ਆਸਾਰਾਮ ਮਗਰੋਂ ਹੁਣ ਸੌਦਾ ਸਾਧ!
ਅਰਬਪਤੀ 'ਸਾਧਾਂ' ਉਤੇ ਬਲਾਤਕਾਰ ਦੇ ਦੋਸ਼ ਲੱਗੇ ਤੇ ਦੋਹਾਂ ਨੇ ਅਦਾਲਤ ਵਿਚ ਬਿਆਨ ਦਿਤੇ ਕਿ ਉਹ ਤਾਂ ਔਰਤ ਨਾਲ ਸੰਭੋਗ ਕਰਨ ਦੀ ਤਾਕਤ ਹੀ ਨਹੀਂ ਰਖਦੇ ਅਰਥਾਤ
ਚੰਡੀਗੜ੍ਹ, 25 ਅਗੱਸਤ (ਨੀਲ ਭਿਲੰਦਰ ਸਿੰਘ): ਸੀ.ਬੀ.ਆਈ ਦੀ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ਨੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਦੋ ਸਾਧਵੀਆਂ ਦੇ ਜਿਸਮਾਨੀ ਸ਼ੋਸ਼ਣ ਦੇ ਮਾਮਲੇ ਵਿਚ ਅੱਜ ਦੋਸ਼ੀ ਕਰਾਰ ਦੇ ਦਿਤਾ | ਸਜ਼ਾ ਦਾ ਐਲਾਨ 28 ਅਗੱਸਤ ਨੂੰ ਕੀਤਾ ਜਾਵੇਗਾ | ਜਿਉਂ ਹੀ ਸੌਦਾ ਸਾਧ ਨੂੰ ਦੋਸ਼ੀ ਕਰਾਰ ਦਿਤਾ ਗਿਆ, ਉਸ ਦੇ ਸ਼ਰਧਾਲੂ ਹਿੰਸਾ 'ਤੇ ਉਤਰ ਆਏ | ਪੰਚਕੂਲਾ ਜਿਥੇ ਹਜ਼ਾਰਾਂ ਦੀ ਗਿਣਤੀ ਵਿਚ 'ਪ੍ਰੇਮੀ' ਇਕੱਠੇ ਹੋਏ ਸਨ, 'ਚ ਉਨ੍ਹਾਂ ਕਈ ਵਾਹਨਾਂ ਤੇ ਇਮਾਰਤਾਂ ਨੂੰ ਅੱਗ ਲਾ ਦਿਤੀ | ਪੁਲਿਸ ਅਤੇ ਨੀਮ ਫ਼ੌਜੀ ਬਲਾਂ ਨੇ ਉਨ੍ਹਾਂ ਨੂੰ ਖਦੇੜਨ ਲਈ ਪਾਣੀ ਦੀਆਂ ਵਾਛੜਾਂ ਮਾਰੀਆਂ ਤੇ ਹੰਝੂ ਗੈਸ ਦੇ ਗੋਲੇ ਛੱਡੇ | ਪੰਚਕੂਲਾ ਤੇ ਸਿਰਸਾ ਵਿਚ ਫੈਲੀ ਹਿੰਸਾ ਵਿਚ 30 ਜਣਿਆਂ ਦੀ ਮੌਤ ਹੋ ਗਈ ਹੈ | ਸੈਂਕੜੇ ਲੋਕ ਜ਼ਖ਼ਮੀ ਹੋ ਗਏ ਹਨ | ਕਰੀਬ 1000 'ਪ੍ਰੇਮੀਆਂ' ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ | ਪੰਜਾਬ ਤੇ ਹਰਿਆਣਾ ਦੇ ਕਈ ਜ਼ਿਲਿ੍ਹਆਂ ਵਿਚ ਕਰਫ਼ੀਊ ਲਾ ਦਿਤਾ ਗਿਆ ਹੈ | ਦਿੱਲੀ ਤੇ ਨੋਇਡਾ ਵਿਚ ਵੀ ਅੱਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ ਹਨ | ਪੰਜਾਬ ਦੇ ਮਾਲਵੇ ਦੇ 10 ਜ਼ਿਲਿ੍ਹਆਂ ਵਿਚ ਕਰਫ਼ੀਊ ਲਾ ਦਿਤਾ ਗਿਆ ਹੈ ਤੇ ਫ਼ੌਜ ਬੁਲਾ ਲਈ ਗਈ ਹੈ |
