ਹਰਿਆਣਾ ਸਰਕਾਰ ਨੇ 'ਗ਼ਲਤ' ਹੁਕਮ ਜਾਰੀ ਕਰਨ ਵਾਲਾ ਪੁਲਿਸ ਅਧਿਕਾਰੀ ਮੁਅੱਤਲ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੌਦਾ ਸਾਧ ਦੇ 'ਪ੍ਰੇਮੀਆਂ' ਦੀ ਹਿੰਸਾ ਨੂੰ ਰੋਕਣ 'ਚ ਨਾਕਾਮ ਰਹਿਣ ਕਾਰਨ ਆਲੋਚਨਾ ਝੱਲ ਰਹੀ ਹਰਿਆਣਾ ਸਰਕਾਰ ਨੇ ਅੱਜ ਇਹ ਕਹਿੰਦਿਆਂ ਡੀਸੀਪੀ ਨੂੰ ਮੁਅੱਤਲ

Suspend

ਚੰਡੀਗੜ੍ਹ, 26 ਅਗੱਸਤ : ਸੌਦਾ ਸਾਧ ਦੇ 'ਪ੍ਰੇਮੀਆਂ' ਦੀ ਹਿੰਸਾ ਨੂੰ ਰੋਕਣ 'ਚ ਨਾਕਾਮ ਰਹਿਣ ਕਾਰਨ ਆਲੋਚਨਾ ਝੱਲ ਰਹੀ ਹਰਿਆਣਾ ਸਰਕਾਰ ਨੇ ਅੱਜ ਇਹ ਕਹਿੰਦਿਆਂ ਡੀਸੀਪੀ ਨੂੰ ਮੁਅੱਤਲ ਕਰ ਦਿਤਾ ਕਿ ਉਸ ਦੇ 'ਨੁਕਸਦਾਰ' ਹੁਕਮ ਕਾਰਨ ਜ਼ਿਲ੍ਹੇ ਵਿਚ ਭਾਰੀ ਭੀੜ ਜਮ੍ਹਾਂ ਹੋ ਗਈ।
ਹਰਿਆਣਾ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਰਾਮ ਨਿਵਾਸ ਨੇ ਕਿਹਾ, 'ਮੈਂ ਮੰਨਦਾ ਹਾਂ ਕਿ ਕੁਤਾਹੀ ਹੋਈ ਹੈ ਅਤੇ ਇਸ ਲਈ ਅਸੀਂ ਪੰਚਕੂਲਾ ਦੇ ਡੀਸੀਪੀ ਨੂੰ ਮੁਅੱਤਲ ਕਰ ਦਿਤਾ ਹੈ।' ਉਨ੍ਹਾਂ ਦਸਿਆ ਕਿ ਅਧਿਕਾਰੀ ਨੇ ਜੋ ਨਿਰਦੇਸ਼ ਜਾਰੀ ਕੀਤਾ ਸੀ, ਉਸ ਤਹਿਤ ਕੇਵਲ ਹਥਿਆਰ ਰੱਖਣ 'ਤੇ ਰੋਕ ਲੱਗੀ ਸੀ ਅਤੇ ਪੰਜ ਜਾਂ ਵੱਧ ਬੰਦਿਆਂ ਦੇ ਇਕੱਠੇ ਹੋਣ 'ਤੇ ਰੋਕ ਨਹੀਂ ਲੱਗੀ। ਅਧਿਕਾਰਤ ਹੁਕਮ ਵਿਚ ਅੱਜ ਕਿਹਾ ਗਿਆ ਕਿ ਪੰਚਕੂਲਾ ਦੇ ਡੀਸੀਪੀ, ਆਈਪੀਐਸ ਅਧਿਕਾਰੀ ਅਸ਼ੋਕ ਕੁਮਾਰ ਨੂੰ ਤੁਰਤ ਮੁਅੱਤਲ ਕਰ ਦਿਤਾ ਗਿਆ ਹੈ।
ਇਸੇ ਦੌਰਾਨ ਹਰਿਆਣਾ ਦੇ ਡਿਪਟੀ ਐਡਵੋਕੇਟ ਜਨਰਲ ਗੁਰਦਾਸ ਸਿੰਘ ਸਲਵਾਹਾ ਨੂੰ ਵੀ ਮੁਅੱਤਲ ਕਰ ਦਿਤਾ ਗਿਆ ਹੈ। ਜਦ ਸੌਦਾ ਸਾਧ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਰੋਹਤਕ ਲਿਜਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਸਲਵਾਹ ਨੇ ਸੌਦਾ ਸਾਧ ਦਾ ਬੈਗ ਚੁਕਿਆ ਸੀ। ਇਸੇ ਦੋਸ਼ ਹੇਠ ਉਸ ਨੂੰ ਮੁਅੱਤਲ ਕਰ ਦਿਤਾ ਗਿਆ ਹੈ।
ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਨੇ ਦਸਿਆ ਕਿ ਗੁਰਦਾਸ ਸਲਵਾਹਾ ਸਰਕਾਰੀ ਮੁਲਾਜ਼ਮ ਹੈ ਅਤੇ ਉਹ ਸੌਦਾ ਸਾਧ ਜਿਹੜਾ ਬਲਾਤਕਾਰ ਕੇਸ ਵਿਚ ਦੋਸ਼ੀ ਹੈ, ਦਾ ਸਮਾਨ ਇੰਜ ਨਹੀਂ ਚੁੱਕ ਸਕਦਾ। ਗੁਰਦਾਸ ਸਲਵਾਹਾ ਸੌਦਾ ਸਾਧ ਦਾ ਰਿਸ਼ਤੇਦਾਰ ਵੀ ਹੈ। (ਏਜੰਸੀ)