ਕਰੋੜਾਂ ਦਾ ਢਾਬਾ ਕਿਸਾਨਾਂ ਲੇਖੇ ਲਾਉਣ ਤੋਂ ਬਾਅਦ ਇਸ ਸ਼ਾਹੂਕਾਰ ਨੇ ਕਿਸਾਨਾਂ ਨਾਲ ਹੀ ਮਨਾਇਆ ਜਨਮਦਿਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੱਬ ਜਲਦ ਤੋਂ ਜਲਦ ਸਰਕਾਰ ਨੂੰ ਬੁੱਧੀ ਦੇਵੇ ਤਾਂ ਜੋ ਖੇਤੀ ਕਾਨੂੰਨ ਰੱਦ ਹੋ ਸਕਣ - ਰਾਣਾ

File Photo

ਨਵੀਂ ਦਿੱਲੀ (ਸੁਰਖ਼ਾਬ ਚੰਨ) ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਬਾਰਡਰ ’ਤੇ ਜਾਰੀ ਕਿਸਾਨੀ ਸੰਘਰਸ਼ ਦੌਰਾਨ ਕਈ ਮਿਸਾਲਾਂ ਦੇਖਣ ਨੂੰ ਮਿਲ ਰਹੀਆਂ ਹਨ। ਜਿੱਥੇ ਪੰਜਾਬ ਹਰਿਆਣਾ ਦੀ ਆਪਣੀ ਭਾਈਚਾਰਕ ਸਾਂਝ ਵੀ ਵਧ ਰਹੀ ਹੈ ਉੱਥੇ ਹੀ ਰਾਣਾ ਨਾਮ ਦੇ ਵਿਅਕਤੀ ਨੇ ਆਪਣੀ ਕਰੋੜਾਂ ਦੀ ਸੰਪਤੀ ਕਿਸਾਨਾਂ ਨੂੰ ਦੇ ਦਿੱਤੀ ਸੀ ਮਤਲਬ ਇਕ ਰੈਸਟੋਰੈਂਟ ਕਿਸਾਨਾਂ ਨੂੰ ਦਾਨ ਕੀਤਾ ਸੀ ਅੱਜ 19 ਮਾਰਚ ਨੂੰ ਰਾਣਾ ਦਾ ਜਨਮਦਿਨ ਹੈ ਤੇ ਉਹ ਕਿਸਾਨਾਂ ਦੇ ਨਾਲ ਹੀ ਕੇਕ ਕੱਟ ਕੇ ਵੱਖਰੇ ਤਰੀਕੇ ਨਾਲ ਆਪਣਾ ਜਨਮਦਿਨ ਮਨਾ ਰਹੇ ਹਨ।

ਉਹਨਾਂ ਨੇ ਸਪੋਕਸਮੈਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਦਿਨ ਸਭ ਲਈ ਖਾਸ ਹੁੰਦਾ ਹੈ ਤੇ ਉਹ ਆਪਣਾ ਇਹ ਖ਼ਾਸ ਦਿਨ ਕਿਸਾਨਾਂ ਨਾਲ ਮਨਾ ਰਹੇ ਹਨ ਅਤੇ ਉਹਨਾਂ ਨੂੰ ਕਿਸਾਨਾਂ ਨਾਲ ਜਨਮਦਿਨ ਮਨਾਉਣ ਦੀ ਐਨੀ ਖ਼ੁਸ਼ੀ ਹੈ ਕਿ ਉਹ ਬਿਆਨ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਕਿਸਾਨਾਂ ਨਾਲ ਜਨਮਦਿਨ ਮਨਾਉਣ ਦਾ ਦਿਨ ਪਹਿਲਾਂ ਕਦੇ ਨਹੀਂ ਆਇਆ ਅਤੇ ਨਾ ਹੀ ਕਦੇ ਆਵੇਗਾ, ਇਸ ਲਈ ਅੱਜ ਉਹ ਕਿਸਾਨਾਂ ਨਾਲ ਹੀ ਆਪਣਾ ਜਨਮਦਿਨ ਮਨਾ ਰਹੇ ਹਨ।