ਦੋਸ਼ੀ ਕਰਾਰ ਦੇਣ ਤੋਂ ਬਾਅਦ ਸੌਦਾ ਸਾਧ ਨੂੰ ਰੋਹਤਕ ਪੁਲਿਸ ਟਰੇਨਿੰਗ ਕੇਂਦਰ ਜਿਸ ਨੂੰ ਆਰਜ਼ੀ ਜੇਲ ਵਿਚ ਬਦਲ ਦਿਤਾ ਗਿਆ ਹੈ, 'ਚ ਹੈਲੀਕਾਪਟਰ ਰਾਹੀਂ ਭੇਜ ਦਿਤਾ ਗਿਆ |
ਕੇਸ ਦੀ ਸੁਣਵਾਈ ਅਦਾਲਤ ਨੇ ਅੱਜ ਦੁਪਹਿਰ ਬਾਅਦ ਲਗਭਗ 2 ਵਜ ਕੇ 35 ਮਿੰਟ 'ਤੇ ਸ਼ੁਰੂ ਕੀਤੀ ਤੇ 45 ਮਿੰਟ ਇਹ ਕਾਰਵਾਈ ਜਾਰੀ ਰਹੀ | ਪਤਾ ਲੱਗਾ ਹੈ ਕਿ ਇਸ ਮੌਕੇ ਦੋ ਲੜਕੀਆਂ ਜਿਨ੍ਹਾਂ ਨਾਲ ਬਲਾਤਕਾਰ ਕੀਤਾ ਗਿਆ ਸੀ, ਵੀ ਅਦਾਲਤ ਵਿਚ ਹਾਜ਼ਰ ਸਨ | ਉਨ੍ਹਾਂ ਵਿਚੋਂ ਇਕ ਲੜਕੀ ਨੇ ਅਦਾਲਤ ਨੂੰ ਦਸਿਆ ਕਿ ਉਸ ਨਾਲ ਵਧੀਕੀ ਹੋਈ ਹੈ ਅਤੇ ਉਹ ਅਪਣੀ ਗੱਲ 'ਤੇ ਕਾਇਮ ਹੈ | ਸੌਦਾ ਸਾਧ ਇਸ ਮੌਕੇ ਅਦਾਲਤ ਵਿਚ ਚੁੱਪਚਾਪ ਸਾਰੀ ਕਾਰਵਾਈ ਸੁਣਦਾ ਰਿਹਾ | ਅਦਾਲਤ ਵਿਚ ਵਕੀਲਾਂ ਤੋਂ ਇਲਾਵਾ ਹੋਰ 7 ਜਣੇ ਹਾਜ਼ਰ ਸਨ | ਮੁਢਲੀ ਗੱਲਬਾਤ ਤੋਂ ਬਾਅਦ ਜੱਜ ਨੇ ਅਪਣਾ ਫ਼ੈਸਲਾ ਅਦਾਲਤ ਵਿਚ ਪੜ੍ਹ ਕੇ ਸੁਣਾਇਆ ਅਤੇ ਸੌਦਾ ਸਾਧ ਨੂੰ ਦੋਸ਼ੀ ਕਰਾਰ ਦੇ ਦਿਤਾ |
ਜਦ ਜੱਜ ਫ਼ੈਸਲਾ ਪੜ੍ਹ ਰਹੇ ਸਨ ਤਾਂ ਡੇਰਾ ਪ੍ਰੇਮੀਆਂ ਵਿਚ ਇਹ ਗੱਲ ਫੈਲ ਗਈ ਕਿ ਡੇਰਾ ਮੁਖੀ ਨੂੰ ਦੋਸ਼ ਮੁਕਤ ਕਰਾਰ ਦੇ ਦਿਤਾ ਹੈ | ਉਹ ਖ਼ੁਸ਼ੀ ਵਿਚ ਝੂਮਣ ਲੱਗ ਪਏ | ਪਰ ਥੋੜੀ ਦੇਰ ਬਾਅਦ ਪਤਾ ਲੱਗਾ ਕਿ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦੇ ਦਿਤਾ ਹੈ ਅਤੇ ਇਸ ਨਾਲ ਹੀ ਡੇਰਾ ਪ੍ਰੇਮੀਆਂ ਵਿਚ ਸੁੰਨ ਛਾ ਗਈ ਅਤੇ ਉਹ ਇਕਦਮ ਸ਼ਾਂਤ ਹੋ ਕੇ ਬੈਠ ਗਏ |
ਪਰ 15 ਕੁ ਮਿੰਟਾਂ ਬਾਅਦ ਉਨ੍ਹਾਂ ਨੇ ਉੱਚੀ ਉੱਚੀ ਨਾਹਰੇ ਲਾਉਣੇ ਸ਼ੁਰੂ ਕਰ ਦਿਤੇ ਅਤੇ ਉਹ ਹਿੰਸਾ 'ਤੇ ਉਤਾਰੂ ਹੋ ਗਏ | ਸੱਭ ਤੋਂ ਪਹਿਲਾਂ ਹਿੰਸਕ ਘਟਨਾਵਾਂ ਦੀਆਂ ਰੀਪੋਰਟਾਂ ਨਾਢਾ ਸਾਹਿਬ ਵਲੋਂ ਆਈਆਂ ਤੇ ਉਧਰੋਂ ਹੰਝੂ ਗੈਸ ਛੱਡਣ ਦੀਆਂ ਆਵਾਜ਼ਾਂ ਵੀ ਲਗਾਤਾਰ ਸੁਣਾਈ ਦਿੰਦੀਆਂ ਰਹੀਆਂ | ਇਸ ਤੋਂ ਬਾਅਦ ਅੱਗਜ਼ਨੀ ਦੀਆਂ ਘਟਨਾਵਾਂ ਵਿਚ ਇਕਦਮ ਬਹੁਤ ਵਾਧਾ ਹੁੰਦਾ ਚਲਾ ਗਿਆ ਅਤੇ ਡੇਰਾ ਪ੍ਰੇਮੀਆਂ ਸਾਹਮਣੇ ਜੋ ਵੀ ਵਾਹਨ ਆਇਆ, ਉਸ ਨੂੰ ਅੱਗ ਲਗਾ ਦਿਤੀ ਗਈ |
ਥੋੜੀ ਦੇਰ ਬਾਅਦ ਡੇਰਾ ਪ੍ਰੇਮੀ ਸ਼ਾਲੀਮਾਰ ਮਾਲ ਵਾਲੇ ਪਾਸੇ ਆ ਗਏ ਅਤੇ ਉਨ੍ਹਾਂ ਨੇ ਉਥੇ ਖੜੀਆਂ ਗੱਡੀਆਂ ਨੂੰ ਵੀ ਅੱਗ ਲਗਾ ਦਿਤੀ | ਉਨ੍ਹਾਂ ਨੇ ਟੀ.ਵੀ. ਚੈਨਲਾਂ ਦੀਆਂ ਓ.ਵੀ. ਵੈਨਾਂ ਨੂੰ ਵੀ ਅਪਣਾ ਨਿਸ਼ਾਨਾ ਬਣਾਇਆ, ਭੰਨ-ਤੋੜ ਕੀਤੀ ਅਤੇ ਕੁੱਝ ਵੈਨਾਂ ਨੂੰ ਅੱਗ ਵੀ ਲਗਾ ਦਿਤੀ | ਪਤਾ ਲੱਗਾ ਹੈ ਕਿ ਇਸ ਦੌਰਾਨ ਕੁੱਝ ਪੱਤਰਕਾਰਾਂ ਨੂੰ ਸੱਟਾਂ ਵੀ ਲੱਗੀਆਂ | ਸ਼ੁਰੂ-ਸ਼ੁਰੂ ਵਿਚ ਡੇਰਾ ਪ੍ਰੇਮੀ ਪੁਲਿਸ ਅਤੇ ਸੁਰੱਖਿਆ ਕੰਪਨੀਆਂ 'ਤੇ ਭਾਰੂ ਰਹੇ ਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਸੁਰੱਖਿਆ ਕਰਮਚਾਰੀਆਂ ਨੂੰ ਕਾਫ਼ੀ ਮੁਸ਼ੱਕਤ ਅੱਥਰੂ ਗੈਸ ਛੱਡਣੀ ਪਈ | ਕਾਫ਼ੀ ਦੇਰ ਤਕ ਪੰਚਕੂਲਾ ਸ਼ਹਿਰ 'ਤੇ ਧੂੰਏਾ ਦੇ ਬੱਦਲ ਛਾਏ ਰਹੇ ਅਤੇ ਕਈ ਥਾਵਾਂ ਤੋਂ ਅੱਗ ਦੀਆਂ ਵੱਡੀਆ ਲਾਟਾਂ ਨਿਕਲਦੀਆਂ ਨਜ਼ਰ ਆਈਆਂ |
