਾਤ ਕਰਾਇਆ ਅਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਇੰਟਰਨੈਟ ਵਿਚ ਪਾਉਣ ਦੀ ਧਮਕੀ ਦਿਤੀ। ਜੱਜ ਸ਼ੈਲ ਜੈਨ ਨੇ ਇਹ ਆਦੇਸ਼ ਸੁਣਾਇਆ। ਅਦਾਲਤ ਨੇ ਕਿਹਾ ਕਿ ਉਸ ਦਾ ਇਹ ਮੰਨਣਾ ਹੈ ਕਿ ਔਰਤ ਅਤੇ ਪੁਰਸ਼ ਦੋਵੇਂ ਹੀ ਰੁੱਝੇ ਹੋਏ ਅਤੇ ਆਤਮਨਿਭਰ ਹਨ ਅਤੇ ਇਸ ਤਰ੍ਹਾਂ ਦੇ ਸਬੰਧਾਂ ਦੇ ਨਤੀਜੇ ਕੀ ਹੋ ਸਕਦੇ ਹਨ। (ਏਜੰਸੀ)