ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਗਰਭਵਤੀ ਔਰਤ ਨੂੰ ਪਤੀ ਨੇ ਬੋਲਿਆ 'ਤਲਾਕ ਤਲਾਕ ਤਲਾਕ', ਮਾਮਲਾ ਦਰਜ
ਇਕੱਠਿਆਂ ਤਿੰਨ ਵਾਰੀ ਤਲਾਕ ਬੋਲ ਕੇ ਪਤਨੀ ਨੂੰ ਛੱਡਣ ਵਾਲੀ ਪ੍ਰਥਾ ਨੂੰ ਸੁਪ੍ਰੀਮ ਕੋਰਟ ਵਲੋਂ ਗ਼ੈਰਸੰਵਿਧਾਨਕ ਦੱਸੇ ਜਾਣ ਤੋਂ ਅਗਲੇ ਹੀ ਦਿਨ ਮੇਰਠ ਦੇ ਸਰਧਨਾ..
ਮੇਰਠ/ਲਖਨਊ, 24 ਅਗੱਸਤ: ਇਕੱਠਿਆਂ ਤਿੰਨ ਵਾਰੀ ਤਲਾਕ ਬੋਲ ਕੇ ਪਤਨੀ ਨੂੰ ਛੱਡਣ ਵਾਲੀ ਪ੍ਰਥਾ ਨੂੰ ਸੁਪ੍ਰੀਮ ਕੋਰਟ ਵਲੋਂ ਗ਼ੈਰਸੰਵਿਧਾਨਕ ਦੱਸੇ ਜਾਣ ਤੋਂ ਅਗਲੇ ਹੀ ਦਿਨ ਮੇਰਠ ਦੇ ਸਰਧਨਾ 'ਚ ਇਕ ਵਿਅਕਤੀ ਨੇ ਅਪਣੀ ਗਰਭਵਤੀ ਪਤਨੀ ਨੂੰ ਕਥਿਤ ਤੌਰ ਤੇ 'ਤਲਾਕ ਤਲਾਕ ਤਲਾਕ' ਬੋਲ ਕੇ ਰਿਸ਼ਤਾ ਤੋੜ ਦਿਤਾ।
ਪ੍ਰਾਪਤ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਦਸਿਆ ਕਿ ਸਰਧਨਾ ਦੇ ਕਮਰਾ ਨਵਾਬਾਨ ਮੁਹੱਲਾ ਵਾਸੀ ਸਾਬਰੀਨ ਨੇ ਛੇ ਸਾਲ ਪਹਿਲਾਂ ਅਪਣੀ ਬੇਟੀ ਅਰਸ਼ਨਿਦਾ ਦਾ ਵਿਆਹ ਮੁਹੱਲੇ ਦੇ ਹੀ ਸਿਰਾਜ ਖ਼ਾਨ ਨਾਲ ਕੀਤਾ ਸੀ। ਨਿਕਾਹ ਮਗਰੋਂ ਹੀ ਅਰਸ਼ਾਨਿਦਾ ਦੇ ਸਹੁਰਾ ਘਰ ਵਾਲੇ ਉਸ ਨੂੰ ਕਥਿਤ ਤੌਰ ਤੇ ਦਾਜ ਲਈ ਪ੍ਰੇਸ਼ਾਨ ਕਰਦੇ ਰਹੇ ਅਤੇ ਉਸ ਨੂੰ ਘਰ ਤੋਂ ਕੱਢ ਦਿਤਾ।
ਮਾਮਲੇ ਨੂੰ ਲੈ ਕੇ ਮੰਗਲਵਾਰ ਨੂੰ ਦੋਹਾਂ ਪ੍ਰਵਾਰਾਂ ਵਿਚਕਾਰ ਗੱਲਬਾਤ ਹੋ ਰਹੀ ਸੀ। ਇਸ ਦੌਰਾਨ ਅਰਸ਼ਨਿਦਾ ਦੇ ਪਤੀ ਸਿਰਾਜ ਖ਼ਾਨ ਨੇ ਤਿੰਨ ਵਾਰੀ ਤਲਾਕ ਬੋਲ ਕੇ ਉਸ ਨਾਲ ਰਿਸ਼ਤਾ ਖ਼ਤਮ ਕਰ ਦਿਤਾ। ਜਦੋਂ ਲੋਕਾਂ ਨੇ ਉਸ ਨੂੰ ਅਦਾਲਤ ਦੇ ਫ਼ੈਸਲੇ ਦਾ ਹਵਾਲਾ ਦਿਤਾ ਤਾਂ ਉਸ ਨੇ ਇਸ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿਤਾ।
ਥਾਣਾ ਇੰਚਾਰਜ ਧਰਮਿੰਦਰ ਸਿੰਘ ਰਾਠੌਰ ਨੇ ਕਿਹਾ ਕਿ ਕਿਉਂਕਿ ਅਜੇ ਤਕ ਤਿੰਨ ਤਲਾਕ ਨੂੰ ਲੈ ਕੇ ਕਾਨੂੰਨ ਦੀ ਕੋਈ ਧਾਰਾ ਨਹੀਂ ਹੈ ਇਸ ਲਈ ਇਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨਾ ਹੀ ਮੰਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਘਟਨਾ ਉਤੇ ਪ੍ਰਤੀਕਿਰਿਆ ਦਿੰਦਿਆਂ ਆਲ ਇੰਡੀਆ ਮੁਸਲਿਮ ਵੂਮੈਨ ਪਰਸਨਨ ਲਾਅ ਬੋਰਡ ਨੇ ਸੁਪ੍ਰੀਮ ਕੋਰਟ ਵਲੋਂ ਰੋਕ ਦੇ ਬਾਵਜੂਦ ਇਕੱਠਿਆਂ ਤਿੰਨ ਵਾਰੀ ਤਲਾਕ ਬੋਲ ਕੇ ਪਤਨੀ ਨਾਲ ਰਿਸ਼ਤਾ ਖ਼ਤਮ ਕਰਨ ਦਾ ਇਕ ਤਾਜ਼ਾ ਮਾਮਲਾ ਸਾਹਮਣੇ ਆਉਣ ਉਤੇ ਚਿੰਤਾ ਜ਼ਾਹਰ ਕਰਦਿਆਂ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੀ ਸਜ਼ਾ ਵੀ ਤੈਅ ਕਰੇ। ਬੋਰਡ ਨੇ ਕਿਹਾ ਹੈ ਕਿ ਉਹ ਅਪਣੀ ਇਸ ਮੰਗ ਲਈ ਅਦਾਲਤ ਜਾਵੇਗਾ। (ਪੀਟੀਆਈ)