ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਅੱਜ ਸੀ.ਬੀ.ਆਈ. ਅਦਾਲਤ ਪੰਚਕੂਲਾ ਵਿਖੇ ਹੋਣ ਵਾਲੀ ਸੁਣਵਾਈ ਸਬੰਧੀ ਪੰਜਾਬ-ਹਰਿਆਣਾ, ਰਾਜਸਥਾਨ, ਯੂ.ਪੀ. ਵਿਚ..

Alert

 

ਪਟਿਆਲਾ, 24 ਅਗੱਸਤ (ਰਣਜੀਤ ਰਾਣਾ ਰੱਖੜਾ) : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਅੱਜ ਸੀ.ਬੀ.ਆਈ. ਅਦਾਲਤ ਪੰਚਕੂਲਾ ਵਿਖੇ ਹੋਣ ਵਾਲੀ ਸੁਣਵਾਈ ਸਬੰਧੀ ਪੰਜਾਬ-ਹਰਿਆਣਾ, ਰਾਜਸਥਾਨ, ਯੂ.ਪੀ. ਵਿਚ ਹਾਈ ਅਲਰਟ ਕੀਤਾ ਗਿਆ ਹੈ, ਜਿਸ ਸਬੰਧੀ ਦੇਸ਼ ਦੀਆਂ ਸਰਹੱਦੀ ਖੁਫ਼ੀਆ ਏਜੰਸੀਆਂ ਨੇ ਖ਼ਬਰਦਾਰ ਕੀਤਾ ਹੈ। ਉਕਤ 4 ਸਟੇਟਾਂ ਦੀ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ ਪਰ ਪੈਰੋਕਾਰਾਂ ਦੀ ਗਿਣਤੀ ਨੂੰ ਦੇਖਦੇ ਹੋਏ ਪਟਿਆਲਾ ਪੁਲਿਸ ਵਲੋਂ ਥਾਂ-ਥਾਂ 'ਤੇ ਫ਼ਲੈਗ ਮਾਰਚ ਕੱਢਿਆ ਗਿਆ, ਰੀਹਰਸਲ ਤੋਂ ਬਾਅਦ ਪੈਰਾ ਮਿਲਟਰੀ ਫੋਰਸ, ਪੰਜਾਬ ਪੁਲਿਸ ਮੁਲਾਜ਼ਮ, ਕਮਾਂਡੋਜ਼ ਆਦਿ ਦੇ ਮੁਲਾਜ਼ਮ ਅਪਣੀਆਂ ਡਿਊਟੀਆਂ 'ਤੇ ਡੱਟ ਗਏ ਹਨ ਤਾਂ ਜੋ ਜ਼ਿਲ੍ਹੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰਖਿਆ ਜਾ ਸਕੇ। ਪੁਲਿਸ ਨੇ ਚੱਪੇ-ਚੱਪੇ 'ਤੇ ਬਾਜ਼ ਅੱਖ ਰੱਖੀ ਹੋਈ ਹੈ ਤਾਂ ਜੋ ਕੋਈ ਵੀ ਪੈਰੋਕਾਰ ਸ਼ਾਂਤੀ ਨੂੰ ਭੰਗ ਨਾ ਕਰ ਸਕੇ। ਇਸੇ ਤਰ੍ਹਾਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਅਤੇ ਉਚ ਪੁਲਸ ਅਧਿਕਾਰੀਆਂ ਨੇ ਡੇਰੇ ਦੇ ਪੈਰੋਕਾਰਾਂ ਨਾਲ ਵੱਖੋ-ਵੱਖਰੇ ਸਮੇਂ 'ਤੇ ਮੀਟਿੰਗਾਂ ਕਰ ਕੇ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਅਤੇ ਅਪਣਾ ਯੋਗਦਾਨ ਪਾਉਣ ਲਈ ਕਿਹਾ ਹੈ ਪਰ ਸਥਿਤੀ ਨੂੰ ਇੰਝ ਜਾਪਦਾ ਹੈ ਕਿ ਜੇਕਰ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਹੁੰਦੀ ਹੈ ਤਾਂ ਸੌਦਾ ਸਾਧ ਦੇ ਪੈਰੋਕਾਰ ਸਥਿਤੀ ਵਿਗਾੜ ਸਕਦੇ ਹਨ।
ਫ਼ਲੈਗ ਮਾਰਚ ਦੀ ਅਗਵਾਈ ਐਸ.ਪੀ. ਸਿਟੀ ਕੇਸਰ ਸਿੰਘ ਧਾਲੀਵਾਲ ਕਰ ਰਹੇ ਸਨ। ਉਨ੍ਹਾਂ ਨਾਲ ਵੱਖ ਵੱਖ ਥਾਣਿਆਂ ਦੇ ਡੀ.ਐਸ.ਪੀ. ਅਤੇ ਐਸ.ਐਚ.ਓ. ਰੈਂਕ ਦੇ ਅਧਿਕਾਰੀ ਵੀ ਹਾਜ਼ਰ ਸਨ।
ਐਸ.ਐਸ.ਪੀ. ਡਾ. ਐਸ. ਭੂਪਤੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ਵਿਚ ਨਹੀਂ ਲੈਣ ਦਿਤਾ ਜਾਵੇਗਾ ਅਤੇ ਜ਼ਿਲ੍ਹਾ ਪਟਿਆਲਾ ਨਾਲ ਲਗਦੇ ਸਮੁੱਚੇ ਬਾਰਡਰਾਂ ਨੂੰ ਸੀਲ ਕਰ ਦਿਤਾ ਗਿਆ ਹੈ ਜਿਥੇ ਹਰ ਆਉਣ-ਜਾਣ ਵਾਲਿਆਂ 'ਤੇ ਖੁਫ਼ੀਆ ਕੈਮਰਿਆਂ ਰਾਹੀਂ ਨਜ਼ਰ ਰੱਖਣ ਤੋਂ ਇਲਾਵਾ ਸਮੁੱਚੇ ਵਾਹਨਾਂ ਦੀ ਤਲਾਸ਼ੀ ਲੈਣ ਉਪਰੰਤ ਨੰਬਰ ਵੀ ਨੋਟ ਕੀਤੇ ਜਾ ਰਹੇ ਹਨ।
ਐਸ.ਪੀ.ਐਚ. ਅਮਰਜੀਤ ਸਿੰਘ ਘੁੰਮਣ ਨੇ ਦਸਿਆ ਕਿ ਪਟਿਆਲਾ ਵਿਚ 2500 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜਦਕਿ 5 ਕੰਪਨੀਆਂ ਪੈਰਾ ਮਿਲਟਰੀ ਫੋਰਸ ਦੀਆਂ ਪਹੁੰਚ ਗਈਆਂ ਹਨ। ਉਨ੍ਹਾਂ ਦਸਿਆ ਕਿ ਪੂਰੀ ਸਥਿਤੀ ਕਾਬੂ ਵਿਚ ਹੈ। ਹਰ ਮੋੜ ਅਤੇ ਚੌਕ 'ਤੇ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਹੈ, ਚੈਕਿੰਗਾਂ ਜਾਰੀ ਹਨ, ਰਾਤ ਸਮੇਂ ਪੈਟਰੋਲਿੰਗ ਵਧਾਈ ਹੋਈ ਹੈ, ਪੀ.ਸੀ.ਆਰ. ਮੁਲਾਜ਼ਮ ਪੂਰੇ ਚੌਕਸ ਹਨ ਅਤੇ 24 ਘੰਟੇ ਕੰਟਰੋਲ ਰੂਮ ਪੂਰੀ ਤਰ੍ਹਾਂ ਚੌਕੰਨੇ ਹਨ। ਉਨ੍ਹਾਂ ਕਿਹਾ ਕਿ ਸੱਭ ਤੋਂ ਅਹਿਮ ਗੱਲ ਹੈ ਕਿ ਇਸ ਵਾਰ ਪੁਲਿਸ ਸੋਸ਼ਲ ਮੀਡੀਆ 'ਤੇ ਵਿਸ਼ੇਸ਼ ਨਜ਼ਰ ਰੱਖ ਰਹੀ ਹੈ। ਮੌਕੇ ਦੀ ਸਥਿਤੀ ਨਾਲ ਨਜਿੱਠਣ ਲਈ ਨਾਭਾ ਆਦਿ ਹੋਰ ਥਾਵਾਂ 'ਤੇ ਵੀ ਹੈਲੀਪੈਡ ਤਿਆਰ ਕੀਤੇ ਗਏ ਹਨ ਤਾਂ ਜੋ ਤੁਰਤ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ। ਉਨ੍ਹਾਂ ਦਸਿਆ ਕਿ ਗ਼ਲਤ ਅਫਵਾਹਾਂ ਫੈਲਾਉਣ ਵਾਲੇ, ਗਲਤ ਪੋਸਟਾਂ ਪਾਉਣ ਵਾਲੇ ਅਤੇ ਕਿਸੇ ਧਰਮ ਦੇ ਵਿਰੁਧ ਟਿੱਪਣੀ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੋਸ਼ਲ ਮੀਡੀਆ 'ਤੇ ਗ਼ਲਤ ਟਿੱਪਣੀਆਂ ਕਰਨ ਵਾਲਿਆਂ ਵਿਰੁਧ ਕਾਰਵਾਈ ਲਈ ਸਾਈਬਰ ਸੈਲ ਨੂੰ ਵਿਸ਼ੇਸ਼ ਹਦਾਇਤਾਂ ਹਨ।
ਬਾਕੀ ਵੇਰਵਾ ਸਫ਼ਾ 3 'ਤੇ

