ਜੰਮੂ ਕਸ਼ਮੀਰ: ਧਾਰਾ 370 ਹਟਣ ਤੋਂ ਬਾਅਦ ਕੇਂਦਰ ਸ਼ਾਸ਼ਤ ਪ੍ਰਦੇਸ਼ ਨੂੰ ਮਿਲਿਆ ਪਹਿਲਾ ਨਿਵੇਸ਼ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਪ੍ਰਾਜੈਕਟ ਤਹਿਤ ਸ੍ਰੀਨਗਰ ਦੇ ਬਾਹਰਵਾਰ ਇੱਕ ਸ਼ਾਪਿੰਗ ਮਾਲ ਅਤੇ ਬਹੁਮੰਜ਼ਿਲਾ ਇਮਾਰਤ ਦਾ ਨਿਰਮਾਣ ਕੀਤਾ ਜਾਵੇਗਾ।

J&K

ਸ੍ਰੀਨਗਰ  - ਦੁਬਈ ਸਥਿਤ ਬੁਰਜ ਖਲੀਫਾ ਬਣਾਉਣ ਵਾਲੀ ਕੰਪਨੀ ਐਮਾਰ ਜੰਮੂ-ਕਸ਼ਮੀਰ ਵਿਚ 500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕੰਪਨੀ ਨੇ ਐਤਵਾਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਪਹਿਲੇ ਵਿਦੇਸ਼ੀ ਸਿੱਧੇ ਨਿਵੇਸ਼ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰਾਜੈਕਟ ਤਹਿਤ ਸ੍ਰੀਨਗਰ ਦੇ ਬਾਹਰਵਾਰ ਇੱਕ ਸ਼ਾਪਿੰਗ ਮਾਲ ਅਤੇ ਬਹੁਮੰਜ਼ਿਲਾ ਇਮਾਰਤ ਦਾ ਨਿਰਮਾਣ ਕੀਤਾ ਜਾਵੇਗਾ।

ਘਾਟੀ ਵਿਚ ਨੀਂਹ ਪੱਥਰ ਰੱਖਣ ਦੇ ਸਮਾਗਮ ਦੌਰਾਨ ਕੇਂਦਰ ਸ਼ਾਸਤ ਪ੍ਰਦੇਸ਼ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਕਿਹਾ ਕਿ 500 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਵਿਚ 10,000 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੀ ਸਮਰੱਥਾ ਹੈ। ਕੇਂਦਰ ਵੱਲੋਂ 2019 ਵਿਚ ਧਾਰਾ 370 ਨੂੰ ਖ਼ਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਇਹ ਪਹਿਲਾ ਐਫਡੀਆਈ ਪ੍ਰੋਜੈਕਟ ਹੈ।

ਨੀਂਹ ਪੱਥਰ ਸਮਾਗਮ ਵਿਚ ਐਮਾਰ ਗਰੁੱਪ ਦੇ ਸੀਈਓ ਅਮਿਤ ਜੈਨ, ਬਾਲੀਵੁੱਡ ਅਭਿਨੇਤਾ ਵਿਵੇਕ ਓਬਰਾਏ ਅਤੇ ਅਦਾਕਾਰਾ ਨੀਤੂ ਚੰਦਰਾ ਮੌਜੂਦ ਸਨ। ਸਿਨਹਾ ਨੇ ਐਮਾਰ ਗਰੁੱਪ ਨੂੰ ਤਿੰਨ ਸਾਲਾਂ ਦੀ ਸਮਾਂ ਸੀਮਾ ਤੋਂ ਪਹਿਲਾਂ ਪ੍ਰੋਜੈਕਟ ਨੂੰ ਪੂਰਾ ਕਰਨ ਦੀ ਅਪੀਲ ਕੀਤੀ। ਮਨੋਜ ਸਿਨਹਾ ਨੇ ਕਿਹਾ, ''ਜੇਕਰ ਸੰਸਦ ਕੰਪਲੈਕਸ ਦਾ ਕੰਮ 1.5 ਸਾਲ ਦੇ ਅੰਦਰ ਪੂਰਾ ਹੋ ਸਕਦਾ ਹੈ ਤਾਂ ਅਸੀਂ ਨਿਸ਼ਚਿਤ ਤੌਰ 'ਤੇ ਇਸ ਨੂੰ ਤੈਅ ਸਮੇਂ ਤੋਂ ਪਹਿਲਾਂ ਪੂਰਾ ਕਰਨ ਦੀ ਉਮੀਦ ਕਰ ਸਕਦੇ ਹਾਂ।'' ਕੰਪਨੀ ਦੇ ਨਿਵੇਸ਼ 'ਤੇ ਡੂੰਘਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਇਕ ਰੁਪਏ ਦੇ ਹਰ ਨਿਵੇਸ਼ ਨਾਲ ਨੌਂ ਰੁਪਏ ਦਾ ਹੋਰ ਨਿਵੇਸ਼ ਹੋਵੇਗਾ। ਇਸ ਤਰ੍ਹਾਂ, 500 ਕਰੋੜ ਰੁਪਏ ਦਾ ਨਿਵੇਸ਼ ਭਵਿੱਖ ਵਿੱਚ 5,000 ਕਰੋੜ ਰੁਪਏ ਦੇ ਨਿਵੇਸ਼ ਵਿਚ ਬਦਲ ਜਾਵੇਗਾ।