ਆਖ਼ਰ ਸ਼੍ਰੀ ਦੇਵੀ ਦਾ ਸਸਕਾਰ ਤਿਰੰਗੇ 'ਚ ਲਪੇਟ ਕੇ ਕਿਉਂ ਕੀਤਾ ਗਿਆ..ਰਾਜ ਠਾਕਰੇ ਨੇ ਉਠਾਏ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਖ਼ਰ ਸ਼੍ਰੀ ਦੇਵੀ ਦਾ ਸਸਕਾਰ ਤਿਰੰਗੇ 'ਚ ਲਪੇਟ ਕੇ ਕਿਉਂ ਕੀਤਾ ਗਿਆ..ਰਾਜ ਠਾਕਰੇ ਨੇ ਉਠਾਏ ਸਵਾਲ

Why was Sridevi wrapped in tricolor?: Raj Thackeray

ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਅਤੇ ਪਹਿਲੀ ਮਹਿਲਾ ਸੁਪਰਸਟਾਰ ਸ਼੍ਰੀ ਦੇਵੀ ਦੀ ਮੌਤ ਤੋਂ ਬਾਅਦ ਅਜੇ ਤਕ ਵਿਵਾਦਾਂ ਦਾ ਦੌਰ ਰੁਕ ਨਹੀਂ ਰਿਹਾ। ਜਿਥੇ ਪਹਿਲਾਂ ਉਨ੍ਹਾਂ ਦੀ ਮੌਤ ਦਾ ਵਿਵਾਦ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਿਆ ਰਿਹਾ ਉਥੇ ਹੀ ਸ਼੍ਰੀ ਦੇਵੀ ਦਾ ਤਿਰੰਗੇ 'ਚ ਲਪੇਟ ਕੇ ਕੀਤਾ ਗਿਆ ਸਸਕਾਰ ਵੀ ਹੁਣ ਸਿਆਸੀ ਰੰਗ ਲੈਂਦਾ ਨਜ਼ਰ ਆ ਰਿਹਾ ਹੈ।

ਦੱਸ ਦਈਏ ਕਿ ਸ਼੍ਰੀ ਦੇਵੀ ਦੇ ਸਸਕਾਰ ਬਾਰੇ ਹੁਣ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਪ੍ਰਧਾਨ ਰਾਜ ਠਾਕਰੇ ਨੇ ਐਤਵਾਰ ਨੂੰ ਸ਼੍ਰੀ ਦੇਵੀ ਸਬੰਧੀ ਇਕ ਬਿਆਨ ਦਿਤਾ ਜਿਸ ਨਾਲ ਵਿਵਾਦ ਖੜ੍ਹਾ ਹੋ ਗਿਆ । ਰਾਜ ਠਾਕਰੇ ਨੇ ਕਿਹਾ ਕਿ ਸ਼੍ਰੀ ਦੇਵੀ ਦੀ ਮੌਤ ਸ਼ਰਾਬ ਪੀਣ ਨਾਲ ਹੋਈ ਸੀ । ਇਸ ਤੋਂ ਬਾਅਦ ਉਨ੍ਹਾਂ ਨੂੰ ਤਿਰੰਗੇ 'ਚ ਲਪੇਟ ਕੇ ਰਾਸ਼ਟਰੀ ਸਨਮਾਨ ਦਿਤਾ ਗਿਆ,ਜੋ ਕਿ ਗ਼ਲਤ ਹੈ । 

ਰਾਜ ਠਾਕਰੇ ਨੇ ਅਪਣੇ ਬਿਆਨ 'ਚ ਕਿਹਾ ਸ਼੍ਰੀ ਦੇਵੀ ਦੀ ਮੌਤ ਕਾਫ਼ੀ ਦੁਖਦ ਹੈ ਪਰ ਉਨ੍ਹਾਂ ਨੂੰ ਇਸ ਤਰ੍ਹਾਂ ਤਿਰੰਗੇ 'ਚ ਲਪੇਟ ਕੇ ਸਨਮਾਨਤ ਕਰਨਾ ਗ਼ਲਤ ਹੈ। ਭਾਵੇਂ ਕਿ ਉਹ ਪਦਮਸ਼੍ਰੀ ਸਨਮਾਨ ਪ੍ਰਾਪਤ ਸਨ ਪਰ ਤਿਰੰਗੇ 'ਚ ਲਪੇਟ ਕੇ ਸਸਕਾਰ ਕਰਨਾ ਸਰਕਾਰ ਦੀ ਗ਼ਲਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵੱਡਾ ਸਵਾਲ ਸਰਕਾਰ 'ਤੇ ਚੁਕਿਆ ਕਿ ਇਹ ਸੱਭ ਉਸ ਵੇਲੇ ਹੋਇਆ ਜਦੋਂ ਨੀਰਵ ਮੋਦੀ ਦੇ ਬੈਂਕ ਘਪਲੇ ਦੀ ਚਰਚਾ ਜ਼ੋਰਾਂ 'ਤੇ ਹੋ ਰਹੀ ਸੀ। ਇਸ ਤੋਂ ਬਾਅਦ ਸ਼੍ਰੀ ਦੇਵੀ ਦਾ ਮਾਮਲਾ ਸਾਹਮਣੇ ਆਇਆ ਅਤੇ ਨੀਰਵ ਮੋਦੀ ਦਾ ਮਾਮਲਾ ਕੀਤੇ ਦਬ ਕੇ ਰਹਿ ਗਿਆ। 

ਇਸ ਦੇ ਨਾਲ ਹੀ ਰਾਜ ਠਾਕਰੇ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਅਦਾਕਾਰਾ ਨੇ ਅਜਿਹਾ ਕਿਹੜਾ ਕੰਮ ਕੀਤਾ ਸੀ ਜਿਸ ਕਾਰਨ ਉਨ੍ਹਾਂ ਨੂੰ ਰਾਸ਼ਟਰੀ ਸਨਮਾਨ ਦਿਤਾ ਗਿਆ ਅਤੇ ਉਨ੍ਹਾਂ ਦਾ ਸਸਕਾਰ ਤਿਰੰਗੇ 'ਚ ਲਪੇਟ ਕੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਵੇਂ ਸ਼੍ਰੀ ਦੇਵੀ ਨੂੰ ਪਦਮਸ਼੍ਰੀ ਐਵਾਰਡ ਮਿਲਿਆ ਹੋਇਆ ਸੀ ਪਰ ਸੱਚ ਤਾਂ ਇਹ ਹੈ ਕਿ ਉਨ੍ਹਾਂ ਦੀ ਮੌਤ ਸ਼ਰਾਬ ਕਾਰਨ ਹੋਈ ਸੀ। ਇਸ ਤਰ੍ਹਾਂ ਇਹ ਲਗਦਾ ਹੈ ਕਿ ਇਹ ਸਾਰਾ ਕੁੱਝ ਕਿਸੇ ਹੋਰ ਤੱਥ ਨੂੰ ਛੁਪਾਉਣ ਵਾਸਤੇ ਕੀਤਾ ਗਿਆ ਹੈ।