ਮਜੀਠੀਆ ਤੋਂ ਬਾਅਦ ਹੁਣ ਕੇਜਰੀਵਾਲ ਨੇ ਗਡਕਰੀ ਅਤੇ ਸਿੱਬਲ ਤੋਂ ਵੀ ਮੰਗੀ ਮੁਆਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਜੀਠੀਆ ਤੋਂ ਬਾਅਦ ਹੁਣ ਕੇਜਰੀਵਾਲ ਨੇ ਗਡਕਰੀ ਅਤੇ ਸਿੱਬਲ ਤੋਂ ਵੀ ਮੰਗੀ ਮੁਆਫ਼ੀ

after Majithia, Kejriwal apologized Gadkari and Sibal

ਨਵੀਂ ਦਿੱਲੀ : ਕੇਜਰੀਵਾਲ ਵਲੋਂ ਮਜੀਠੀਆ ਤੋਂ ਮੰਗੀ ਮੁਆਫ਼ੀ ਦਾ ਵਿਵਾਦ ਹਾਲੇ ਰੁਕਿਆ ਨਹੀਂ ਹੈ ਕਿ ਹੁਣ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਤੋਂ ਵੀ ਮੁਆਫ਼ੀ ਮੰਗ ਲਈ ਹੈ।

ਕੇਜਰੀਵਾਲ ਨੇ ਗਡਕਰੀ ਨੂੰ ਪੱਤਰ ਲਿਖ ਕੇ ਆਪਣੇ ਬਿਆਨ ਲਈ ਮੁਆਫ਼ੀ ਮੰਗੀ ਹੈ ਅਤੇ ਕੇਸ ਨੂੰ ਬੰਦ ਕਰਨ ਦੀ ਗੁਜਾਰਿਸ਼ ਕੀਤੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵੇਂ ਨੇਤਾਵਾਂ ਨੇ ਆਪਸੀ ਸਹਿਮਤੀ ਨਾਲ ਹੀ ਕੇਸ ਬੰਦ ਕਰਨ ਲਈ ਅਦਾਲਤ ਵਿਚ ਅਰਜ਼ੀ ਲਗਾਈ ਹੈ. ਇਸ ਤੋਂ ਪਹਿਲਾਂ ਕੇਜਰੀਵਾਲ ਆਪਣੇ ਬਿਆਨਾਂ ਲਈ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਤੋਂ ਵੀ ਮੁਆ਼ਫੀ ਮੰਗ ਚੁੱਕੇ ਹਨ, ਜਿਸ ਤੋਂ ਬਾਅਦ ਪਾਰਟੀ ਦੀ ਪੰਜਾਬ ਇਕਾਈ ਵਿਚ ਵੱਡਾ ਸਿਆਸੀ ਭੂਚਾਲ ਆ ਗਿਆ ਹੈ ਅਤੇ ਪਾਰਟੀ ਨੂੰ ਆਪਣੇ ਹੀ ਵਿਧਾਇਕਾਂ ਅਤੇ ਆਗੂਆਂ ਦੀ ਬਗ਼ਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਦੱਸ ਦੇਈਏ ਕਿ ਕੇਜਰੀਵਾਲ 'ਤੇ ਅਰੁਣ ਜੇਤਲੀ ਵਿਰੁਧ ਇਤਰਾਜ਼ਯੋਗ ਟਿੱਪਣੀ ਕਰਨ ਦਾ ਵੀ ਮਾਣਹਾਨੀ ਕੇਸ ਚੱਲ ਰਿਹਾ ਹੈ। ਇਸ ਕੇਸ ਵਿਚ ਵੀ ਉਹ ਮੁਆਫ਼ੀ ਮੰਗ ਸਕਦੇ ਹਨ। ਉਂਝ ਕੇਜਰੀਵਾਲ ਨੇ ਖ਼ੁਦ ਸਾਰੇ ਹਾਲਾਤ 'ਤੇ ਚਾਨਣਾ ਪਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਉੱਪਰ ਮਾਣਹਾਨੀ ਦੇ 33 ਕੇਸ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲ ਰਹੇ ਹਨ, ਜਿਨ੍ਹਾਂ ਸਾਰਿਆਂ ਲਈ ਵੀ ਉਹ ਮੁਆਫ਼ੀ ਮੰਗਣਾ ਚਾਹੁੰਦੇ ਹਨ।

ਫਿਲਹਾਲ ਕੇਜਰੀਵਾਲ ਦੀ 'ਮੁਆਫ਼ੀ ਵਾਲੀ ਰਾਜਨੀਤੀ' ਨੂੰ ਲੈ ਕੇ ਕਈ ਵਿਰੋਧੀਆਂ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਹਨ ਜਦੋਂ ਕਿ ਕੁਝ ਵੱਲੋਂ ਇਸ ਨੂੰ ਲੈ ਕੇ ਕੇਜਰੀਵਾਲ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਪਰ ਆਮ ਆਦਮੀ ਪਾਰਟੀ ਨੂੰ ਕੇਜਰੀਵਾਲ ਦੇ ਇਹ ਮੁਆਫ਼ੀਨਾਮੇ ਅਗਾਮੀ ਲੋਕ ਸਭਾ ਚੋਣਾਂ ਵਿਚ ਕਿੱਥੇ ਲਿਜਾਂਦੇ ਹਨ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।