'ਮੋਦੀ ਮੁਲਕ ਦੇ ਪ੍ਰਧਾਨ ਮੰਤਰੀ ਹਨ ਨਾਕਿ ਭਾਜਪਾ ਦੇ'
ਸੌਦਾ ਸਾਧ ਨੂੰ ਦੋਸ਼ੀ ਐਲਾਨੇ ਜਾਣ 'ਤੇ ਹੋਈ ਹਿੰਸਾ ਦੇ ਮਾਮਲੇ ਉਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਦੀ ਰੱਜਵੀਂ ਖਿਚਾਈ ਕੀਤੀ।
ਚੰਡੀਗੜ, 26 ਅਗੱਸਤ (ਨੀਲ ਭਲਿੰਦਰ ਸਿੰਘ) : ਸੌਦਾ ਸਾਧ ਨੂੰ ਦੋਸ਼ੀ ਐਲਾਨੇ ਜਾਣ 'ਤੇ ਹੋਈ ਹਿੰਸਾ ਦੇ ਮਾਮਲੇ ਉਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਦੀ ਰੱਜਵੀਂ ਖਿਚਾਈ ਕੀਤੀ। ਹਾਈਕੋਰਟ ਨੇ ਪ੍ਰਧਾਨ ਮੰਤਰੀ ਬਾਰੇ ਕਿਹਾ ਕਿ ਉਹ ਮੁਲਕ ਦੇ ਪ੍ਰਧਾਨ ਮੰਤਰੀ ਹਨ, ਨਾ ਕਿ ਬੀਜੇਪੀ ਦੇ। ਕੋਰਟ ਨੇ ਇਹ ਤਲਖ਼ ਟਿੱਪਣੀ ਉਦੋਂ ਕੀਤੀ ਜਦੋਂ ਕੇਂਦਰ ਸਰਕਾਰ ਦੇ ਵਕੀਲ ਨੇ ਇਹ ਕਿਹਾ ਕਿ ਕੱਲ ਦੀ ਹਿੰਸਾ ਰਾਜ ਦਾ ਵਿਸ਼ਾ ਹੈ। ਇਸ ਉੱਤੇ ਕੋਰਟ ਨੇ ਕਿਹਾ ਕਿ ਕੀ ਹਰਿਆਣਾ, ਭਾਰਤ ਦਾ ਹਿੱਸਾ ਨਹੀਂ ਹੈ? ਪੰਜਾਬ ਅਤੇ ਹਰਿਆਣਾ ਨਾਲ ਮਤਰਏ ਬੱਚੇ ਦੀ ਤਰ੍ਹਾਂ ਵਰਤਾਉ ਕਿਉਂ ਕੀਤਾ ਜਾ ਰਿਹਾ ਹੈ?
ਅੱਜ ਇਹ ਟਿਪਣੀਆਂ ਕਾਰਜਕਾਰੀ ਚੀਫ਼ ਜਸਟਿਸ ਐਸ.ਐਸ. ਸਾਰੋਂ, ਜਸਟਿਸ ਅਵਿਨਾਸ਼ ਝਿੰਗਣ ਅਤੇ ਜਸਟਿਸ ਸੂਰਿਆ ਕਾਂਤ ਉਤੇ ਅਧਾਰਤ ਹਾਈਕੋਰਟ ਦੇ ਫ਼ੁਲ ਬੈਂਚ ਦੀ ਸੁਣਵਾਈ ਮੌਕੇ ਕੀਤੀਆਂ ਗਈਆਂ। ਇਸ ਦੌਰਾਨ ਹਰਿਆਣਾ ਪੁਲਿਸ ਨੇ ਹਾਈ ਕੋਰਟ ਨੂੰ ਹੁਣ ਤਕ ਦੀ ਸਥਿਤੀ ਰੀਪੋਰਟ ਸੌਂਪੀ । ਹਾਈਕੋਰਟ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਸਰਕਾਰ ਨੇ ਹਥਿਆਰ ਸੁੱਟ ਦਿਤੇ ਸਨ। ਕੋਰਟ ਨੇ ਹਰਿਆਣਾ ਸਰਕਾਰ ਦੀ ਵੀ ਝਾੜਝੰਬ ਕਰਦਿਆਂ ਕਿਹਾ ਕਿ ਰਾਜਸੀ ਫ਼ਾਇਦੇ ਲਈ ਸ਼ਹਿਰ ਸੜਨ ਦਿਤਾ। ਹਾਈਕੋਰਟ ਨੇ ਕਿਹਾ ਕਿ ਸਾਧ ਦੇ ਕਾਫ਼ਲੇ ਦੀਆਂ ਗੱਡੀਆਂ ਦੀ ਗਿਣਤੀ ਬਾਰੇ ਏ.