ਹਰਿਆਣਾ 'ਚ ਹਾਲਾਤ ਤਣਾਅਪੂਰਨ ਪਰ ਕਾਬੂ ਹੇਠ, ਕੁੱਝ ਥਾਈਂ ਕਰਫ਼ੀਊ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ 'ਚ ਹਾਲਾਤ ਹਾਲੇ ਵੀ ਤਣਾਅਪੂਰਨ ਪਰ ਕਾਬੂ ਹੇਠ ਹਨ। ਬਲਾਤਕਾਰ ਕੇਸ ਵਿਚ ਸੌਦਾ ਸਾਧ ਨੂੰ ਕਲ ਦੋਸ਼ੀ ਕਰਾਰ ਦਿਤੇ ਜਾਣ ਮਗਰੋਂ

Curfew

ਚੰਡੀਗੜ੍ਹ/ਪੰਚਕੂਲਾ/ਸਿਰਸਾ (ਕਰਨੈਲ ਸਿੰਘ), 26 ਅਗੱਸਤ : ਹਰਿਆਣਾ 'ਚ ਹਾਲਾਤ ਹਾਲੇ ਵੀ ਤਣਾਅਪੂਰਨ ਪਰ ਕਾਬੂ ਹੇਠ ਹਨ। ਬਲਾਤਕਾਰ ਕੇਸ ਵਿਚ ਸੌਦਾ ਸਾਧ ਨੂੰ ਕਲ ਦੋਸ਼ੀ ਕਰਾਰ ਦਿਤੇ ਜਾਣ ਮਗਰੋਂ ਪੰਚਕੂਲਾ ਵਿਚ ਫੈਲੀ ਹਿੰਸਾ ਵਿਚ 28 'ਪ੍ਰੇਮੀਆਂ' ਤੇ ਸਿਰਸਾ ਵਿਚ ਦੋ 'ਪ੍ਰੇਮੀਆਂ' ਦੀ ਮੌਤ ਹੋ ਗਈ ਸੀ। ਫ਼ੌਜ ਨੇ ਅੱਜ ਸਵੇਰੇ ਸਿਰਸਾ 'ਚ ਸੌਦਾ ਸਾਧ ਦੇ ਮੁੱਖ ਡੇਰੇ ਦੇ ਬਾਹਰ ਫ਼ਲੈਗ ਮਾਰਚ ਕੀਤਾ ਅਤੇ ਡੇਰੇ ਵਿਚ ਇਕੱਠੇ ਹੋਏ ਸੌਦਾ ਸਾਧ ਦੇ ਚੇਲਿਆਂ ਨੂੰ ਬਾਹਰ ਨਿਕਲ ਜਾਣ ਦੀ ਅਪੀਲ ਕੀਤੀ ਜਿਸ ਤੋਂ ਬਾਅਦ 'ਪ੍ਰੇਮੀ' ਡੇਰੇ ਵਿਚੋਂ ਨਿਕਲਣ ਲੱਗ ਪਏ। ਹਰਿਆਣਾ ਵਿਚ ਕਰੀਬ 36 'ਨਾਮ ਚਰਚਾ ਘਰ' ਸੀਲ ਕਰ ਦਿਤੇ ਗਏ ਹਨ। ਪੰਜਾਬ ਵਿਚ ਵੀ ਕਲ ਕਈ ਥਾਈਂ ਅੱਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ ਸਨ ਅਤੇ ਮਾਲਵੇ ਦੇ 10 ਜ਼ਿਲ੍ਹਿਆਂ ਵਿਚ ਕਰਫ਼ੀਊ ਹਟਾ ਦਿਤਾ ਗਿਆ ਸੀ। ਕੁੱਝ ਥਾਵਾਂ 'ਤੇ ਅੱਜ ਕਰਫ਼ੀਊ ਵਿਚ ਢਿੱਲ ਦਿਤੀ ਗਈ ਤੇ ਦੋਹਾਂ ਸੂਬਿਆਂ ਵਿਚ ਹਾਲਾਤ ਆਮ ਵਰਗੇ ਹੋਣ ਲੱਗੇ ਹਨ। ਡੀਸੀਪੀ ਸਿਰਸਾ ਦਲੀਪ ਸਿੰਘ ਨੇ ਦਸਿਆ ਕਿ ਸ਼ਰਧਾਲੂ ਛੋਟੀਆਂ ਛੋਟੀਆਂ ਟੋਲੀਆਂ ਬਣਾ ਕੇ ਡੇਰੇ ਵਿਚੋਂ ਨਿਕਲਣ ਲੱਗ ਪਏ ਹਨ ਅਤੇ ਉਮੀਦ ਹੈ ਕਿ ਸ਼ਾਂਤਮਈ ਢੰਗ ਨਾਲ ਉਨ੍ਹਾਂ ਨੂੰ ਬਾਹਰ ਕੱਢ ਲਿਆ ਜਾਵੇਗਾ।
