ਪੰਚਕੂਲਾ 'ਚ ਮਰਨ ਵਾਲਿਆਂ 'ਚ ਸੱਤ ਪੰਜਾਬੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਡੇਰਾ ਮੁਖੀ ਵਿਰੁਧ ਫ਼ੈਸਲਾ ਆਉਣ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਛੋਟੀ ਮੋਟੀਆਂ ਘਟਨਾਵਾਂ ਵਾਪਰੀਆਂ ਹਨ।
ਚੰਡੀਗੜ੍ਹ, 26 ਅਗੱਸਤ (ਜੈ ਸਿੰਘ ਛਿੱਬਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਡੇਰਾ ਮੁਖੀ ਵਿਰੁਧ ਫ਼ੈਸਲਾ ਆਉਣ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਛੋਟੀ ਮੋਟੀਆਂ ਘਟਨਾਵਾਂ ਵਾਪਰੀਆਂ ਹਨ। ਪੁਲਿਸ ਨੇ ਬੱਲੂਆਣਾ ਰੇਲਵੇ ਸਟੇਸ਼ਨ ਅਤੇ ਮਲੋਟ 'ਚ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਸਮੇਤ 19 ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਕਤਸਰ, ਫ਼ਰੀਦਕੋਟ ਤੇ ਸੰਗਰੂਰ ਜ਼ਿਲ੍ਹਿਆਂ ਵਿਚ ਕਰਫਿਊ ਹਟਾ ਦਿਤਾ ਗਿਆ ਹੈ, ਜਦਕਿ ਬਾਕੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵਲੋਂ ਦਿਨ ਵਿਚ ਕਰਫਿਊ 'ਚ ਢਿੱਲ ਦਿਤੀ ਗਈ ਸੀ। ਉਨ੍ਹਾਂ ਕਿਹਾ ਕਿ ਸੁਰੱਖਿਆ ਵਿਵਸਥਾ ਨੂੰ ਕਾਇਮ ਰਖਣ ਲਈ ਡਿਪਟੀ ਕਮਿਸ਼ਨਰਾਂ ਨੂੰ ਹਰ ਤਰ੍ਹਾਂ ਦੇ ਫ਼ੈਸਲੇ ਲੈਣ ਦੇ ਅਧਿਕਾਰ ਦਿਤੇ ਗਏ ਹਨ। ਜੇਕਰ ਲੋੜ ਪਈ ਤਾਂ ਸੰਵੇਦਨਸ਼ੀਲ ਜ਼ਿਲ੍ਹਿਆਂ ਵਿਚ ਫਿਰ ਤੋਂ ਕਰਫਿਊ ਲਗਾਇਆ ਜਾ ਸਕਦਾ ਹੈ। ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਬੀਤੇ ਕੱਲ ਰਾਤ ਨੂੰ ਪ੍ਰੇਮੀਆਂ ਨੂੰ ਬੱਸਾਂ, ਟਰੱਕਾਂ ਰਾਹੀਂ ਛੱਡਣ ਦਾ ਇਸ ਲਈ ਪ੍ਰਬੰਧ ਕੀਤਾ ਗਿਆ ਸੀ ਤਾਂ ਜੋ ਉਹ ਪੈਦਲ ਜਾਂਦੇ ਸਮੇਂ ਕਿਸੇ ਘਟਨਾਂ ਨੂੰ ਅੰਜਾਮ ਨਾ ਦੇ ਸਕਣ। ਉਨ੍ਹਾਂ ਕਿਹਾ ਕਿ ਵਾਪਸ ਭੇਜਣ ਵਾਲੇ ਪ੍ਰੇਮੀਆਂ 'ਚ 65 ਫ਼ੀ ਸਦੀ ਹਰਿਆਣਾ ਤੇ 35 ਪੰਜਾਬ ਨਾਲ ਸਬਧਿਤ ਸਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ 'ਚ ਅੱਗ ਲੱਗਣ ਦੀਆਂ ਕੁੱਝ ਘਟਨਾਵਾਂ ਵਾਪਰੀਆਂ ਹਨ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਮਾਹੌਲ ਸ਼ਾਂਤ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਅੰਮ੍ਰਿਤਸਰ ਲਈ ਗੱਡੀਆਂ ਚਲਾਉਣ ਲਈ ਪੰਜਾਬ ਵਲੋਂ ਉਚੇਚੇ ਪ੍ਰਬੰਧ ਕੀਤੇ ਗਏ ਹਨ, ਪਰ ਇਸ ਦਾ ਜ਼ਿਆਦਾ ਖੇਤਰ ਹਰਿਆਣਾ ਨਾਲ ਸਬੰਧਤ ਹੈ ਤੇ ਫ਼ੈਸਲਾ ਕੇਂਦਰ ਸਰਕਾਰ ਨੇ ਲੈਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਅਮਨ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦਿਤੀ ਜਾਵੇਗੀ।