ਜੀ. ਨੂੰ ਗ਼ਲਤ ਸੂਚਨਾ ਦੇਣ ਵਾਲੇ ਅਫ਼ਸਰਾਂ ਦੇ ਨਾਮ ਦੱਸੇ ਜਾਣ। ਹਾਈਕੋਰਟ ਨੇ ਪੁੱਛਿਆ ਕਿ ਸੌਦਾ ਸਾਧ ਦੇ ਕਾਫ਼ਲੇ ਵਿਚ ਪੰਜ ਤੋਂ ਗੱਡੀਆਂ ਕਿਉਂ ਆਈਆਂ? ਫ਼ੁੱਲ ਬੈਂਚ ਨੇ ਕਿਹਾ ਕਿ ਹੁਣ ਤਕ ਹੋਏ ਨੁਕਸਾਨ ਸਣੇ ਵਾਧੂ ਪੁਲਿਸ ਫ਼ੋਰਸ ਦੇ ਖ਼ਰਚੇ ਅਤੇ ਮੁਲਕ ਦੇ ਨੁਕਸਾਨ ਦੀ ਭਰਪਾਈ ਉਹੀ ਕਰੇਗਾ ਜਿਸ ਨੇ ਨੁਕਸਾਨ ਕੀਤਾ ਹੈ। ਹਾਈਕੋਰਟ ਨੇ ਸੌਦਾ ਸਾਧ ਦੇ ਡੇਰੇ ਤੋਂ ਉਨ੍ਹਾਂ ਦੀ ਜਾਇਦਾਦ ਦੀ ਸੂਚੀ ਮੰਗੀ ਅਤੇ ਕਿਹਾ ਕਿ ਅਗਲੇ ਆਦੇਸ਼ ਤਕ ਇਸ ਨੂੰ ਕਿਤੇ ਵੀ ਵੇਖਿਆ ਨਹੀਂ ਜਾਵੇਗਾ। ਇਸ ਮਾਮਲੇ ਦੀ ਅਗਲੀ ਸੁਣਵਾਈ 29 ਅਗੱਸਤ ਨੂੰ ਫਿਰ ਹੋਵੇਗੀ ।
ਇਸੇ ਦੌਰਾਨ ਹਰਿਆਣਾ ਦੇ ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਨੇ ਬੈਂਚ ਨੂੰ ਦਸਿਆ ਕਿ ਰਾਜ ਵਿਚ ਕੁੱਲ 32 ਮੌਤਾਂ ਹੋਈਆਂ ਹਨ ਜਿਨ੍ਹਾਂ 'ਚੋਂ 28 ਇਕੱਲੇ ਪੰਚਕੂਲਾ ਸ਼ਹਿਰ 'ਚ ਹੋਈਆਂ। ਉਨ੍ਹਾਂ ਇਹ ਵੀ ਕਿਹਾ ਮ੍ਰਿਤਕਾਂ ਚੋਂ ਬਹੁਤਿਆਂ ਦੀ ਪਛਾਣ ਹਾਲ ਦੀ ਘੜੀ ਨਹੀਂ ਹੋ ਸਕੀ। ਪੰਚਕੂਲਾ 'ਚ 524 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ, 24 ਵਾਹਨ ਕਾਬੂ ਕੀਤੇ ਗਏ, ਪੰਜ ਪਿਸਟਲ ਸਣੇ 79 ਕਾਰਤੂਸ ਅਤੇ ਦੋ ਰਾਈਫ਼ਲਾਂ ਸਣੇ 52 ਰੌਂਦ ਬਰਬਾਦ ਕੀਤੀਆਂ ਗਈਆਂ ਹਨ।
