ਜੇਲ 'ਚ ਫ਼ਰਸ਼ 'ਤੇ ਸੌਂਦਾ ਹੈ ਸੌਦਾ ਸਾਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੰਡੀਗੜ੍ਹ, 26 ਅਗੱਸਤ: ਬਲਾਤਕਾਰ ਮਾਮਲੇ 'ਚ ਦੋਸ਼ੀ ਕਰਾਰ ਹੋਣ ਤੋਂ ਬਾਅਦ ਰੋਹਤਕ ਦੀ ਸੁਨਾਰੀਆ ਜੇਲ ਵਿਚ ਰੱਖੇ ਸੌਦਾ ਸਾਧ ਨਾਲ ਕਿਸੇ ਖ਼ਾਸ ਤਰ੍ਹਾਂ ਦਾ ਸਲੂਕ ਨਹੀਂ ਕੀਤਾ ਜਾ ਰਿਹਾ।

Ram Rahim

ਚੰਡੀਗੜ੍ਹ, 26 ਅਗੱਸਤ: ਬਲਾਤਕਾਰ ਮਾਮਲੇ 'ਚ ਦੋਸ਼ੀ ਕਰਾਰ ਹੋਣ ਤੋਂ ਬਾਅਦ ਰੋਹਤਕ ਦੀ ਸੁਨਾਰੀਆ ਜੇਲ ਵਿਚ ਰੱਖੇ ਸੌਦਾ ਸਾਧ ਨਾਲ ਕਿਸੇ ਖ਼ਾਸ ਤਰ੍ਹਾਂ ਦਾ ਸਲੂਕ ਨਹੀਂ ਕੀਤਾ ਜਾ ਰਿਹਾ। ਇਹ ਗੱਲ ਹਰਿਆਣਾ ਪੁਲਿਸ ਦੇ ਮੁੱਖ ਨਿਰਦੇਸ਼ਕ (ਜੇਲ) ਕੇ.ਪੀ. ਸਿੰਘ ਨੇ ਕੀਤਾ। ਅਧਿਕਾਰੀ ਦਸਿਆ ਕਿ ਜੇਲ ਵਿਚ ਉਸ ਦੀ ਬੈਰਕ ਦੇ ਬਾਹਰ ਗਤੀਵਿਧੀਆਂ 'ਤੇ ਨਿਗਰਾਨੀ ਰੱਖਣ ਲਈ ਚਾਰ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ।
ਉਨ੍ਹਾਂ ਕਿਹਾ ਕਿ ਸੌਦਾ ਸਾਧ ਨਾਲ ਕਿਸੇ ਖ਼ਾਸ ਤਰ੍ਹਾਂ ਦਾ ਵਰਤਾਅ ਨਹੀਂ ਕੀਤਾ ਜਾ ਰਿਹਾ। ਉਸ ਨਾਲ ਉਸੇ ਤਰ੍ਹਾਂ ਪੇਸ਼ ਆਇਆ ਜਾ ਰਿਹਾ ਜਿਸ ਤਰ੍ਹਾਂ ਕਿਸੇ ਆਮ ਕੈਦੀ ਨਾਲ ਵਰਤਾਅ ਕੀਤਾ ਜਾਂਦਾ ਹੈ। ਆਮ ਕੈਦੀ ਫ਼ਰਸ਼ 'ਤੇ ਸੌਂਦਾ ਹੈ ਤੇ ਉਹ ਵੀ ਇਸ ਤਰ੍ਹਾਂ ਹੀ ਫ਼ਰਸ਼ 'ਤੇ ਸੌਂ ਰਿਹਾ ਹੈ। ਉਨ੍ਹਾਂ ਦਸਿਆ ਕਿ ਹਰ ਕੈਦੀ ਕਿਸੇ ਵੀ ਪੰਜ ਵਿਅਕਤੀਆਂ ਦੇ ਨਾਮ ਦੇ ਸਕਦਾ ਹੈ ਜਿਨ੍ਹਾਂ ਨੂੰ ਉਹ ਮਿਲਣਾ ਚਾਹੁੰਦਾ ਹੈ। ਸੌਦਾ ਸਾਧ ਨੂੰ ਵੀ ਹੋਰਨਾਂ ਕੈਦੀਆਂ ਦੀ ਤਰ੍ਹਾਂ ਇਹ ਸਹੂਲਤ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਲ ਅਧਿਕਾਰੀ ਸੋਮਵਾਰ ਨੂੰ ਸਜ਼ਾ ਦੀ ਮਿਆਦ ਤੈਅ ਹੋ ਜਾਣ ਤੋਂ ਬਾਅਦ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨਗੇ। ਸੌਦਾ ਸਾਧ ਬੈਰਕ ਵਿਚ ਦੋ ਤਿੰਨ ਕੈਦੀਆਂ ਨਾਲ ਰਹਿ ਰਿਹਾ ਹੈ ਅਤੇ  ਉਸ ਦਾ ਕੈਦੀ ਨੰਬਰ 1997 ਹੈ। ਸੌਦਾ ਸਾਧ ਨੂੰ ਕੈਦੀਆਂ ਵਾਲੀ ਵਰਦੀ ਪਾਉਣੀ ਪਵੇਗੀ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕਿਸੇ ਵੱਡੇ ਕੈਦੀ ਨੂੰ ਜੇਲ 'ਚ ਸੁਰੱਖਿਅਤ ਰਖਣਾ ਚੁਨੌਤੀ ਹੈ। ਇਸ ਲਈ ਅਸੀਂ ਜੇਲ 'ਚ ਅਜਿਹੇ ਪ੍ਰਬੰਧ ਕੀਤੇ ਹਨ ਤਾਕਿ ਕੋਈ ਦੂਜਾ ਕੈਦੀ ਉਸ ਨੂੰ ਨੁਕਸਾਨ ਨਾ ਪਹੁੰਚਾ ਸਕੇ। ਸੁਰੱਖਿਆ ਦੇ ਪੁਖਤਾ ਇੰਤਜ਼ਾਮਾਂ ਤਹਿਤ ਸੁਨਾਰਿਆ ਜੇਲ ਤੋਂ ਬਾਹਰ ਵੱਡੀ ਗਿਣਤੀ ਵਿਚ ਅਰਧ ਸੈਨਿਕ ਬਲ ਦੇ ਜਵਾਨ ਤੈਨਾਤ ਕੀਤੇ ਗਏ ਹਨ। ਰੋਹਤਕ ਦੇ ਡਿਪਟੀ ਕਮਿਸ਼ਨਰ ਅਤੁਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਰੋਹਤਕ ਜ਼ਿਲ੍ਹੇ ਅਤੇ ਸੁਨਾਰਿਆ ਜੇਲ ਨੂੰ ਸੁਰੱਖਿਅਤ ਰਖਣਾ ਹੈ।  (ਏਜੰਸੀ)