ਇਸ ਤੋਂ ਤੁਰਤ ਬਾਅਦ ਹਰਿਆਣਾ ਸਰਕਾਰ ਨੇ ਫ਼ੌਜ ਨੂੰ ਬੁਲਾ ਲਿਆ ਅਤੇ ਸਥਿਤੀ ਕਾਬੂ ਕਰਨ ਲਈ ਉਸ ਨੂੰ ਜ਼ਰੂਰੀ ਹਦਾਇਤਾਂ ਦੇ ਦਿਤੀਆਂ ਗਈਆਂ | ਇਸ ਦੇ ਨਾਲ ਹੀ ਬਹੁਤ ਸਾਰੀਆਂ ਐਾਬੂਲੈਂਸਾਂ ਵੀ ਬੁਲਾ ਲਈਆਂ ਗਈਆਂ ਜਿਨ੍ਹਾਂ ਨੇ ਜ਼ਖ਼ਮੀਆਂ ਨੂੰ ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿਚ ਲਿਜਾਣਾ ਸ਼ੁਰੂ ਕਰ ਦਿਤਾ | ਪਤਾ ਲੱਗਾ ਹੈ ਕਿ ਬਹੁਤ ਸਾਰੇ ਡੇਰਾ ਪ੍ਰੇਮੀ ਪੰਚਕੂਲਾ ਦੇ ਫ਼ੇਜ਼-6 ਵਾਲੇ ਸਰਕਾਰੀ ਹਸਪਤਾਲ ਵਿਚ ਪਹੁੰਚ ਗਏ ਅਤੇ ਉਥੇ ਉਨ੍ਹਾਂ ਦੀ ਡਾਕਟਰਾਂ ਨਾਲ ਝੜਪ ਹੋ ਗਈ ਅਤੇ ਉਨ੍ਹਾਂ ਵਲੋਂ ਹਸਪਤਾਲ ਦੇ ਸਟਾਫ਼ ਦੀ ਕੁੱਟਮਾਰ ਵੀ ਕੀਤੀ ਦੱਸੀ ਜਾ ਰਹੀ ਹੈ | ਬਹੁਤ ਸਾਰੇ ਜ਼ਖ਼ਮੀਆਂ ਨੂੰ ਇਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ | ਇਸੇ ਦੌਰਾਨ ਪਤਾ ਲੱਗਾ ਹੈ ਕਿ ਜੋ ਗੱਡੀਆਂ ਕਾਫ਼ਲਾ ਡੇਰਾ ਮੁਖੀ ਨਾਲ ਸਿਰਸਾ ਤੋਂ ਆਇਆ ਸੀ, ਉਨ੍ਹਾਂ ਨੇ ਅਪਣੇ ਬਚਾਅ ਲਈ ਸਕੇਤੜੀ ਮਨੀਮਾਜਰਾ ਵਲ ਨੂੰ ਕੂਚ ਕਰ ਦਿਤਾ ਪਰ ਅੱਗੇ ਜਾ ਕੇ ਉਨ੍ਹਾਂ ਦੀ ਸੁਰੱਖਿਆ ਦਸਤਿਆਂ ਨਾਲ ਝੜਪ ਹੋ ਗਈ | ਪਰ ਉਹ ਪੰਚਕੂਲਾ ਰਾਹੀਂ ਵਾਪਸ ਸਿਰਸਾ ਵਲ ਨੂੰ ਪਰਤ ਗਏ ਹਨ |
