ਸੌਦਾ ਸਾਧ ਨੂੰ ਸਜ਼ਾ ਅੱਜ, ਲਾਮਿਸਾਲ ਸੁਰੱਖਿਆ ਪ੍ਰਬੰਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਲਾਤਕਾਰ ਮਾਮਲੇ 'ਚ ਦੋਸ਼ੀ ਕਰਾਰ ਦਿਤੇ ਗਏ ਸੌਦਾ ਸਾਧ ਨੂੰ 28 ਅਗੱਸਤ ਯਾਨੀ ਸੋਮਵਾਰ ਨੂੰ ਸਜ਼ਾ ਸੁਣਾਈ ਜਾਵੇਗੀ।

Arrangements

ਚੰਡੀਗੜ੍ਹ, 27 ਅਗੱਸਤ : ਬਲਾਤਕਾਰ ਮਾਮਲੇ 'ਚ ਦੋਸ਼ੀ ਕਰਾਰ ਦਿਤੇ ਗਏ ਸੌਦਾ ਸਾਧ ਨੂੰ 28 ਅਗੱਸਤ ਯਾਨੀ ਸੋਮਵਾਰ ਨੂੰ ਸਜ਼ਾ ਸੁਣਾਈ ਜਾਵੇਗੀ। ਸੌਦਾ ਸਾਧ ਇਸ ਵੇਲੇ ਰੋਹਤਕ ਦੀ ਜੇਲ ਵਿਚ ਹੈ। ਸੀਬੀਆਈ ਦੇ ਵਿਸ਼ੇਸ਼ ਜੱਜ ਨੂੰ ਹੈਲੀਕਾਪਟਰ ਰਾਹੀਂ ਰੋਹਤਕ ਜੇਲ ਵਿਚ ਲਿਜਾਇਆ ਜਾਵੇਗਾ ਜਿਥੇ ਵਿਸ਼ੇਸ਼ ਅਦਾਲਤ ਲਾ ਕੇ ਸੌਦਾ ਸਾਧ ਨੂੰ ਸਜ਼ਾ ਸੁਣਾਈ ਜਾਵੇਗੀ।
ਰੋਹਤਕ ਜ਼ਿਲ੍ਹਾ ਜੇਲ ਦੇ ਚਾਰੇ ਪਾਸੇ ਬਹੁਪਰਤੀ ਸੁਰੱਖਿਆ ਘੇਰਾ ਬਣਾਇਆ ਗਿਆ ਹੈ। ਸਜ਼ਾ ਦੇ ਐਲਾਨ ਤੋਂ ਪਹਿਲਾਂ ਪੁਲਿਸ ਸੁਰੱਖਿਆ ਪੱਖੋਂ ਕੋਈ ਕਸਰ ਨਹੀਂ ਛੱਡ ਰਹੀ। ਡੇਰੇ ਦੇ ਅਹਿਮ ਪ੍ਰਬੰਧਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਸੁਨਾਰੀਆ ਜੇਲ ਰੋਹਤਕ ਸ਼ਹਿਰ ਦੇ ਬਾਹਰ ਪੈਂਦੀ ਹੈ ਅਤੇ ਜੇਲ ਵਲ ਜਾਣ ਵਾਲੇ ਸਾਰੇ ਰਸਤਿਆਂ 'ਤੇ ਬੈਰੀਕੇਡ ਲਾ ਦਿਤੇ ਗਏ ਹਨ।
ਪੁਲਿਸ ਅਤੇ ਨੀਮ ਫ਼ੌਜ ਬਲਾਂ ਦੇ ਜਵਾਨ ਸਖ਼ਤ ਨਿਗਰਾਨੀ ਰੱਖ ਰਹੇ ਹਨ ਅਤੇ ਪੂਰੇ ਰੋਹਤਕ ਵਿਚ ਕਈ ਨਾਕੇ ਬਣਾਏ ਗਏ ਹਨ। ਰੋਹਤਕ ਰੇਂਜ ਦੇ ਡੀਆਈਜੀ ਨਵਦੀਪ ਵਿਰਕ ਨੇ ਦਸਿਆ, 'ਡੇਰਾ ਕੇਂਦਰਾਂ 'ਤੇ ਕਾਰਵਾਈ ਕੀਤੀ ਗਈ ਹੈ ਅਤੇ ਸੂਬੇ ਦੇ ਸਾਰੇ ਅਹਿਮ ਡੇਰਾ ਪ੍ਰਬੰਧਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲਾਤ ਪੂਰੀ ਤਰ੍ਹਾਂ ਕੰਟਰੋਲ ਹੇਠ ਹਨ ਅਤੇ ਪੁਲਿਸ ਕਿਸੇ ਵੀ ਹਾਲਾਤ ਨਾਲ ਸਿੱਝਣ ਲਈ ਤਿਆਰ ਹੈ। ਰੋਹਤਕ ਆਉਣ ਵਾਲੇ ਹਰ ਸ਼ਖ਼ਸ ਦੀ ਤਲਾਸ਼ੀ ਲਈ ਜਾ ਰਹੀ ਹੈ।
ਰੋਹਤਕ ਵਿਚ ਪਹਿਲਾਂ ਹੀ ਧਾਰਾ 144 ਲਾਗੂ ਹੈ। ਕਾਨੂੰਨ ਦੇ ਮਾਹਰ ਦੱਸ ਰਹੇ ਹਨ ਕਿ ਕੇਸ ਮੁਤਾਬਕ ਸੌਦਾ ਸਾਧ ਨੂੰ ਉਮਰ ਕੈਦ ਹੋ ਸਕਦੀ ਹੈ ਹਾਲਾਂਕਿ ਬਲਾਤਕਾਰ ਮਾਮਲੇ ਵਿਚ 5-7 ਸਾਲ ਦੀ ਸਜ਼ਾ ਹੁੰਦੀ ਹੈ ਪਰ ਜਿਸ ਤਰ੍ਹਾਂ ਹਿੰਸਾ ਵਿਚ ਮੌਤਾਂ ਹੋਈਆਂ ਹਨ, ਉਹ ਪਹਿਲੂ ਵੀ ਸ਼ਾਇਦ ਵੇਖਿਆ ਜਾਏ। ਇਸੇ ਦੌਰਾਨ ਡੇਰੇ ਅੰਦਰ ਇਕੱਠੇ ਹੋਏ ਸ਼ਰਧਾਲੂ ਬਾਹਰ ਨਿਕਲਣ ਲੱਗ ਪਏ ਹਨ। ਅੱਜ ਸਰਕਾਰੀ ਬਸਾਂ ਡੇਰੇ ਲਾਗੇ ਲਿਆਂਦੀਆਂ ਗਈਆਂ ਤੇ ਹਜ਼ਾਰਾਂ ਸ਼ਰਧਾਲੂਆਂ ਨੂੰ ਬਾਹਰ ਕੱਢ ਕੇ ਟਿਕਾਣਿਆਂ 'ਤੇ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ ਗਿਆ।
ਸਿਰਸਾ ਤੇ ਰੋਹਤਕ ਵਿਚ ਹਾਲੇ ਵੀ ਕਰਫ਼ੀਊ ਲੱਗਾ ਹੋਇਆ ਹੈ। ਦੌਰਾਨ ਅੱਜ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ 38 ਹੋ ਗਈ। ਸੌਦ ਸਾਧ ਦੇ ਡੇਰਿਆਂ ਦੇ ਖਾਤੇ ਸੀਲ ਕਰ ਦਿਤੇ ਗਏ ਹਨ ਤੇ ਇੰਟਰਨੈਟ ਕੁਨੈਕਸ਼ਨ ਵੀ ਕੱਟ ਦਿਤੇ ਗਏ ਹਨ। (ਏਜੰਸੀ)