 

 

ਮੌਕੇ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਾਈਵੇਟ ਟ੍ਰਾਂਸਪੋਟਰਾਂ ਤੋਂ ਬੱਸਾਂ ਵੀ ਪ੍ਰਸ਼ਾਸ਼ਨ ਨੇ ਮੰਗਵਾਈਆਂ ਹਨ ਤਾਂ ਜੋ ਸ਼ੋਰ ਸ਼ਰਾਬੇ ਦੀ ਜਗ੍ਹਾ 'ਤੇ ਮੌਕੇ 'ਤੇ ਹੀ ਸਮੁੱਚੇ ਮੁਲਾਜ਼ਮਾਂ ਨੂੰ ਪਹੁੰਚਾਇਆ ਜਾ ਸਕੇ। ਇਸਤੋਂ ਇਲਾਵਾ ਸਮੁੱਚੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿਤੀਆਂ ਹਨ ਅਤੇ 24 ਘੰਟੇ ਡਿਊਟੀ 'ਤੇ ਮੁਸ਼ਤੈਦ ਰਹਿਣ ਦੇ ਹੁਕਮ ਵੀ ਦਰਸਾਏ ਹਨ, ਜਿਸ ਕਿਸੇ ਮੁਲਾਜ਼ਮ ਨੇ ਡਿਊਟੀ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਉਸ ਵਿਰੁਧ ਸਖ਼ਤ ਕਾਰਵਾਈ ਦੇ ਨਿਰਦੇਸ਼ ਵੀ ਦਿਤੇ ਗਏ ਹਨ।