ਇਸੇ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਬਹੁਤ ਸਾਰੇ ਡੇਰਾ ਪ੍ਰੇਮੀ ਮਨੀਮਾਜਰਾ ਵਲ ਪੈਦਲ ਚਲ ਪਏ ਅਤੇ ਲੋਕ ਅਪਣੇ ਘਰਾਂ ਤੋਂ ਬਾਹਰ ਆ ਗਏ ਤਾਕਿ ਡੇਰਾ ਪ੍ਰੇਮੀ ਉਨ੍ਹਾਂ ਦੇ ਘਰਾਂ ਵਿਚ ਨਾ ਵੜ ਜਾਣ | ਪਤਾ ਲੱਗਾ ਹੈ ਕਿ ਪੁਲਿਸ ਨੇ ਬਹੁਤ ਸਾਰੇ ਡੇਰਾ ਪ੍ਰੇਮੀਆਂ ਨੂੰ ਅਪਣੀ ਹਿਰਾਸਤ ਵਿਚ ਲੈ ਲਿਆ ਹੈ |
ਇਸ ਤੋਂ ਪਹਿਲਾਂ ਅੱਜ ਸਵੇਰੇ 9 ਵਜੇ ਦੇ ਆਸ ਪਾਸ ਡੇਰਾ ਮੁਖੀ ਅਪਣੇ ਸਰਸਾ ਨਿਵਾਸ ਤੋਂ ਗੱਡੀਆਂ ਦੇ ਕਾਫ਼ਲੇ ਦੇ ਰੂਪ ਵਿਚ ਆਏ | ਕਈ ਥਾਵਾਂ 'ਤੇ ਉਨ੍ਹਾਂ ਦੇ ਸ਼ਰਧਾਲੂ ਉਨ੍ਹਾਂ ਦੀ ਗੱਡੀ ਸਾਹਮਣੇ ਸੜਕ 'ਤੇ ਲੇਟ ਗਏ ਅਤੇ ਪੁਲਿਸ ਵਾਲਿਆਂ ਨੂੰ ਕਾਫ਼ੀ ਮਿਹਨਤ ਤੋਂ ਬਾਅਦ ਉਨ੍ਹਾਂ ਨੂੰ ਪਿੱਛੇ ਹਟਾਉਣਾ ਪਿਆ | ਉਹ ਅਦਾਲਤ ਵਿਚ ਤਕਰੀਬਨ 2.30 ਵਜੇ ਪਹੁੰਚੇ ਸਨ ਤੇ ਪਤਾ ਲੱਗਾ ਹੈ ਕਿ ਉਨ੍ਹਾਂ ਦੀਆਂ ਗੱਡੀਆਂ ਦਾ ਕਾਫ਼ਲਾ ਕਰੀਬ 1.30 ਵਜੇ ਦਾਖ਼ਲ ਹੋ ਗਿਆ ਸੀ | ਪਤਾ ਲੱਗਾ ਹੈ ਕਿ ਦੇਰ ਸ਼ਾਮ ਬਹੁਤ ਸਾਰੇ ਡੇਰਾ ਪ੍ਰੇਮੀ ਅਪਣੇ ਘਰਾਂ ਨੂੰ ਪਰਤਣੇ ਸ਼ੁਰੂ ਹੋ ਗਏ ਸਨ ਅਤੇ ਸਰਕਾਰੀ ਅਧਿਕਾਰੀਆਂ ਵਲੋਂ ਉਨ੍ਹਾਂ ਲਈ ਬਸਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਸੀ |
ਇਸੇ ਦੌਰਾਨ ਅੱਜ ਦੁਪਹਿਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁਰੱਖਿਆ ਪ੍ਰਬੰਧਾਂ ਦਾ ਖ਼ੁਦ ਜਾਇਜ਼ਾ ਲਿਆ ਅਤੇ ਉਨ੍ਹਾਂ ਨੇ ਬਹੁਤ ਸਾਰੇ ਨਾਕਿਆਂ 'ਤੇ ਜਾ ਕੇ ਸੁਰੱਖਿਆ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਹੱਲਾਸ਼ੇਰੀ ਦਿਤੀ |