ਦਿੱਲੀ: ਲੜਕੀ ਨੂੰ ਜ਼ਬਰਦਸਤੀ ਕਾਰ 'ਚ ਬਿਠਾਉਣ ਦਾ ਮਾਮਲਾ, ਸਵਾਤੀ ਮਾਲੀਵਾਲ ਨੇ ਪੁਲਿਸ ਨੂੰ ਨੋਟਿਸ ਕੀਤਾ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੂੰ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ

photo

 

ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਦੋ ਨੌਜਵਾਨ ਦਿੱਲੀ ਦੇ ਟ੍ਰੈਫਿਕ ਵਿਚਾਲੇ ਇਕ ਲੜਕੀ ਨੂੰ ਜ਼ਬਰਦਸਤੀ ਕਾਰ 'ਚ ਬਿਠਾਉਂਦੇ ਨਜ਼ਰ ਆਏ। ਇਸ ਵੀਡੀਓ ਦੇ ਆਧਾਰ 'ਤੇ ਦਿੱਲੀ ਮਹਿਲਾ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਕਾਰਵਾਈ ਲਈ ਨੋਟਿਸ ਜਾਰੀ ਕੀਤਾ ਹੈ। ਵੀਡੀਓ ਨੂੰ ਲੈ ਕੇ ਦਿੱਲੀ 'ਚ ਔਰਤਾਂ ਦੀ ਸੁਰੱਖਿਆ 'ਤੇ ਇਕ ਵਾਰ ਫਿਰ ਸਵਾਲ ਉੱਠ ਰਹੇ ਹਨ। ਹਾਲਾਂਕਿ ਦਿੱਲੀ ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਹੈ!

ਵੀਡੀਓ ਨੂੰ ਸਾਂਝਾ ਕਰਦੇ ਹੋਏ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਇੱਕ ਔਰਤ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਕੁੱਟਮਾਰ ਕਰਨ ਦੇ ਇਸ ਵਾਇਰਲ ਵੀਡੀਓ ਦਾ ਨੋਟਿਸ ਲੈਂਦਿਆਂ ਮੈਂ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰ ਰਹੀ ਹਾਂ। ਕਮਿਸ਼ਨ ਇਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਏਗਾ। ਸੋਸ਼ਲ ਮੀਡੀਆ 'ਤੇ ਲੋਕ ਇਸ 'ਤੇ ਕਈ ਤਰ੍ਹਾਂ ਨਾਲ ਟਿੱਪਣੀਆਂ ਕਰ ਰਹੇ ਹਨ। 

 ਦੱਸ ਦੇਈਏ ਕਿ ਵਾਇਰਲ ਵੀਡੀਓ 'ਤੇ ਦਿੱਲੀ ਪੁਲਿਸ ਨੇ ਕਿਹਾ ਹੈ ਕਿ ਗੱਡੀ ਅਤੇ ਡਰਾਈਵਰ ਨੂੰ ਟਰੇਸ ਕਰ ਲਿਆ ਗਿਆ ਹੈ। ਦੋ ਲੜਕਿਆਂ ਅਤੇ ਇਕ ਲੜਕੀ ਨੇ ਰੋਹਿਣੀ ਤੋਂ ਵਿਕਾਸਪੁਰੀ ਲਈ ਕੈਬ ਬੁੱਕ ਕੀਤੀ ਸੀ। ਰਸਤੇ 'ਚ ਦੋਹਾਂ ਵਿਚਕਾਰ ਤਕਰਾਰ ਅਤੇ ਝਗੜਾ ਹੋ ਗਿਆ। ਤਕਰਾਰ ਤੋਂ ਬਾਅਦ ਲੜਕੀ ਨੇ ਉਥੋਂ ਚਲੇ ਜਾਣਾ ਚਾਹਿਆ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਲੜਕਾ ਲੜਕੀ ਨੂੰ ਜ਼ਬਰਦਸਤੀ ਕਾਰ ਦੇ ਅੰਦਰ ਧੱਕਦਾ ਹੈ।

ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਅਤੇ ਉਸਦੇ ਦੋਸਤਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਜਦੋਂ ਲੜਕੀ ਟੈਕਸੀ ਤੋਂ ਹੇਠਾਂ ਉਤਰ ਰਹੀ ਸੀ ਤਾਂ ਦੋਨਾਂ ਦੋਸਤਾਂ ਨੇ ਉਸਨੂੰ ਜ਼ਬਰਦਸਤੀ ਕਾਰ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਲੜਕੀ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।