ਤਿੰਨ ਦਿਨ ਦੇ ਦੌਰੇ ਲਈ ਅੱਜ ਭਾਰਤ ਆਉਣਗੇ ਅਮਰੀਕਾ ਦੇ ਰੱਖਿਆ ਸਕੱਤਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕਰਨਗੇ ਮੁਲਾਕਾਤ

US Defence Secretary Lloyd J Austin III to arrive in India today

ਨਵੀਂ ਦਿੱਲੀ: ਅਮਰੀਕਾ ਦੇ ਰੱਖਿਆ ਸਕੱਤਰ ਲਾਇਡ ਆਸਟਿਨ ਅਪਣੇ ਤਿੰਨ ਦਿਨ ਦੇ ਦੌਰੇ ਲਈ ਅੱਜ ਭਾਰਤ ਆਉਣਗੇ। ਇਸ ਦੌਰਾਨ ਉਹ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ ਅਤੇ ਦੋਵੇਂ ਦੇਸ਼ਾਂ ਵਿਚਾਲੇ ਰੱਖਿਆ ਸਹਿਯੋਗ ਨੂੰ ਮਜਬੂਤ ਕਰਨ ਬਾਰੇ ਵਿਚਾਰ ਕਰਨਗੇ।

ਮੀਡੀਆ ਰਿਪੋਰਟਾਂ ਅਨੁਸਾਰ ਲਾਇਡ ਆਸਟਿਨ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਨੇਤਾਵਾਂ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਪਹਿਲੀ ਵਾਰ ਕੋਈ ਅਮਰੀਕੀ ਮੰਤਰੀ ਭਾਰਤ ਦੌਰੇ ’ਤੇ ਆ ਰਿਹਾ ਹੈ।

ਅਮਰੀਕੀ ਰੱਖਿਆ ਸਕੱਤਰ ਅੱਜ ਸ਼ਾਮ ਨੂੰ ਦਿੱਲੀ ਪਹੁੰਚਣਗੇ। ਸ਼ਨੀਵਾਰ ਸਵੇਰੇ ਉਹ ਸਭ ਤੋਂ ਪਹਿਲਾਂ ਨੈਸ਼ਨਲ ਵਾਰ ਮੈਮੋਰੀਅਲ ’ਤੇ ਜਵਾਨਾਂ ਨੂੰ ਸ਼ਰਧਾਂਜਲੀ ਦੇਣਗੇ।  ਇਸ ਤੋਂ ਬਾਅਦ ਉਹ ਸਾਊਥ ਬਲਾਕ ਜਾਣਗੇ ਜਿੱਥੇ ਉਹਨਾਂ ਨੂੰ ਤਿੰਨੋ ਸੈਨਾਵਾਂ ਵੱਲੋਂ ਗਾਰਡ ਆਫ ਆਨਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਉਹ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ।