ਬਾਰ੍ਹਾਂ ਸਾਲਾ ਬੱਚੀ ਬਣੀ ਆਪਣਿਆਂ ਦੀ ਹਵਸ ਦਾ ਸ਼ਿਕਾਰ
ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੇ ਖੂਨ ਦੇ ਰਿਸ਼ਤੇ ਨੂੰ ਤਾਰੋ-ਤਾਰ ਕਰ ਦਿੱਤਾ ਹੈ।
ਸਾਗਰ: ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੇ ਖੂਨ ਦੇ ਰਿਸ਼ਤੇ ਨੂੰ ਤਾਰੋ-ਤਾਰ ਕਰ ਦਿੱਤਾ ਹੈ। ਸਾਗਰ ਜ਼ਿਲ੍ਹੇ ਵਿਚ ਇਕ ਲੜਕੀ ਦੇ ਚਾਚੇ ਅਤੇ ਭਰਾਵਾਂ ਵੱਲੋਂ ਉਸ ਨੂੰ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਉਸਦੀ ਸਿਰ ਕੱਟ ਕੇ ਹੱਤਿਆ ਕਰ ਦਿੱਤੀ ਗਈ।
ਪ੍ਰੈਸ ਕਾਨਫਰੰਸ ਵਿਚ ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏ ਪੁਲਿਸ ਨੇ ਵੀ ਇਸ ਨੂੰ ਘਿਨੌਣਾ ਕਰਾਰ ਦਿੱਤਾ ਹੈ। ਸਾਗਰ ਦੇ ਐਸਪੀ ਅਮਿਤ ਸਾਂਘੀ ਨੇ ਦੱਸਿਆ ਕਿ 14 ਮਾਰਚ ਨੂੰ ਇਕ ਸੂਚਨਾ ਮਿਲੀ ਸੀ ਕਿ ਇਕ ਖੇਤ ਵਿਚ ਨਾਬਾਲਿਗ ਦੀ ਸਿਰ ਕੱਟੀ ਹੋਈ ਲਾਸ਼ ਬਰਾਮਦ ਹੋਈ ਹੈ। ਮਾਮਲਾ ਗੰਭੀਰ ਸੀ, ਜਿਸ ਕਰਕੇ ਇਸ ਦੀ ਜਾਂਚ ਡੂੰਘਾਈ ਨਾਲ ਕੀਤੀ ਗਈ।
ਮਾਮਲੇ ਵਿਚ ਮ੍ਰਿਤਕ ਦੇ ਪਰਿਵਾਰ ਤੋਂ ਪੁੱਛ-ਗਿਛ ਕੀਤੀ ਗਈ ਤਾਂ ਉਹਨਾਂ ਦੇ ਬਿਆਨਾਂ ਵਿਚ ਅਸਮਾਨਤਾ ਪਾਈ ਗਈ। ਇਸ ਤੋਂ ਬਾਅਦ ਪੁਲਿਸ ਨੇ ਸਖ਼ਤੀ ਨਾਲ ਪੁੱਛ-ਗਿਛ ਕੀਤੀ, ਤਾਂ ਜੋ ਜਾਣਕਾਰੀ ਮਿਲੀ ਉਹ ਦਿਲ ਦਹਿਲਾ ਦੇਣ ਵਾਲੀ ਸੀ। ਬਾਰ੍ਹਾਂ ਸਾਲ ਦੀ ਨਾਬਾਲਿਗ ਦੇ ਨਾਲ ਉਸ ਦੇ ਭਰਾਵਾਂ ਨੇ ਆਪਣੇ ਚਾਚੇ ਨਾਲ ਮਿਲ ਕੇ ਚਾਚੇ ਦੇ ਘਰ ਵਿਚ ਸਮੂਹਿਕ ਬਲਾਤਕਾਰ ਕੀਤਾ। ਇਸ ਤੋਂ ਬਾਅਦ ਜਦੋਂ ਲੜਕੀ ਨੇ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਗੱਲ ਕਹੀ ਤਾਂ ਉਹਨਾਂ ਨੇ ਬਿਨਾਂ ਕਿਸੇ ਡਰ ਤੋਂ ਲੜਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਮੁਲਜ਼ਮਾਂ ਨੇ ਪਹਿਲਾਂ ਤਾਂ ਉਸਦਾ ਗਲ੍ਹਾ ਘੁੱਟਿਆ ਅਤੇ ਬਾਅਦ ਵਿਚ ਉਸਦਾ ਸਿਰ ਕੱਟ ਕੇ ਉਸਦੀ ਲਾਸ਼ ਨੂੰ ਖੇਤ ਵਿਚ ਸੁੱਟ ਦਿੱਤਾ। ਮੁਲਜ਼ਮ ਹਾਲੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹੈ ਅਤੇ ਪੁਲਿਸ ਨੇ ਵਾਰਦਾਤ ਦੇ ਮੁੱਖ ਦੋਸ਼ੀ ‘ਤੇ 25000 ਦੇ ਇਨਾਮ ਦੀ ਘੋਸ਼ਣਾ ਕੀਤੀ ਹੈ।