ਅਸਾਮ ਦੌਰੇ ਦੌਰਾਨ ਬੋਲੇ ਰਾਹੁਲ ਗਾਂਧੀ, ਇਕ-ਦੂਜੇ ਨਾਲ ਲੜਾ ਕੇ ਸਭ ਵੇਚਿਆ ਜਾ ਰਿਹਾ ਹੈ
ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਰਾਜਨੀਤੀ ਵਿਚ ਆਉਣਾ ਚਾਹੀਦਾ ਹੈ ਅਤੇ ਰਾਜਨੀਤੀ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ - ਰਾਹੁਲ ਗਾਂਧੀ
ਨਵੀਂ ਦਿੱਲੀ - ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਅਸਾਮ ਦੇ ਦੌਰੇ 'ਤੇ ਹਨ ਤੇ ਉਹ ਅਸਾਮ ਦੀ ਚੁਣਾਵੀ ਰੈਲੀ ਵਿਚ ਉਤਰ ਗਏ ਹਨ। ਦਿਬਰੂਗੜ ਦੇ ਲਾਹੋਵਲ ਵਿਚ ਰਾਹੁਲ ਗਾਂਧੀ ਨੇ ਉੱਥੋਂ ਦੇ ਕਾਲਜ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਬੱਚਿਆਂ ਨੂੰ ਪੁੱਛਿਆ ਕਿ ਜਿਵੇਂ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦਿੰਦਾ ਹਾਂ ਕੀ ਇੱਥੋਂ ਦੇ ਮੁੱਖ ਮੰਤਰੀ ਵੀ ਇਸ ਤਰ੍ਹਾਂ ਹੀ ਜਵਾਬ ਦਿੰਦੇ ਹਨ? ਬੱਚਿਆਂ ਨੇ ਆਪਣੇ ਜਵਾਬ ਵਿਚ ਨਾ ਕਿਹਾ।
ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਰਾਜਨੀਤੀ ਵਿਚ ਆਉਣਾ ਚਾਹੀਦਾ ਹੈ ਅਤੇ ਰਾਜਨੀਤੀ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਆਪਣੇ ਅਸਾਮ ਦੇ ਲਈ ਪਿਆਰ ਅਤੇ ਨਿਮਰਤਾ ਨਾਲ ਲੜਨਾ ਚਾਹੀਦਾ ਹੈ। ਭਾਰਤ ਵਿਚ ਲੋਕਤੰਤਰ ਦੀ ਸਥਿਤੀ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਲੋਕ ਦਿਲ ਖੋਲ੍ਹ ਕੇ ਗੱਲ ਨਹੀਂ ਕਰ ਸਕਦੇ ਤਾਂ ਕੋਈ ਨਾ ਕੋਈ ਕਮੀ ਤਾਂ ਜ਼ਰੂਰ ਹੋਵੇਗੀ।
ਹਰ ਭਾਸ਼ਾ, ਧਰਮਾਂ ਦੇ ਵਿਚਕਾਰ ਜੋ ਖੁੱਲ੍ਹ ਕੇ ਗੱਲਬਾਤ ਹੁੰਦੀ ਹੈ ਉਸ ਨੂੰ ਅਸੀਂ ਲੋਕਤੰਤਰ ਕਹਿੰਦੇ ਹਾਂ ਪਰ ਜੇ ਤੁਸੀਂ ਦਿੱਲੀ ਜਾਓਗੇ ਤਾਂ ਆਪਣੀ ਭਾਸ਼ਾ ਨਹੀਂ ਬੋਲ ਪਾਓਗੇ। ਨਾਗਪੁਰ ਵਿਚ ਇਕ ਸ਼ਕਤੀ ਪੈਂਦਾ ਹੋਈ ਜੋ ਪੂਰੇ ਹਿੰਦੁਸਤਾਨ ਨੂੰ ਕੰਟਰੋਲ ਕਰਨ ਵਿਚ ਲੱਗੀ ਹੋਈ ਹੈ ਉਹ ਹਿੰਦੁਸਤਾਨ ਦਾ ਧਨ ਚਾਹੁੰਦੇ ਹਨ।
ਕੇਂਦਰ ਸਰਕਾਰ 'ਤੇ ਵਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਅਸਾਮ ਦੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ। ਇਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਕੇ ਅਤੇ ਉਸ ਤੋਂ ਬਾਅਦ ਜੋ ਕੁੱਝ ਵੀ ਉਹਨਾਂ ਕੋਲ ਹੈ ਏਅਰਪੋਰਟ ਜਾਂ ਟੀ-ਗਾਰਡਨ ਉਹਨਾਂ ਸਭ ਨੂੰ ਵੇਚ ਕੇ ਆਪਣੇ ਸਾਥੀਆਂ ਨੂੰ ਦਿੱਤਾ ਜਾ ਰਿਹਾ ਹੈ।