ਹਿਮਾਚਲ ’ਚ ਪੰਜਾਬੀ ਨਾਲ ਧੱਕਾ-ਮੁੱਕੀ ਤੇ ਪੈਰਾਂ ਹੇਠ ਝੰਡਾ ਰੋਲਣ ਦੇ ਮਾਮਲੇ ’ਚ ਚਸ਼ਮਦੀਦ ਨੇ ਕੀਤਾ ਵੱਡਾ ਖ਼ੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚਸ਼ਮਦੀਦ ਅਮਨ ਸੂਦ ਨੇ ਦਸਿਆ ਕਿ ਕਿਉਂ ਹੋਇਆ ਵਿਵਾਦ?

Eyewitness makes major revelation in Himachal Pradesh in the case of a Punjabi man being beaten up and a flag being rolled under his feet

Himachal News: ਪਿਛਲੇ ਦਿਨੀਂ ਹਿਮਾਚਲ ’ਚ ਗੁਰਸਿੱਖ ਨੌਜਵਾਨ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੌਰਾਨ ਦੋਵਾਂ ਨੌਜਵਾਨਾਂ ’ਤੇ ਮਨਾਲੀ ਪੁਲਿਸ ਨੇ ਮਾਮਲਾ ਕੀਤਾ ਦਰਜ ਕੀਤਾ ਸੀ। ਦਸ ਦਈਏ ਨੌਜਵਾਨਾਂ ਨੇ ਮੋਟਰਸਾਈਕਲ ’ਤੇ ਝੰਡਾ ਲਗਾਇਆ ਸੀ। ਪੰਜਾਬ ਤੋਂ ਨੌਜਵਾਨ ਆਪਣੀਆਂ ਬਾਈਕਾਂ ’ਤੇ ਝੰਡੇ ਲਗਾ ਕੇ ਮਨਾਲੀ ਪਹੁੰਚੇ ਸੀ, ਜਿਨ੍ਹਾਂ ਨੂੰ ਪੁਲਿਸ ਤੇ ਕੁਝ ਸਥਾਨਕ ਲੋਕਾਂ ਨੇ ਰੋਕ ਕੇ ਧੱਕਾ-ਮੁੱਕੀ ਕੀਤੀ ਤੇ ਮੋਟਰਸਾਈਕਲ ’ਤੇ ਲਗਿਆ  ਝੰਡਾ ਉਤਾਰਿਆ ਤੇ ਪੈਰਾਂ ਹੇਠ ਰੋਲ ਦਿਤਾ ਸੀ। ਜਿਸ ਦੀ ਵੀਡੀਉ ਵੀ ਸਾਹਮਣੇ ਆਈ ਸੀ। 

ਇਸੇ ਵਿਵਾਦ ਨੂੰ ਲੈ ਕੇ ਝੰਡਾ ਪਾੜਨ ਵਾਲੇ ਅਮਨ ਸੂਦ ਦਾ ਰੋਜ਼ਾਨਾ ਸਪੋਕਸਮੈਨ ਨੇ Exclusive Interview ਕੀਤਾ, ਜਿਸ ਨੇ ਕੈਮਰੇ ਸਾਹਮਣੇ ਸਾਰੇ ਵਿਵਾਦ ਬਾਰੇ ਖੁੱਲ੍ਹ ਕੇ ਦਸਿਆ। ਉਨ੍ਹਾਂ ਕਿਹਾ ਕਿ ਬਾਗ਼ਵਾਨ ਦਾ ਕੰਮ ਕਰਦਾ ਹਾਂ ਤੇ ਮੇਰਾ ਇਕ ਹੋਟਲ ਵੀ ਹੈ। ਮੈਂ ਆਪਣੇ ਘਰ ਤੋਂ ਕੁੱਲੂ ਜਾ ਰਿਹਾ ਸੀ ਜਿਸ ਦੌਰਾਨ ਰਾਸਤੇ ਵਿਚ ਇਹ ਸਾਰੀ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਮੌਕੇ ਸੰਗਤ ਹਿਮਾਚਲ ਵਿਚ ਗੁਰੂ ਧਾਮਾਂ ’ਤੇ ਮੱਥਾ ਟੇਕਣ ਆਉਂਦੀ ਹੈ, ਜਿਸ ਵਿਚ ਕੁੱਝ ਸ਼ਰਾਰਤੀ ਅਨਸਰ ਸ਼ਾਮਲ ਹੁੰਦੇ ਹਨ।

