ਯੂਕਰੇਨ 'ਚ ਮਾਰੇ ਗਏ ਭਾਰਤੀ ਵਿਦਿਆਰਥੀ ਨਵੀਨ ਦੀ ਲਾਸ਼ ਮੈਡੀਕਲ ਖੋਜ ਲਈ ਦਾਨ ਕਰੇਗਾ ਪਰਿਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

21 ਮਾਰਚ ਨੂੰ ਭਾਰਤ ਪਹੁੰਚੇਗੀ ਦੇਹ

Naveen Shekarappa Gyanagoudar

 

ਨਵੀਂ ਦਿੱਲੀ: ਯੂਕਰੇਨ ਦੇ ਖਾਰਕੀਵ ਸ਼ਹਿਰ ਵਿੱਚ ਮਾਰੇ ਗਏ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਗਿਆਨਗੌਦਰ ਦੇ ਮਾਪਿਆਂ ਨੇ ਆਪਣੇ ਪੁੱਤਰ ਦੀ ਲਾਸ਼ ਨੂੰ ਮੈਡੀਕਲ ਖੋਜ ਲਈ ਦਾਨ ਕਰਨ ਦਾ ਫੈਸਲਾ ਕੀਤਾ ਹੈ।

 

 

ਸ਼ਨੀਵਾਰ ਨੂੰ ਜਾਣਕਾਰੀ ਦਿੰਦੇ ਹੋਏ ਨਵੀਨ ਦੇ ਪਿਤਾ ਸ਼ੰਕਰੱਪਾ ਨੇ ਦੱਸਿਆ ਕਿ ਮੇਰਾ ਬੇਟਾ ਮੈਡੀਕਲ ਦੇ ਖੇਤਰ 'ਚ ਕੁਝ ਹਾਸਲ ਕਰਨਾ ਚਾਹੁੰਦਾ ਸੀ, ਪਰ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਨਵੀਨ ਦੀ ਲਾਸ਼ ਨੂੰ ਘੱਟੋ-ਘੱਟ ਹੋਰ ਮੈਡੀਕਲ ਵਿਦਿਆਰਥੀ ਪੜ੍ਹਾਈ ਲਈ ਵਰਤ ਸਕਦੇ ਹਨ ਇਸ ਲਈ ਉਨ੍ਹਾਂ ਦੇ ਪਰਿਵਾਰ ਨੇ ਮੈਡੀਕਲ ਖੋਜ ਲਈ ਸਰੀਰ ਦਾਨ ਕਰਨ ਦਾ ਫੈਸਲਾ ਕੀਤਾ ਹੈ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਸਪੱਸ਼ਟ ਕੀਤਾ ਸੀ ਕਿ ਰੂਸ-ਯੂਕਰੇਨ ਗੋਲੀਬਾਰੀ ਦੌਰਾਨ ਮਾਰੇ ਗਏ ਨਵੀਨ ਦੀ ਲਾਸ਼ ਸੋਮਵਾਰ ਸਵੇਰੇ 3 ਵਜੇ ਜੰਗ ਦੇ ਮੈਦਾਨ ਤੋਂ ਬੈਂਗਲੁਰੂ ਹਵਾਈ ਅੱਡੇ 'ਤੇ ਪਹੁੰਚੇਗੀ।

ਹਾਲਾਂਕਿ ਇਸ ਤੋਂ ਪਹਿਲਾਂ ਸਰਕਾਰ ਵਲੋਂ ਐਤਵਾਰ ਨੂੰ ਲਾਸ਼ ਲਿਆਉਣ ਦਾ ਐਲਾਨ ਕੀਤਾ ਗਿਆ ਸੀ। ਦੱਸ ਦੇਈਏ ਕਿ ਕਰਨਾਟਕ ਦੇ ਮੁੱਖ ਮੰਤਰੀ ਨੇ ਨਵੀਨ ਸ਼ੇਖਰੱਪਾ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵੀ ਵਾਅਦਾ ਕੀਤਾ ਹੈ।