ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਵਿਚ ਔਰਤ ਨੇ ਕੀਤੀ ਬੇਅਦਬੀ ਕਰਨ ਦੀ ਕੋਸ਼ਿਸ਼
ਮਹਿਲਾ ਦੇ ਕਬਜ਼ੇ ਵਿਚੋਂ ਮਾਚਿਸ ਅਤੇ ਸਿਗਰਟਾਂ ਦੀਆਂ ਡੱਬੀਆਂ ਬਰਾਮਦ
ਜੰਮੂ (ਸਰਬਜੀਤ ਸਿੰਘ): ਜੰਮੂ ਦੇ ਗੁਰੂ ਨਾਨਕ ਨਗਰ ਇਲਾਕੇ ਵਿਚ ਪੈਂਦੇ ਸੱਭ ਤੋਂ ਵੱਡੇ ਗੁਰੂ ਘਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ 'ਚ ਇਕ ਔਰਤ ਵਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਦੇ ਗੁਰਦਵਾਰਾ ਸਾਹਿਬ ਅੰਦਰ ਰਾਤ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਹੀ ਇਕ ਮਹਿਲਾ ਗੁਰਦੁਆਰਾ ਸਾਹਿਬ ਦੇ ਮੁੱਖ ਦੀਵਾਨ ਹਾਲ ਅੰਦਰ ਦਾਖ਼ਲ ਹੋ ਗਈ
ਜਿਥੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਹੇਠ ਲੁੱਕ ਕੇ ਲੇਟ ਗਈ। ਕੁੱਝ ਸਮੇਂ ਬਾਅਦ ਗੁਰਦਵਾਰਾ ਸਾਹਿਬ ਦੇ ਸੇਵਾਦਾਰ ਹਕੂਮਤ ਸਿੰਘ ਨੇ ਜਦੋਂ ਅਚਾਨਕ ਪਾਲਕੀ ਸਾਹਿਬ ਹੇਠ ਹਿਲ-ਜੁਲ ਹੁੰਦੀ ਦੇਖੀ ਤਾਂ ਉਨ੍ਹਾਂ ਗੁਰਦਵਾਰਾ ਸਾਹਿਬ ਅੰਦਰ ਜਾ ਕਿ ਉਸ ਮਹਿਲਾ ਨੂੰ ਪਾਲਕੀ ਸਾਹਿਬ ਦੇ ਹੇਠਾਂ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਸ ਮਹਿਲਾ ਨੇ ਅਚਾਨਕ ਹਮਲਾ ਕਰ ਕੇ ਸੇਵਾਦਾਰ ਹਕੂਮਤ ਸਿੰਘ ਨੂੰ ਜ਼ਖ਼ਮੀ ਕਰ ਦਿਤਾ।
ਹਕੂਮਤ ਸਿੰਘ ਦੇ ਰੌਲਾ ਪਾਉਣ ਤੋਂ ਬਾਅਦ ਦੋ ਹੋਰ ਸੇਵਾਦਾਰ ਪਹੁੰਚੇ, ਜਿਨ੍ਹਾਂ ਉਸ ਮਹਿਲਾ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਕਢਿਆ ਅਤੇ ਗੁਰਦੁਆਰਾ ਕਮੇਟੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਗਾਂਧੀ ਨਗਰ ਤੋਂ ਪਹੁੰਚੀ ਪੁਲਿਸ ਪਾਰਟੀ ਨੇ ਮਹਿਲਾ ਨੂੰ ਅਪਣੀ ਹਿਰਾਸਤ 'ਚ ਲੈ ਲਿਆ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਹਕੂਮਤ ਸਿੰਘ ਨੇ ਦਸਿਆ ਕਿ ਉਨ੍ਹਾਂ ਅਪਣੇ ਦੋ ਸਹਿਯੋਗੀ ਸੇਵਾਦਾਰਾਂ ਨਾਲ ਬੜੀ ਹੀ ਮੁਸ਼ਕਲ ਨਾਲ ਮਹਿਲਾ ਨੂੰ ਕਾਬੂ ਕੀਤਾ,
