ਮਾਝੇ 'ਚ ਡੇਰਾ ਸਿਰਸਾ ਦਾ ਕੋਈ ਪ੍ਰਭਾਵ ਨਾ ਹੋਣ ਕਰਕੇ ਅਮਨ ਸ਼ਾਂਤੀ ਰਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਝੇ 'ਚ ਡੇਰਾ ਸਿਰਸਾ ਦਾ ਕੋਈ ਪ੍ਰਭਾਵ ਨਾ ਹੋਣ ਕਰਕੇ ਅੰਮਿ੍ਤਸਰ ਤੇ ਆਸ ਦੇ ਖੇਤਰਾਂ 'ਚ ਅਮਨ ਸ਼ਾਂਤੀ ਰਹੀ |

Golden Temple

 


ਅੰਮਿ੍ਤਸਰ, 25 ਅਗਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਮਾਝੇ 'ਚ ਡੇਰਾ ਸਿਰਸਾ ਦਾ ਕੋਈ ਪ੍ਰਭਾਵ ਨਾ ਹੋਣ ਕਰਕੇ ਅੰਮਿ੍ਤਸਰ ਤੇ ਆਸ ਦੇ ਖੇਤਰਾਂ 'ਚ ਅਮਨ ਸ਼ਾਂਤੀ ਰਹੀ | ਡੇਰਾ ਸਿਰਸਾ ਦੇ ਸੌਦਾ ਸਾਧ ਦੀ ਪੇਸ਼ੀ ਇੱਥੋਂ ਦੇ ਸਿਆਸੀ, ਸਮਾਜਿਕ ਤੇ ਧਾਰਮਿਕ ਹਲਕਿਆਂ 'ਚ ਖੂਬ ਚਰਚਾ ਵਿਚ ਰਹੀ |
ਅੱਜ ਵਿੱਦਿਅਕ ਤੇ ਸਰਕਾਰੀ ਅਦਾਰਿਆਂ 'ਚ ਛੁੱਟੀ ਕਰਨ ਕਰ ਕੇ ਡੇਰਾ ਸਿਰਸਾ ਸਾਧ ਦਾ ਮੱਸਲਾ ਦੰਦ ਕਥਾ 'ਚ ਆ ਗਿਆ ਤੇ ਹਰ ਵਿਅਕਤੀ ਨੇ ਇਹ ਜਾਣਨ ਦੀ ਕੋਸ਼ਿਸ ਕੀਤੀ ਕਿ ਉਹ ਕੌਣ ਹੈ ਤੇ ਉਸ ਵਿਰੁਧ ਕਿਹੜੇ-ਕਿਹੜੇ ਦੋਸ਼ ਹਨ? ਅੱਜ ਇੱਥੇ ਵੱਖ ਵੱਖ ਦਲਾਂ ਦੇ ਸਿਆਸੀ, ਸਮਾਜਿਕ ਤੇ ਪੰਥਕ ਆਗੂਆਂ ਬਲਦੇਵ ਸਿੰਘ ਸਿਰਸਾ, ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ, ਬਾਬਾ ਗੁਰਨਾਮ ਸਿੰਘ ਬੰਡਾਲਾ ਨੇ ਸੌਦਾ ਸਾਧ ਨੰੂ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਬਾਅਦ ਪੰਜਾਬ-ਹਰਿਆਣਾ 'ਚ ਵਾਪਰੀਆਂ ਹਿੰਸਕ ਘਟਨਾਵਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਤੇ ਹਰਿਆਣਾ ਸਰਕਾਰਾਂ ਨੇ ਧਾਰਾ 144 ਲਾ ਦਿੱਤੀ ਪਰ ਉਸ ਨੰੂ ਅਮਲੀ ਜਾਮਾ ਪਹਿਨਾਉਣ 'ਚ ਉਹ ਬੁਰੀ ਤਰ੍ਹਾਂ ਨਾਕਾਮ ਰਹੀਆਂ, ਜਿਸ ਦਾ ਇਕੋ ਇਕ ਕਾਰਨ ਵੋਟਾਂ ਦੀ ਰਾਜਨੀਤੀ ਹੈ |


ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ 'ਚ ਇਸ ਵੇਲੇ 8000 ਦੇ ਕਰੀਬ ਡੇਰੇ ਹਨ ਤੇ ਡੇਰਾਵਾਦ ਪ੍ਰਣਾਲੀ ਵਧਾਉਣ ਲਈ ਸਿਆਸਤਦਾਨ ਜੁੰਮੇਵਾਰ ਹਨ | ਹਿੰਸਕ ਕਾਰਵਾਈਆਂ ਵਾਪਰਨ ਤੇ ਲੋਕਾਂ ਵਿਚ ਇਹ ਚਰਚਾ ਵੀ ਰਹੀ ਕਿ ਚੋਣਾਂ ਲੜਨ ਵਾਲੇ ਸਿਆਸੀ ਆਗੂਆਂ ਦਾ ਜਨਤਾ 'ਚ ਮਜ਼ਬੂਤ ਅਧਾਰ ਨਾ ਹੋਣ ਕਰਕੇ ਉਨ੍ਹਾਂ ਦੀ ਨਿਰਭਰਤਾ ਪੈਸੇ, ਬਾਹੂਬਲੀਆਂ ਦੇ ਇਰਦ ਗਿਰਦ ਘੁੰਮਦੀ ਹੈ | ਹਰ ਡੇਰੇ ਨਾਲ ਸੰਗਤਾਂ ਜੁੜੀਆਂ ਹਨ ਤੇ ਸਿਆਸੀ ਆਗੂ ਬਾਬਿਆਂ ਨੰੂ ਪਹੁੰਚ ਕਰਕੇ ਉਨ੍ਹਾਂ ਨੰੂ ਮੱਥਾ ਟੇਕਦੇ ਤੇ ਅਸ਼ੀਰਵਾਦ ਲੈ ਕੇ ਵੋਟਾਂ ਬਟੌਰਦੇ ਹਨ ਜਿਸ ਕਾਰਨ ਅੰਧ ਵਿਸ਼ਵਾਸ਼ੀ ਤੇ ਅਨਪੜ ਬਾਬਿਆਂ ਦੀ ਭਰਮਾਰ ਹੈ | ਨਿਆਂ ਪਾਲਿਕਾਂ ਵੱਲੋਂ 15 ਸਾਲ ਬਾਅਦ ਸੌਦਾ ਸਾਧ ਨੰੂ ਦੋਸ਼ੀ ਐਲਾਨਣ ਦੀ ਵੀ ਚਰਚਾ ਰਹੀ ਕਿ ਅਜਿਹੇ ਕੇਸਾਂ ਦੇ ਨਿਪਟਾਰੇ ਪਹਿਲ ਦੇ ਅਧਾਰਤ ਹੋਣੇ ਚਾਹੀਦੇ ਹਨ | ਇਹ ਵੀ ਜਿਕਰਯੋਗ ਹੈ ਕਿ ਸੌਦਾ ਸਾਧ ਵੱਲੋਂ ਇਕ ਮਹਿਲਾ ਨਾਲ ਜਿਸਮਾਨੀ ਛੇੜਛਾੜ ਕਰਨ ਤੇ ਪੀੜਤ ਔਰਤ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨੰੂ ਖਤ ਲਿਖਿਆ ਸੀ | ਵਾਜਪਾਈ ਸਾਹਿਬ ਨੇ ਪੱਤਰ ਸੁਪਰੀਮ ਕੋਰਟ ਤੇ ਪੰਜਾਬ ਹਰਿਆਣਾ ਹਾਈਕੋਰਟ ਨੰੂ ਇਨਸਾਫ ਲਈ ਭੇਜਿਆ | ਇਸ ਦੀ ਜਾਂਚ ਪੜਤਾਲ ਕਰਵਾਉਣ ਬਾਅਦ ਇਹ ਗੰਭੀਰ ਮੱਸਲਾ ਸੀ ਬੀ ਆਈ ਅਦਾਲਤ ਕੋਲ ਪੁੱਜਾ | ਸੀ ਬੀ ਆਈ ਅਦਾਲਤ ਨੇ ਅੱਜ ਫੈਸਲਾ ਸੁਣਾਉਣ ਸਬੰਧੀ ਦੋਹਾਂ ਸੂਬਿਆਂ ਦੀਆਂ ਸਰਕਾਰਾਂ ਨੰੂ ਸੁਚੇਤ ਕੀਤਾ ਸੀ ਕਿ ਉਹ ਅਮਨ ਕਾਨੰੂਨ ਬਰਕਰਾਰ ਰੱਖਣ ਲਈ ਸੁਰੱਖਿਆ ਦੇ ਖੁਪਤਾ ਪ੍ਰਬੰਧ ਕਰਨ | ਉਕਤ ਦੋਹਾਂ ਭਰੋਸਾ ਦਿੱਤਾ ਸੀ ਕਿ ਲਾਅ ਐਾਡ ਆਰਡਰ ਕਾਇਮ ਰੱਖਿਆ ਜਾਵੇਗਾ | ਪਰ ਜੋ ਗੁੰਡਾਗਰਦੀ ਸੌਦਾ ਸਾਧ ਦੇ ਗੁੰਡਿਆਂ ਕੀਤੀ ਉਹ ਸਭ ਦੇ ਸਾਹਮਣੇ ਹੈ | ਅੱਜ ਇੱਥੇ ਸਭ ਤੋਂ ਜਿਆਦਾ ਚਰਚਾ ਧਾਰਾ 144 ਦੀ ਰਹੀ ਕਿ ਇਕ ਸਾਜਿਸ਼ ਹੇਠ ਪੰਚਕੁਲਾ ਕਾਂਡ ਵਾਪਰਿਆ ਹੈ ਤੇ ਪੰਜਾਬ, ਹਰਿਆਣਾ 'ਚ ਹਿੰਸਕ ਕਾਰਵਾਈਆ ਰੋਕਣ ਲਈ ਕੀਤੇ ਗਏ ਪੁਲਿਸ ਪ੍ਰਬੰਧ ਅਸਫਲ ਸਿੱਧ ਹੋਏ ਹਨ |