ਬੈਂਚ ਨੂੰ ਇਹ ਵੀ ਦਸਿਆ ਕਿ ਵੱਡੀ ਗਿਣਤੀ 'ਚ ਲੋਹੇ ਦੀਆਂ ਰਾਡਾਂ, ਡੰਡੇ, ਹਾਕੀ ਸਟਿਕ ਅਤੇ ਦਸ ਪਟਰੌਲ ਬੰਬ ਬਰਾਮਦ ਹੋਏ ਹਨ। ਇਸ ਸਬੰਧੀ ਪੰਚਕੂਲਾ 'ਚ ਅੱਠ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ।
ਉਧਰ ਪੰਜਾਬ ਦੇ ਐਡਵੋਕੇਟ ਜਨਰਲ ਅਤੁੱਲ ਨੰਦਾ ਨੇ ਸੂਬੇ ਅੰਦਰ ਅਮਨ-ਕਨੂੰਨ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਬੈਂਚ ਨੂੰ ਦਸਿਆ ਕਿ ਸਾਧ ਨੂੰ ਦੋਸ਼ੀ ਐਲਾਨੇ ਜਾਣ ਮਗਰੋਂ ਪੰਜਾਬ ਵਿਚ ਹਿੰਸਾ ਦੀਆਂ 51 ਘਟਨਾਵਾਂ ਵਾਪਰੀਆਂ ਅਤੇ 39 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 19 ਗ੍ਰਿਫ਼ਤਾਰੀਆਂ ਵੀ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਸੌਦਾ ਡੇਰੇ ਦਾ ਇਕ ਰਾਜ ਪੱਧਰੀ ਅਹੁਦਾਧਾਰੀ ਗੁਰਦੇਵ ਸਿੰਘ ਵੀ ਸ਼ਾਮਲ ਹੈ। ਬੈਂਚ ਨੂੰ ਇਹ ਵੀ ਦਸਿਆ ਗਿਆ ਕਿ ਇਸ ਹਿੰਸਾ ਦੌਰਾਨ ਪੰਜਾਬ ਵਿਚ ਕੋਈ ਮੌਤ ਨਹੀਂ ਹੋਈ ਪਰ ਜਨਤਕ ਅਤੇ ਨਿਜੀ ਜਾਇਦਾਦਾਂ ਦਾ ਨੁਕਸਾਨ ਜ਼ਰੂਰ ਹੋਇਆ ਹੈ, ਜਿਸਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
(ਬਾਕਸ)
ਮੁੱਖ ਨਿਰਦੇਸ਼
ਇਕ ਅਖਬਾਰ ਵਲੋਂ ਪ੍ਰਮੁੱਖਤਾ ਨਾਲ ਅੱਜ ਇਕ ਖ਼ਬਰ ਅਤੇ ਕੁੱਝ ਡੇਰਾ ਆਗੂਆਂ ਦੀ ਤਸਵੀਰ ਪ੍ਰਕਾਸ਼ਤ ਕਰ ਦਾਅਵਾ ਕੀਤਾ ਗਿਆ ਹੈ ਕਿ ਇਹ ਬੰਦੇ ਸ਼ੁੱਕਰਵਾਰ ਪੰਚਕੂਲਾ ਵਿਖੇ ਸੌਦਾ ਸਾਧ ਨੂੰ ਦੋਸ਼ੀ ਕਰਾਰ ਦਿਤੇ ਜਾਣ ਮਗਰੋਂ ਹੋਈ ਹਿੰਸਾ ਨੂੰ ਭੜਕਾਉਣ ਲਈ ਜ਼ਿੰਮੇਵਾਰ ਹਨ। ਬੈਂਚ ਨੇ ਇਸ ਖ਼ਬਰ ਦਾ ਨੋਟਿਸ ਲੈਂਦਿਆਂ ਕਿਹਾ ਕਿ ਪੁਲਿਸ ਇਸ ਖ਼ਬਰ ਦੀ ਪ੍ਰਮਾਣਿਕਤਾ ਘੋਖੇ। ਜੇਕਰ ਸਬੰਧਤ ਪੱਤਰਕਾਰ ਅਪਣੀ ਖ਼ਬਰ ਉਤੇ ਖੜਦਾ ਹੈ ਤਾਂ ਸਬੰਧਤ ਡੇਰਾ ਆਗੂਆਂ ਵਿਰੁਧ ਹਿੰਸਾ ਭੜਕਾਉਣ ਵਜੋਂ ਐਫਆਈਆਰ ਦਰਜ ਕੀਤੀ ਜਾਵੇ।