ਮਰਨ ਵਾਲਿਆਂ ਦੀ ਗਿਣਤੀ ਅੱਜ 36 ਹੋ ਗਈ ਕਿਉਂਕਿ ਸਿਰਸਾ ਦੇ ਸਰਕਾਰੀ ਹਸਪਤਾਲ ਵਿਚ ਛੇ ਜ਼ਖ਼ਮੀਆਂ ਨੇ ਦਮ ਤੋੜ ਦਿਤਾ। ਹਸਪਤਾਲ ਦੇ ਅਧਿਕਾਰੀ ਨੇ ਦਸਿਆ, 'ਅੱਜ ਛੇ ਹੋਰ ਮੌਤਾਂ ਹੋ ਗਈਆਂ ਤੇ ਇਥੇ ਮਰਨ ਵਾਲਿਆਂ ਦੀ ਗਿਣਤੀ ਅੱਠ ਹੋ ਗਈ ਹੈ।' ਹਰਿਆਣਾ ਦੇ ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਸਿਆ ਕਿ ਹਰਿਆਣਾ ਵਿਚ ਫੈਲੀ ਹਿੰਸਾ ਵਿਚ 36 ਮੌਤਾਂ ਹੋਈਆਂ ਹਨ ਜਿਨ੍ਹਾਂ ਵਿਚ 28 ਜਣੇ ਪੰਚਕੂਲਾ 'ਚ ਮਰੇ ਹਨ।'  
ਪੰਚਕੂਲਾ ਵਿਚ 524 ਗ੍ਰਿਫ਼ਤਾਰੀਆਂ ਹੋਈਆਂ ਹਨ, 24 ਵਾਹਨ ਜ਼ਬਤ ਕੀਤੇ ਗਏ ਹਨ, ਪੰਜ ਪਿਸਟਲ 79 ਰਾਊਂਟ, ਦੋ ਰਾਈਫ਼ਲਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਲੋਹੇ ਦੀਆਂ ਰਾਡਾਂ, ਡੰਡੇ, ਹਾਕੀਆਂ ਅਤੇ ਦਸ ਪਟਰੌਲ ਬੰਬ ਵੀ ਬਰਾਮਦ ਕੀਤੇ ਗਏ ਹਨ। ਅਦਾਲਤ ਵਿਚ ਦਸਿਆ ਕਿ ਪੰਚਕੂਲਾ ਵਿਚ 8 ਪਰਚੇ ਦਰਜ ਕੀਤੇ ਗਏ ਹਨ। ਅਦਾਲਤ ਵਿਚ ਵਿਸ਼ੇਸ਼ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਨੇ ਦਸਿਆ ਕਿ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਅਸ਼ੋਕ ਕੁਮਾਰ ਨੂੰ 'ਨੁਕਸਦਾਰ' ਹੁਕਮ ਦੇਣ ਦੇ ਦੋਸ਼ ਵਿਚ ਮੁਅੱਤਲ ਕਰ ਦਿਤਾ ਗਿਆ ਹੈ। ਸਿਰਸਾ ਦੇ ਐਸਡੀਐਮ ਪਰਮਜੀਤ ਸਿੰਘ ਚਾਹਲ ਨੇ ਕਿਹਾ ਕਿ ਫ਼ੌਜ ਨੂੰ ਡੇਰੇ ਅੰਦਰ ਦਾਖ਼ਲ ਹੋਣ ਲਈ ਫ਼ਿਲਹਾਲ ਕੋਈ ਹੁਕਮ ਨਹੀਂ ਦਿਤਾ ਗਿਆ। ਉਨ੍ਹਾਂ ਕਿਹਾ, 'ਫ਼ੌਜ ਨੂੰ ਹਾਲੇ ਕੋਈ ਹੁਕਮ ਨਹੀਂ ਦਿਤਾ ਗਿਆ। ਸ਼ਹਿਰ ਵਿਚ ਕਰਫ਼ੀਊ ਜਾਰੀ ਹੈ ਤੇ ਫ਼ੌਜ ਪੁਲਿਸ ਆਦਿ ਦੀ ਮਦਦ ਕਰ ਰਹੀ ਹੈ।' ਅੱਜ ਸਿਰਸਾ ਵਿਖੇ ਫ਼ੌਜ ਨੇ ਮੇਜਰ ਜਨਰਲ ਆਰ ਕੇ ਪੂਨੀਆਂ ਦੀ ਕਮਾਂਡ ਹੇਠ ਫ਼ਲੈਗ ਮਾਰਚ ਕਢਿਆ। ਪੂਨੀਆਂ ਨੇ ਦਸਿਆ ਕਿ ਫ਼ੌਜ ਵਲੋਂ ਸ਼ਹਿਰ ਵਿਚ ਫ਼ਲੈਗ ਮਾਰਚ ਕੀਤਾ ਜਾ ਰਹੀ ਹੈ ਅਤੇ ਇਸ ਵਕਤ ਹਾਲਾਤ ਕਾਬੂ ਹੇਠ ਹਨ, ਕਰਫ਼ੀਊ ਜਾਰੀ ਹੈ। ਉਨ੍ਹਾਂ ਕਿਹਾ ਕਿ ਫ਼ੌਜ ਦਾ ਡੇਰੇ ਅੰਦਰ ਜਾਣ ਦਾ ਕੋਈ ਇਰਾਦਾ ਨਹੀਂ ਪਰ ਡੇਰੇ ਅੰਦਰ ਜਮ੍ਹਾਂ ਹੋਏ ਲੋਕਾਂ ਨੂੰ ਅਪਣੇ ਅਪਣੇ ਘਰਾਂ ਨੂੰ ਚਲੇ ਜਾਣ ਦੇ ਆਦੇਸ਼ ਦਿਤੇ ਗਏ ਹਨ। ਉਧਰ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਅਗਲੇ ਹੁਕਮਾਂ ਤਕ ਜ਼ਿਲ੍ਹੇ ਅੰਦਰ ਕਾਨੂੰਨੀ ਵਿਵਸਥਾ ਬਣਾਈ ਰੱਖਣ ਵਾਸਤੇ ਸਾਰੀਆਂ ਸਿਖਿਆ ਸੰਸਥਾਵਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿਤੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦਸਿਆ ਕਿ ਹਰਿਆਣਾ ਵਿਚ ਪੰਚਕੂਲਾ ਕੰਟਰੋਲ ਰੂਮ ਮੁਤਾਬਕ ਪੰਚਕੂਲਾ ਅਤੇ ਸਿਰਸਾ ਵਿਚ ਹਾਲਾਤ ਤਣਾਅਪੂਰਨ ਪਰ ਕਾਬੂ ਹੇਠ ਹਨ।' ਕੇਂਦਰੀ ਗ੍ਰਹਿ ਸਕੱਤਰ ਰਾਜੀਵ ਮਹਿਰਿਸ਼ੀ ਨੇ ਦਸਿਆ ਕਿ ਹਰਿਆਣਾ, ਪੰਜਬਰ ਅਤੇ ਦਿੱਲੀ ਵਿਚ ਅੱਜ ਕੋਈ ਘਟਨਾ ਨਹੀਂ ਵਾਪਰੀ।
ਪੰਚਕੂਲਾ ਅਤੇ ਸਿਰਸਾ ਵਿਚ ਕਲ ਹਾਲਾਤ ਖ਼ਰਾਬ ਸਨ ਪਰ ਆਮ ਵਰਗੇ ਹਨ। ਸਿਰਸਾ ਵਿਚ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਕਾਨੂੰਨ ਅਤੇ ਪ੍ਰਬੰਧ ਦੀ ਹਾਲਤ ਕਾਬੂ ਹੇਠ ਹੈ ਅਤੇ ਬੀਤੀ ਰਾਤ ਤੋਂ ਹਿੰਸਾ ਦੀ ਕੋਈ ਖ਼ਬਰ ਨਹੀਂ ਹੈ। (ਪੀਟੀਆਈ)