ਸਿਆਸੀ ਪਾਰਟੀਆਂ ਵਲੋਂ ਡੇਰਿਆਂ ਦੀ ਹਮਾਇਤ ਲੈਣ ਦੇ ਸਵਾਲ 'ਤੇ ਮੁੱਖ ਮੰਤਰੀ ਨੇ ਕੋਈ ਸਪੱਸ਼ਟ ਜਵਾਬ ਨਾ ਦਿੰਦਿਆਂ ਕਿਹਾ ਕਿ ਭਵਿੱਖ ਵਿਚ ਕੀ ਹੋਣਾ ਹੈ, ਇਸ ਬਾਰੇ ਉਹ ਹੁਣ ਕਿਵੇਂ ਕਹਿ ਸਕਦੇ ਹਨ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਨਾਮ ਚਰਚਾ ਘਰਾਂ ਦੀ ਤਲਾਸ਼ੀ ਦੌਰਾਨ ਲਾਠੀਆਂ, ਪਾਈਪਾਂ, ਲੋਹੇ ਦੀਆ ਰਾਡਾਂ, ਪੈਟਰੋਲ ਪੰਪ ਬਰਾਮਦ ਹੋਏ ਹਨ ਅਤੇ ਪੁਲਿਸ ਵਲੋਂ 39 ਕੇਸ ਦਰਜ ਕੀਤੇ ਗਏ ਹਨ। ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਫਿਲਹਾਲ ਨਾਮ ਚਰਚਾ ਘਰਾਂ ਨੂੰ ਸੀਲ ਕਰਨ ਦਾ ਕੋਈ ਫ਼ੈਸਲਾ ਨਹੀਂ ਲਿਆ ਗਿਆ, ਪਰ ਡੇਰਾ ਪ੍ਰੇਮੀਆਂ ਨੂੰ ਡੇਰਿਆਂ, ਨਾਮ ਚਰਚਾ ਘਰਾਂ ਵਿਚ ਇਕੱਠੇ ਹੋਣ ਦੀ ਆਗਿਆ ਨਹੀਂ ਦਿਤੀ ਜਾਵੇਗੀ।
ਮੁੱਖ ਮੰਤਰੀ ਨੇ ਸੋਮਵਾਰ ਨੂੰ ਡੇਰਾ ਮੁਖੀ ਨੂੰ ਸਜ਼ਾ ਸਣਾਉਣ ਦੇ ਸੰਦਰਭ ਵਿਚ ਹਿੰਸਾਂ ਭੜਕਣ ਦੀ ਸੰਭਾਵਨਾਂ ਨੂੰ ਲੈ ਕੇ ਕਿਹਾ ਕਿ ਪੁਲਿਸ ਵਲੋਂ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਜਾ ਸਕਦਾ ਹੈ। ਸੂਤਰਾਂ ਅਨੁਸਾਰ ਪੁਲਿਸ ਵਲੋਂ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਕਈ ਆਗੂਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਪਰ ਇਸ ਬਾਰੇ ਮੁੱਖ ਮੰਤਰੀ ਸਮੇਤ ਕਿਸੇ ਵੀ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ। ਵਾਰ ਵਾਰ ਕੁਰੇਦਣ 'ਤੇ ਵੀ ਮੁੱਖ ਮੰਤਰੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਿਰੁਧ ਕੋਈ ਸ਼ਬਦ ਵੀ ਨਹੀਂ ਬੋਲਿਆ।
ਮਰਨ ਵਾਲਿਆਂ 'ਚ ਸੱਤ ਪੰਜਾਬੀਆਂ ਦੀ ਪਹਿਚਾਣ ਹੋਈ
ਸ਼ੁੱਕਰਵਾਰ ਨੂੰ ਪੰਚਕੂਲਾ 'ਚ ਭੜਕੀ ਹਿੰਸਾ ਦੌਰਾਨ ਮਰੇ 28 ਵਿਅਕਤੀਆਂ ਵਿਚੋਂ 7 ਪੰਜਾਬ ਨਾਲ ਸਬੰਧਤ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਮਰਨ ਵਾਲਿਆਂ ਵਿਚ 7 ਪੰਜਾਬ ਦੇ ਬਠਿੰਡਾ, ਮੁਕਤਸਰ, ਪਟਿਆਲਾ, ਫ਼ਾਜ਼ਿਲਕਾ, ਬਰਨਾਲਾ ਤੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਹਨ। ਜਿਹੜੇ ਵਿਅਕਤੀਆਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚ ਹਰੀ ਸਿੰਘ (45) ਪਿੰਡ ਬੰਗੀ ਨਹਿਲ ਸਿੰਘ ਬਠਿੰਡਾ, ਲਵਪ੍ਰੀਤ ਸਿੰਘ (25) ਪੁੱਤਰ ਕਾਕਾ ਸਿੰਘ ਪਿੰਡ ਖੇੜੀ (ਮੁਕਤਸਰ) ਵਾਸੀ ਠਕਸਰ ਖੇੜੀ (ਮੁਕਤਸਰ), ਗੁਰਪਾਲ ਸਿੰਘ (32) ਪੁੱਤਰ ਭੋਲਾ ਸਿੰਘ ਵਾਸੀ ਗਰਗ ਪਟਿਆਲਾ, ਅਮਨ ਪੁੱਤਰ ਲੇਖ ਰਾਜ ਪਿੰਡ ਥੇਹੀ ਵਾਲਾ ਫਾਜੀਲਿਕਾ, ਜਗਰੂਪ ਸਿੰਘ ਪੁੱਤਰ ਮੁਖਤਿਆਰ ਸਿੰਘ ਨਿਵਾਸੀ ਬਰਨਾਲਾ ਅਤੇ ਉਜਾਗਰ ਸੇਨ ਪੁੱਤਰ ਮਦਨ ਰਾਮ ਵਾਸੀ ਸੰਗਰੂਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸ਼ੁਕੱਰਵਾਰ ਨੂੰ ਪੰਚਕੂਲਾਂ 'ਚ 28 ਪ੍ਰੇਮੀਆਂ ਦੀ ਮੌਤ ਹੋ ਗਈ ਸੀ ਤੇ 250 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਜ਼ਖ਼ਮੀਆਂ ਵਿਚ 45 ਪੰਜਾਬੀ ਹਨ।