ਖੱਟੜ ਸਰਕਾਰ ਨੂੰ ਭੰਗ ਕਰੋ: ਮਾਇਆਵਤੀ, ਥਰੂਰ, ਰੈਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀ.ਪੀ.ਆਈ.) ਦੇ ਜਨਰਲ ਸਕੱਤਰ ਸੁਧਾਕਰ ਰੈਡੀ, ਬਸਪਾ ਦੀ ਮੁਖੀ ਮਾਇਆਵਤੀ

Suravaram Sudhakar Reddy

ਨਵੀਂ ਦਿੱਲੀ, 26 ਅਗੱਸਤ : ਕਮਿਊਨਿਸਟ ਪਾਰਟੀ ਆਫ਼ ਇੰਡੀਆ  (ਸੀ.ਪੀ.ਆਈ.) ਦੇ ਜਨਰਲ ਸਕੱਤਰ ਸੁਧਾਕਰ ਰੈਡੀ, ਬਸਪਾ ਦੀ ਮੁਖੀ ਮਾਇਆਵਤੀ ਅਤੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਮਨੋਹਰ ਲਾਲ ਖੱਟੜ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ ਹੈ।
ਤਿੰਨਾਂ ਆਗੂਆਂ ਨੇ ਵਖਰੇ-ਵਖਰੇ ਬਿਆਨਾਂ ਵਿਚ ਕਿਹਾ ਹੈ ਕਿ ਖੱਟਰ ਸਰਕਾਰ ਦੀ ਨਾਲਾਇਕੀ ਕਾਰਨ ਬੀਤੇ ਦਿਨੀਂ ਪੰਚਕੂਲਾ ਵਿਖੇ ਵੱਡੀ ਪੱਧਰ 'ਤੇ ਹਿੰਸਕ ਕਾਰਵਾਈਆਂ ਹੋਈਆਂ ਜਿਨ੍ਹਾਂ ਵਿਚ 30 ਦੇ ਕਰੀਬ ਲੋਕ ਮਾਰੇ ਗਏ, 250 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਕਾਂਗਰਸ ਦੇ ਬੁਲਾਰੇ ਅਭੀਸ਼ੇਕ ਸਿੰਘਵੀ ਨੇ ਦਿੱਲੀ ਵਿਚ ਪ੍ਰੈਸ ਕਾਨਫ਼ਰੰਸ ਕਰ ਕੇ ਕਿਹਾ ਕਿ ਖੱਟੜ ਸਰਕਾਰ ਨੂੰ ਤੁਰਤ ਬਰਖ਼ਾਸਤ ਕਰ ਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ।
ਮਾਇਆਵਤੀ ਨੇ ਕਿਹਾ ਕਿ ਵੋਟਾਂ ਦੀ ਰਾਜਨੀਤੀ ਕਾਰਨ ਇਹ ਸਾਰਾ ਕੁੱਝ ਹੋਇਆ ਹੈ ਅਤੇ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਓਨੀ ਥੋੜੀ ਹੈ। ਉਨ੍ਹਾਂ ਕਿਹਾ ਕਿ ਵੋਟਾਂ ਦੀ ਰਾਜਨੀਤੀ ਕਾਰਨ ਹਰਿਆਣਾ ਸਰਕਾਰ ਨੇ ਅਪਣੇ-ਆਪ ਨੂੰ ਸਮਰਪਣ ਕਰ ਦਿਤਾ।
ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਪੰਚਕੂਲਾ ਵਿਖੇ ਲੋਕਾਂ ਦੀ ਭੀੜ ਇਕੱਠੀ ਹੋਣ ਤੋਂ ਰੋਕਣ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੀ, ਜਿਸ ਕਰ ਕੇ ਵੱਡੀ ਪੱਧਰ 'ਤੇ ਹਿੰਸਾ ਹੋਈ। ਉਨ੍ਹਾਂ ਕਿਹਾ ਕਿ ਖੱਟਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਣਾਈ ਰਖਦੀ ਪਰ ਇਸ ਕਾਰਜ ਵਿਚ ਉਹ ਬਹੁਤ ਬੁਰੀ ਤਰ੍ਹਾਂ ਫੇਲ ਹੋਈ ਹੈ ਜਿਸ ਕਾਰਨ ਬਹੁਤ ਵੱਡਾ ਨੁਕਸਾਨ ਹੋਇਆ ਹੈ।
ਰੈਡੀ ਨੇ ਵੀ ਇਸੇ ਤਰ੍ਹਾਂ ਦੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਖੱਟਰ ਸਰਕਾਰ ਨੂੰ ਸੱਤਾ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ, ਉਸ ਨੂੰ ਤੁਰਤ ਭੰਗ ਕਰ ਦੇਣਾ ਚਾਹੀਦਾ ਹੈ।