ਪੰਜਾਬ ਅਤੇ ਹਰਿਆਣਾ ਦੇ ਡਿਪਟੀ ਕਮਿਸ਼ਨਰ ਡੇਰੇ ਦੇ ਅਸਾਸਿਆਂ ਅਤੇ ਜਾਇਦਾਦਾਂ ਦੀਆਂ ਸੂਚੀਆਂ ਸਣੇ ਆਮਦਨ ਅਤੇ ਬੈਂਕ ਖਾਤੇ ਮੁਹਈਆ ਕਰਵਾਉਣਗੇ ਤਾਂ ਜੋ ਅਟੈਚਮੈਂਟ ਦੇ ਹੁਕਮਾਂ ਤਕ ਇਨ੍ਹਾਂ ਨੂੰ ਅੱਗੇ ਵੇਚਣ, ਤਬਦੀਲ ਕਰਨ ਆਦਿ ਉਤੇ ਰੋਕ ਲਗਾਈ ਜਾ ਸਕੇ।
ਦੋਵੇਂ ਰਾਜਾਂ ਦੇ ਡਿਪਟੀ ਕਮਿਸ਼ਨਰ ਜਨਤਕ ਨੋਟਿਸ ਜਾਰੀ ਕਰ ਨੁਕਸਾਨੀਆਂ ਗਈਆਂ ਜਨਤਕ ਅਤੇ ਨਿਜੀ ਜਾਇਦਾਦਾਂ ਦੇ ਦਾਅਵਿਆਂ ਬਾਰੇ ਅਰਜ਼ੀਆਂ ਮੰਗਣਗੇ। ਦੋਵੇਂ ਰਾਜਾਂ ਦੇ ਐਡਵੋਕੇਟ ਜਨਰਲ ਸੰਭਾਵੀ ਹਿੰਸਾ, ਦੰਗਿਆਂ ਆਦਿ ਦੀ ਰੋਕਥਾਮ ਲਈ ਭਵਿੱਖੀ ਯੋਜਨਾ ਸੀਲਬੰਦ ਰੂਪ 'ਚ ਬੈਂਚ ਨੂੰ ਦੇਣਗੇ।
ਬਾਰ ਮੈਂਬਰ ਮੌਜੂਦਾ ਹਾਲਾਤ ਬਾਰੇ ਅਪਣੇ ਲਿਖਤੀ ਸੁਝਾਅ ਪੇਸ਼ ਕਰ ਸਕਦੇ ਹਨ।
ਦਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡਾ ਫ਼ੈਸਲਾ ਦਿੰਦਿਆਂ ਸੌਦਾ ਦੀ ਜਾਇਦਾਦ ਵੇਚ ਕੇ ਨੁਕਸਾਨ ਦੀ ਭਰਪਾਈ ਦਾ ਆਦੇਸ਼ ਦਿਤਾ ਸੀ। ਬੈਂਚ ਨੇ ਦੋਵਾਂ ਰਾਜਾਂ ਨੂੰ ਆਦੇਸ਼ ਦਿਤੇ ਹਨ ਕਿ ਛੇਤੀ ਤੋਂ ਛੇਤੀ ਡੇਰੇ ਦੀ ਪੂਰੀ ਜਾਇਦਾਦ ਨੂੰ ਜਬਤ ਕੀਤਾ ਜਾਵੇ, ਜਿਸ ਨਾਲ ਸਾਰੇ ਨੁਕਸਾਨ ਦੀ ਭਰਪਾਈ ਹੋ ਸਕੇ। ਵੀਰਵਾਰ ਨੂੰ ਹਾਈਕੋਰਟ ਨੇ ਹਰਿਆਣਾ ਸਰਕਾਰ ਦੀ ਝਾੜਝੰਬ ਕਰਦੇ ਹੋਏ ਪੁਛਿਆ ਸੀ ਕਿ ਜਦੋਂ ਧਾਰਾ 144 ਲਗੀ ਹੋਈ ਸੀ ਤਾਂ ਸਾਧ ਦੇ ਸਮਰਥਕ ਉਥੇ ਕਿਵੇਂ ਪਹੁੰਚ ਗਏ?