ਹਨੀਪ੍ਰੀਤ ਦੇ ਹੈਲੀਕਾਪਟਰ 'ਚ ਸੌਦਾ ਸਾਧ ਨਾਲ ਜਾਣ ਬਾਰੇ ਹੋਵੇਗੀ ਜਾਂਚ
ਹਰਿਆਣਾ ਸਰਕਾਰ ਇਸ ਗੱਲ ਦੀ ਜਾਂਚ ਕਰੇਗੀ ਕਿ ਸੌਦਾ ਸਾਧ ਨੂੰ ਪੰਚਕੂਲਾ 'ਚ ਸੀ.ਬੀ.ਆਈ. ਅਦਾਲਤ ਤੋਂ ਰੋਹਤਕ ਦੀ ਜੇਲ....
ਚੰਡੀਗੜ੍ਹ, 27 ਅਗੱਸਤ: ਹਰਿਆਣਾ ਸਰਕਾਰ ਇਸ ਗੱਲ ਦੀ ਜਾਂਚ ਕਰੇਗੀ ਕਿ ਸੌਦਾ ਸਾਧ ਨੂੰ ਪੰਚਕੂਲਾ 'ਚ ਸੀ.ਬੀ.ਆਈ. ਅਦਾਲਤ ਤੋਂ ਰੋਹਤਕ ਦੀ ਜੇਲ ਤਕ ਹੈਲੀਕਾਪਟਰ 'ਚ ਲਿਜਾਏ ਜਾਣ ਦੌਰਾਨ ਉਸ ਨਾਲ ਉਸ ਦੀ ਗੋਦ ਲਈ ਬੇਟੀ ਹਨੀਪ੍ਰੀਤ ਇਨਸਾਂ ਕਿਸ ਤਰ੍ਹਾਂ ਮੌਜੂਦ ਸੀ?
ਅਦਾਲਤ 'ਚ ਖਿੱਚੀਆਂ ਤਸਵੀਰਾਂ 'ਚ ਦਿਸ ਰਿਹਾ ਹੈ ਕਿ ਹਨੀਪ੍ਰੀਤ ਵੀ ਸੌਦਾ ਸਾਧ ਨਾਲ ਅਦਾਲਤ ਤਕ ਆਈ ਸੀ ਅਤੇ ਉਸ ਨਾਲ ਹੈਲੀਕਾਪਟਰ 'ਚ ਵੀ ਬੈਠੀ ਹੋਈ ਸੀ। ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਕਾਨੂੰਨ ਅਤੇ ਵਿਵਸਥਾ ਬਾਰੇ ਵਿਸ਼ੇਸ਼ ਸੁਣਵਾਈ ਸੁਣਵਾਈ ਦੌਰਾਨ ਵੀ ਉਠਿਆ ਸੀ। ਹਾਈ ਕੋਰਟ ਬਾਰ ਕੌਂਸਲ ਦੇ ਕੁੱਝ ਮੈਂਬਰਾਂ ਨੇ ਕਿਹਾ ਕਿ ਸੌਦਾ ਸਾਧ ਨਾਲ ਗ੍ਰਿਫ਼ਤਾਰੀ ਮਗਰੋਂ ਖ਼ਾਸ ਵਿਹਾਰ ਕੀਤਾ ਗਿਆ। ਬਾਰ ਮੈਂਬਰਾਂ ਨੇ ਕਿਹਾ ਕਿ ਨਾ ਸਿਰਫ਼ ਹਨੀਪ੍ਰੀਤ ਨੂੰ ਸੌਦਾ ਸਾਧ ਨਾਲ ਜਾਣ ਦਿਤਾ ਗਿਆ ਸਗੋਂ ਉਸ ਨੂੰ ਜੇਲ 'ਚ ਲਿਜਾਣ ਤੋਂ ਪਹਿਲਾਂ ਗੈਸਟ ਹਾਊਸ 'ਚ ਵੀ ਰਖਿਆ ਗਿਆ।
ਚੀਫ਼ ਜਸਟਿਸ ਐਸ.ਐਸ. ਸਾਰੋਂ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਕੋਲੋਂ ਸ਼ੁਕਰਵਾਰ ਨੂੰ ਰਾਤ 8:30 ਵਜੇ ਸੌਦਾ ਸਾਧ ਨੂੰ ਵਿਸ਼ੇਸ਼ ਸਹੂਲਤ ਦੇਣ ਬਾਰੇ ਪੁੱਛ-ਪੜਤਾਲ ਕੀਤੀ ਸੀ ਹਾਲਾਂਕਿ ਉਨ੍ਹਾਂ ਨੂੰ ਦਸਿਆ ਗਿਆ ਸੀ ਕਿ ਉਸ ਨੂੰ ਆਮ ਕੈਦੀ ਵਾਂਗ ਹੀ ਜੇਲ ਲਿਆਂਦਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਹਨੀਪ੍ਰੀਤ ਇਸ ਵੇਲੇ ਰੋਹਤਕ ਵਿਖੇ ਹੀ ਕਿਸੇ ਡੇਰਾ ਸ਼ਰਧਾਲੂ ਦੇ ਘਰ 'ਚ ਰਹਿ ਰਹੀ ਹੈ। (ਏਜੰਸੀ)