ਜਿਹੜੀ ਪਾਲਕੀ ਸਾਹਿਬ ਦੇ ਹੇਠਾਂ ਲੁੱਕੀ ਹੋਈ ਸੀ। ਉਸ ਸਮੇਂ ਮਹਿਲਾ ਕੋਲੋਂ ਸਿਗਰਟਾਂ ਦੀਆਂ ਡੱਬੀਆਂ ਅਤੇ ਮਾਚਿਸ ਵੀ ਸੀ। ਹੋ ਸਕਦਾ ਹੈ ਕਿ ਉਹ ਮਾਚਿਸ ਰਾਹੀਂਂ ਗੁਰਦੁਆਰਾ ਸਾਹਿਬ ਅੰਦਰ ਪਏ ਮਹਾਰਾਜ ਦੇ ਸਰੂਪ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਦੀ। ਉਧਰ ਸਿੱਖ ਯੂਥ ਸੇਵਾ ਟਰਸੱਟ ਦੇ ਪ੍ਰਧਾਨ ਤੇਜਿੰਦਰਪਾਲ ਸਿੰਘ, ਸੁਪਰੀਮ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਅਤੇ ਸਿੱਖ ਨੌਜਵਾਨ ਸਭਾ ਗੁਰੂ ਨਾਨਕ ਨਗਰ ਦੇ ਗੌਰਵਜੀਤ ਸਿੰਘ ਨੇ ਇਸ ਘਟਨਾ ਦੀ ਨਿਖੇਧੀ ਕਰਦੇ ਹੋਏ ਕਿਹਾ
ਕਿ ਇਸ ਘਟਨਾ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਸਥਾਨਕ ਕਮੇਟੀ ਅਤੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਿਸ ਦੇ ਚਲਦੇ ਹੁਣ ਤਕ ਉਸ ਮਹਿਲਾ ਉਪਰ ਕੋਈ ਵੀ ਮਾਮਲਾ ਪੁਲਿਸ ਵਲੋਂ ਦਰਜ ਨਹੀ ਕੀਤਾ ਗਿਆ। ਉਨ੍ਹਾਂ ਦੋਸ਼ ਲਗਾਉਂਦੇ ਕਿਹਾ ਕਿ ਬੇਅਦਬੀ ਕਰਨ ਦੀ ਕੋਸ਼ਿਸ਼ 'ਚ ਕਾਬੂ ਆਈ ਮਹਿਲਾ ਦੀ ਪੂਰੀ ਰਿਕਾਰਡਿੰਗ ਗੁਰਦਵਾਰਾ ਸਾਹਿਬ ਵਿਚ ਲੱਗੇ ਕੈਮਰਿਆਂ ਵਿਚ ਕੈਦ ਹੈ। ਮਹਿਲਾ ਅਪਣੇ ਮੋਬਾਈਲ ਰਾਹੀਂ ਕੁੱਝ ਲੋਕਾਂ ਦੇ ਲਿੰਕ ਵਿਚ ਸੀ ਜਿਸ ਤੋਂ ਉਹ ਆਦੇਸ਼ ਲੈ ਰਹੀ ਸੀ
ਪਰ ਸਥਾਨਕ ਗੁਰਦੁਆਰਾ ਕਮੇਟੀ ਮੈਂਬਰ ਸੀਸੀਟੀਵੀ ਦੀ ਫੁੱਟੇਜ ਨੂੰ ਇਹ ਆਖ ਕੇ ਦਿਖਾਉਣ ਤੋਂ ਮੁਕਰ ਰਹੇ ਹਨ ਕਿ ਉਨ੍ਹਾਂ ਕੋਲ ਸੀਸੀਟੀਵੀ ਦੀ ਫੁੱਟੇਜ ਦਾ ਪਾਸਵਰਡ ਨਹੀਂ। ਉਨ੍ਹਾਂ ਦਸਿਆ ਕਿ ਪੁਲਿਸ ਨੇ ਵੀ ਇਸ ਮਾਮਲੇ ਦੀ ਜਾਂਚ ਕਰਨ ਦੀ ਥਾਂ ਇਹ ਆਖ ਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮਹਿਲਾ ਦੀ ਦਿਮਾਗ਼ੀ ਹਾਲਤ ਠੀਕ ਨਹੀਂ ਹੈ। ਉਨ੍ਹਾਂ ਕਿਹਾ ਜੇਕਰ ਪੁਲਿਸ ਸ਼ੱਕੀ ਮਹਿਲਾ 'ਤੇ ਮਾਮਲਾ ਦਰਜ ਕਰ ਕੇ ਇਮਾਨਦਾਰੀ ਨਾਲ ਜਾਂਚ ਕਰੇ ਤਾਂ ਇਸ ਘਟਨਾ ਪਿਛੇ ਸ਼ਾਮਲ ਲੋਕਾਂ ਨੂੰ ਬੇਨਕਾਬ ਕੀਤਾ ਜਾ ਸਕਦਾ ਹੈ।