ਨੀਤੀ ਕਮਿਸ਼ਨ ਵਲੋਂ ਵੀ 2024 ਤੋਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਉਣ ਦੀ ਸਿਫ਼ਾਰਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੀਤੀ ਕਮਿਸ਼ਨ ਨੇ ਸਾਲ 2024 ਤੋਂ 'ਦੇਸ਼ ਹਿਤ' 'ਚ ਲੋਕ ਸਭਾ ਅਤੇ ਵਿਧਾਨ ਸਭਾਵਾਂ ਲਈ ਇਕੱਠਿਆਂ ਦੋ ਗੇੜਾਂ 'ਚ ਚੋਣਾਂ ਕਰਵਾਉਣ ਦੀ ਹਮਾਇਤ ਕੀਤੀ ਹੈ।

Parliament of India

ਨਵੀਂ ਦਿੱਲੀ, 27 ਅਗੱਸਤ: ਨੀਤੀ ਕਮਿਸ਼ਨ ਨੇ ਸਾਲ 2024 ਤੋਂ 'ਦੇਸ਼ ਹਿਤ' 'ਚ ਲੋਕ ਸਭਾ ਅਤੇ ਵਿਧਾਨ ਸਭਾਵਾਂ ਲਈ ਇਕੱਠਿਆਂ ਦੋ ਗੇੜਾਂ 'ਚ ਚੋਣਾਂ ਕਰਵਾਉਣ ਦੀ ਹਮਾਇਤ ਕੀਤੀ ਹੈ।
ਸਰਕਾਰੀ ਮਾਹਰ ਸਮੂਹ ਨੇ ਪਿੱਛੇ ਜਿਹੇ ਜਾਰੀ ਇਕ ਬਿਆਨ 'ਚ ਕਿਹਾ ਕਿ ਭਾਰਤ 'ਚ ਸਾਰੀਆਂ ਚੋਣਾਂ ਆਜ਼ਾਦ, ਨਿਰਪੱਖ ਅਤੇ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ ਤਾਕਿ 'ਚੋਣ ਪ੍ਰਚਾਰ ਕਰ ਕੇ ਸ਼ਾਸਨ 'ਚ ਘੱਟ ਤੋਂ ਘੱਟ ਵਿਘਨ ਪਵੇ।'
ਸਮੂਹ ਨੇ ਕਿਹਾ ਹੈ ਕਿ ਅਜਿਹਾ ਕਦਮ ਚੁੱਕਣ ਨਾਲ ਵੱਧ ਤੋਂ ਵੱਧ ਇਕ ਵਾਰ ਕੁੱਝ ਵਿਧਾਨ ਸਭਾਵਾਂ ਦਾ ਕਾਰਜਕਾਲ ਘਟੇਗਾ ਜਾਂ ਵਧੇਗਾ। ਰੀਪੋਰਟ 'ਚ ਕਿਹਾ ਗਿਆ ਹੈ ਕਿ ਦੇਸ਼ ਦੇ ਹਿਤ 'ਚ ਇਸ ਨੂੰ ਲਾਗੂ ਕਰਨ ਲਈ ਸੰਵਿਧਾਨਕ ਮਾਹਰਾਂ, ਥਿੰਕ ਟੈਂਕ, ਸਰਕਾਰੀ ਅਧਿਕਾਰੀਆਂ ਅਤੇ ਵੱਖੋ-ਵੱਖ ਸਿਆਸੀ ਪਾਰਟੀਆਂ ਦੇ ਪ੍ਰਤੀਨਿਧਾਂ ਸਮੇਤ ਵੱਖ-ਵੱਖ ਧਿਰਾਂ ਦਾ ਵਿਸ਼ੇਸ਼ ਸਮੂਹ ਬਣਾਇਆ ਜਾਣਾ ਚਾਹੀਦਾ ਹੈ ਜੋ ਇਸ ਨੂੰ ਲਾਗੂ ਕਰਨ ਸਬੰਧੀ ਸਿਫ਼ਾਰਸ਼ਾਂ ਕਰੇਗਾ।
ਤਿੰਨ ਸਾਲ ਦਾ ਕਾਰਜ ਏਜੰਡਾ, 2017-2018 ਤੋਂ 2019-2020' ਦੇ ਸਿਰਲੇਖ ਵਾਲੀ ਇਸ ਰੀਪੋਰਟ ਅਨੁਸਾਰ ਕਮਿਸ਼ਨ ਨੇ ਇਨ੍ਹਾਂ ਸਿਫ਼ਾਰਸ਼ਾਂ ਦਾ ਅਧਿਐਨ ਕਰਨ ਅਤੇ ਇਸ ਬਾਬਤ ਮਾਰਚ 2018 ਨੂੰ 'ਸਮਾਂ ਸੀਮਾ' ਤੈਅ ਕਰਨ ਲਈ ਚੋਣ ਕਮਿਸ਼ਨ ਨੂੰ ਨੋਡਲ ਏਜੰਸੀ ਬਣਾਇਆ ਹੈ। ਕਮਿਸ਼ਨ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਸਿਆਸੀ ਪਾਰਟੀਆਂ ਨਾਲ ਵਿਚਾਰ ਵਟਾਂਦਰਾ ਕਰ ਕੇ ਇਸ ਨੂੰ ਅੱਗੇ ਵਧਾਉਣਾ ਹੈ।
ਕਮਿਸ਼ਨ ਦੀਆਂ ਸਿਫ਼ਾਰਸ਼ਾਂ ਇਸ ਲਈ ਵੀ ਮਹੱਤਵਪੂਰਨ ਹਨ ਕਿਉਂਕਿ ਪਹਿਲਾਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਹਾਂ ਨੇ ਹੀ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਉਣ ਦੀ ਹਮਾਇਤ ਕੀਤੀ ਹੈ।
ਅਪਣੀ ਰੀਪੋਰਟ 'ਚ ਨੀਤੀ ਕਮਿਸ਼ਨ ਨੇ ਟਰੈਫ਼ਿਕ ਚਾਲਾਨਾਂ ਨਾਲ ਨਜਿੱਠਣ ਲਈ ਵੀ ਵਿਸ਼ੇਸ਼ ਅਦਾਲਤਾਂ ਬਣਾਉਣ ਦੀ ਸਿਫ਼ਾਰਸ਼ ਕੀਤੀ ਹੈ। ਹੇਠਲੀਆਂ ਅਦਾਲਤਾਂ 'ਚ ਮੁਕੱਦਮਿਆਂ ਦੀ ਗਿਣਤੀ 'ਚ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਵੇਖਦਿਆਂ ਇਸ ਕਦਮ ਦੀ ਸਿਫ਼ਾਰਸ਼ ਕੀਤੀ ਗਈ ਹੈ। (ਪੀਟੀਆਈ)