ਮੁੱਖ ਮੰਤਰੀ ਨੂੰ ਹੋਈ ਕਿਸਾਨਾਂ ਦੀ ਚਿੰਤਾ, ਕੁੰਡਲੀ ਬਾਰਡਰ ’ਤੇ ਸ਼ੁਰੂ ਕਰਵਾਈ ਕੋਰੋਨਾ ਵੈਕਸੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ਼ੈਡਰੇਸ਼ਨ ਨੂੰ ਕੋਵਿਡ 19 ਤੋਂ ਬਚਾਅ ਲਈ ਲੋੜੀਂਦੀਆਂ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸਓਪੀਜ਼) ਦੀ ਪਾਲਣਾ ਕਰਨੀ ਚਾਹੀਦੀ ਹੈ

farmer corona vaccine

ਚੰਡੀਗੜ੍ਹ : ਹਰਿਆਣਾ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਤੋਂ ਬਾਅਦ ਸਰਕਾਰ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਕੁੰਡਲੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ’ਚ ਕਿਸਾਨਾਂ ਦੀ ਸਿਹਤ ਦੀ ਚਿੰਤਾ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬਾਰਡਰ ’ਤੇ ਕੋਵਿਡ-19 ਟੀਕਾਕਰਨ ਦੇ ਲਈ ਕੈਂਪ ਲਗਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਬਾਰਡਰ ’ਤੇ ਕੈਂਪ ਸਥਾਪਤ ਹੋ ਗਏ ਹਨ ਅਤੇ ਇਨ੍ਹਾਂ ’ਚ ਬੁਧਵਾਰ ਤੋਂ ਹੀ ਕਿਸਾਨਾਂ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ।

ਸਰਕਾਰੀ ਬੁਲਾਰੇ ਨੇ ਦਸਿਆ ਕਿ ਕੁੰਡਲੀ ਬਾਰਡਰ ’ਤੇ ਸਥਿਤ ਰਸੋਈ ਢਾਬਾ ’ਚ ਕੋਵਿਡ-19 ਟੀਕਾਕਰਨ ਮੁਹਿੰਮ ਸ਼ੁਰੂ ਕੀਤਾ ਗਿਆ ਹੈ। ਕਈ ਕਿਸਾਨਾਂ ਨੇ ਟੀਕਾ ਲਗਵਾ ਲਿਆ ਹੈ। ਇਸ ਨਾਲ ਹੀ, ਹਰਿਆਣਾ ਸਰਕਾਰ ਨੇ ਸਪੋਰਟਸ ਫ਼ੈਡਰੇਸਨ ਨੂੰ ਕਿਹਾ ਹੈ ਕਿ ਉਹ ਮੁਕਾਬਲਿਆਂ ਦੇ ਕੋਵਿਡ-19 ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰੇ। ਸਰਕਾਰ ਨੇ ਸਪੱਸ਼ਟ ਕਰ ਦਿਤਾ ਹੈ ਕਿ ਜੇ ਕੋਈ ਖਿਡਾਰੀ ਮੁਕਾਬਲੇ ਦੌਰਾਨ ਪਾਜ਼ੇਟਿਵ ਹੁੰਦਾ ਹੈ ਤਾਂ ਫ਼ੈਡਰੇਸ਼ਨ ਇਸ ਲਈ ਜ਼ਿੰਮੇਵਾਰ ਹੋਵੇਗੀ। ਇਸ ਲਈ ਫ਼ੈਡਰੇਸ਼ਨ ਨੂੰ ਕੋਵਿਡ 19 ਤੋਂ ਬਚਾਅ ਲਈ ਲੋੜੀਂਦੀਆਂ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸਓਪੀਜ਼) ਦੀ ਪਾਲਣਾ ਕਰਨੀ ਚਾਹੀਦੀ ਹੈ।

ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲਿਆਂ ਬਾਰੇ ਰਾਜ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਜੇਕਰ ਰਾਜ ਵਿਚ ਕੋਈ ਵੀ ਖੇਡ ਫ਼ੈਡਰੇਸ਼ਨ ਹਰਿਆਣੇ ਵਿਚ ਕਿਸੇ ਕਿਸਮ ਦਾ ਟੂਰਨਾਮੈਂਟ ਜਾਂ ਕੋਈ ਕੌਮੀ ਪੱਧਰ ਦਾ ਟੂਰਨਾਮੈਂਟ ਕਰਵਾਉਂਦੀ ਹੈ ਤਾਂ ਉਨ੍ਹਾਂ ਨੂੰ ਕੋਵਿਡ ਦਾ 72 ਘੰਟੇ ਪਹਿਲਾਂ ਟੈਸਟ ਕਰਨਾ ਹੁੰਦਾ ਹੈ, ਇਸਦਾ ਨਿਯਮਤ ਤੇਜੀ ਨਾਲ ਟੈਸਟ ਕਰਾਉਣਾ ਪੈਂਦਾ ਹੈ। ਖਿਡਾਰੀ ਅਤੇ ਉਨ੍ਹਾਂ ਦੇ ਨਿਵਾਸ ਸਥਾਨ ਦੀ ਸਫ਼ਾਈ ਕੀਤੀ ਜਾਣੀ ਚਾਹੀਦੀ ਹੈ। ਸਾਰੀਆਂ ਫ਼ੈਡਰੇਸ਼ਨਾਂ ਲਈ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ। ਇਸ ਦੇ ਨਾਲ ਹੀ ਖੇਡਾਂ ਦਾ ਆਯੋਜਨ ਕਰਨ ਵਾਲੀ ਫ਼ੈਡਰੇਸ਼ਨ ਨੂੰ ਵੀ ਖਿਡਾਰੀਆਂ ਦੇ ਰਹਿਣ ਅਤੇ ਖ਼ਾਣ ਪੀਣ ਦੇ ਢੁੱਕਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।