ਉਹਨਾਂ ਕਿਹਾ ਕਿ ਮੇਰੇ ਪਰਿਵਾਰ ਵਾਲਿਆਂ ਦਾ ਮੈਨੂੰ ਫੋਨ ਆਇਆ ਅਤੇ ਉਹਨਾਂ ਨੇ ਪੁੱਛਿਆ ਕਿ ਤੁਸੀਂ ਅੱਜ ਘਰ ਨਹੀਂ ਆ ਰਹੇ ਤਾਂ ਰਾਣਾ ਨੇ ਕਿਹਾ ਕਿ ਨਹੀਂ ਉਹਨਾਂ ਦਾ ਪਰਿਵਾਰ ਇੱਥੇ ਵੀ ਹੈ ਅਤੇ ਇਹ ਪਰਿਵਾਰ ਕਦੇ ਕਦੇ ਹੀ ਮਿਲਦਾ ਹੈ ਇਸ ਲਈ ਉਹ ਇਸ ਕਿਸਾਨ ਪਰਿਵਾਰ ਨਾਲ ਹੀ ਜਨਮਦਿਨ ਮਨਾਉਣਗੇ। ਆਪਣੇ ਇਸ ਜਨਮਦਿਨ 'ਤੇ ਰਾਣਾ ਨੇ ਆਪਣੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਸਾਢੇ ਤਿੰਨ ਮਹੀਨਿਆਂ ਤੋਂ ਉੱਪਰ ਸੰਘਰਸ਼ ਕਰਦਿਆਂ ਨੂੰ ਹੋ ਗਏ ਨੇ ਤੇ ਹੁਣ ਉਹਨਾਂ ਨੇ ਪਿੱਛੇ ਨਹੀਂ ਹਟਣਾ ਹੈ ਫਿਰ ਚਾਹੇ ਉਹਨਾਂ ਨੂੰ 3 ਸਾਲ ਹੀ ਕਿਉਂ ਨਾ ਸੰਘਰਸ਼ ਕਰਨਾ ਪਵੇ। ਉਹਨਾਂ ਕਿਹਾ ਕਿ ਉਹ ਹਮੇਸ਼ਾਂ ਹੀ ਕਿਸਾਨ ਭਰਾਵਾਂ ਦੇ ਨਾਲ ਖੜ੍ਹੇ ਹਨ ਤੇ ਜਦੋਂ ਵੀ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਤਾਂ ਉਸੇ ਵਕਤ ਹੀ ਉਹਨਾਂ ਦੀ ਮਦਦ ਕਰਦੇ ਹਨ। 

ਇਸ ਦੇ ਨਾਲ ਹੀ ਹਰਜਿੰਦਰ ਸਿੰਘ ਨਾਮ ਦੇ ਕਿਸਾਨ ਨੇ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ ਰਾਣਾ ਨੇ ਵਧ ਚੜ੍ਹ ਕੇ ਕਿਸਾਨਾਂ ਦੀ ਮਦਦ ਕੀਤੀ ਹੈ ਅਤੇ ਇਕ ਮਿਸਾਲ ਕਾਇਮ ਕੀਤੀ ਹੈ। ਹਰਜਿੰਦਰ ਸਿੰਘ ਨੇ ਪੰਜਾਬ-ਹਰਿਆਣਾ ਦੇ ਭਾਈਚਾਰੇ ਨੂੰ ਇਕੱਠੇ ਹੋਣ 'ਤੇ ਸਾਰਿਆਂ ਨੂੰ ਵਧਾਈ ਵੀ ਦਿੱਤੀ।

ਇਸ ਦੇ ਨਾਲ ਹੀ ਰਾਣਾ ਨੇ ਸਭ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਜਿੰਨੀ ਵੀ ਜ਼ਿੰਦਗੀ ਲੰਘ ਗਈ ਹੈ ਉਹਨਾਂ ਨੇ ਉਹ ਸ਼ਹਿਨਸ਼ਾਹਾਂ ਵਾਂਗ ਬਤਾਈ ਹੈ ਅਤੇ ਮੈਂ ਵੀ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਜਿੰਨੀ ਵੀ ਜ਼ਿੰਦਗੀ ਹੈ ਬਿਨ੍ਹਾਂ ਕਿਸੇ ਪਰਿਵਾਹ ਕੀਤੇ ਜਿਊਣੀ ਚਾਹੀਦੀ ਹੈ। ਉਹਨਾਂ ਨੇ ਸਰਕਾਰ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਰੱਬ ਜਲਦ ਤੋਂ ਜਲਦ ਸਰਕਾਰ ਨੂੰ ਬੁੱਧੀ ਦੇਵੇ ਤਾਂ ਜੋ ਖੇਤੀ ਕਾਨੂੰਨ ਰੱਦ ਹੋ ਸਕਣ।