ਪਿਛਲੇ 8 ਤੋਂ 10 ਦਿਨਾਂ ਵਿਚ ਜੋ ਸੰਗਤ ਹਿਮਾਚਲ ਵਿਚ ਆਉਣੀ ਸ਼ੁਰੂ ਹੋਈ ਉਦੋਂ ਤੋਂ ਹੀ ਹਰ ਰੋਜ਼ ਕੋਈ ਨਾ ਕੋਈ ਨਵਾਂ ਮਾਮਲਾ ਸਾਹਮਣੇ ਆ ਰਿਹਾ ਹੈ। ਜਿਸ ਦੌਰਾਨ ਇਕ ਬਜ਼ੁਰਗ ਨਾਲ ਵੀ ਕੁਟਮਾਰ ਕੀਤੀ ਗਈ ਸੀ। ਜਦੋਂ ਮੈਂ ਕੁੱਲੂ ਜਾ ਰਿਹਾ ਸੀ ਤਾਂ ਕੁੱਝ ਨੌਜਵਾਨ ਇਕ ਪਰਿਵਾਰ ਨਾਲ ਜਿਸ ਵਿਚ ਇਕ ਵਿਅਕਤੀ ਤੇ ਦੋ ਔਰਤਾਂ ਸਨ, ਨਾਲ ਕੁੱਟਮਾਰ ਕਰ ਰਹੇ ਸਨ ਤੇ ਇਕ ਹੋਰ ਵਿਵਾਦ ਕਿਸੋਲ ਬੈਰੀਅਰ ’ਤੇ ਹੋਇਆ ਜਿਥੇ ਹਰ ਇਕ ਤੋਂ ਟੋਲ ਟੈਕਸ ਲਿਆ ਜਾਂਦਾ ਹੈ, ਉਥੇ ਬੈਰੀਅਰ ਨੂੰ ਤੋੜਿਆ ਗਿਆ ਤੇ ਕਰਮਚਾਰੀਆਂ ਨੂੰ ਵੀ ਕੁੱਟਿਆ ਗਿਆ ਸੀ। ਇਹ ਲਾ-ਇਨ-ਆਡਰ ਦਾ ਮਾਮਲਾ ਹੈ।

ਉਨ੍ਹਾਂ ਕਿਹਾ ਕਿ ਸਿੱਖ ਸੰਗਤ ਨੇ ਜਿਥੇ ਵੀ ਜਾਣਾ ਹੈ ਉਹ ਨਿਸ਼ਾਨ ਸਾਹਿਬ ਜਾਂ ਫਿਰ ਆਪਣੇ ਗੁਰੂ ਸਾਹਿਬਨ ਦਾ ਝੰਡੇ ਲਗਾ ਕੇ ਜਾਣ ਨਾ ਕੇ ਖ਼ਾਲਿਸਤਾਨੀ ਝੰਡੇ ਲਗਾ ਕੇ ਜਾਣ। ਜਿਸ ਨਾਲ ਮਾਹੌਲ ਖ਼ਰਾਬ ਹੋਵੇ। ਉਨ੍ਹਾਂ ਕਿਹਾ ਕਿ ਜਿਹੜੇ ਝੰਡੇ ਜਿਸ ਤੋਂ ਦੂਜੇ ਸੂਬੇ ਦੀ ਜਨਤਾ ਆਹਤ ਹੁੰਦੀ ਹੈ, ਮਾਹੌਲ ਖ਼ਰਾਬ ਹੁੰਦਾ ਹੈ ਤਾਂ ਅਜਿਹੀ ਗੱਲਾਂ ਤੋਂ ਨੌਜਵਾਨਾਂ ਨੂੰ ਪ੍ਰਹੇਜ ਕਰਨਾ ਚਾਹੀਦਾ ਹੈ ਤਾਂ ਕਿ ਅਜਿਹੀ ਸਥਿਤੀ ਨਾ ਪੈਦਾ ਹੋਵੇ। ਅਜਿਹੇ ਮਾਮਲਿਆਂ ਵਿਚ ਪ੍ਰਸ਼ਾਸਨ ਨੂੰ ਦਖ਼ਲ ਦੇਣਾ ਚਾਹੀਦਾ ਹੈ ਤਾਂ ਜੋ ਹਿਮਾਚਲ ਤੇ ਪੰਜਾਬ ਵਿਚ ਭਾਈਚਾਰਾ ਬਣਿਆ ਰਹੇ। ਪੰਜਾਬ ਤੋਂ ਗਏ ਨੌਜਵਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ।

ਉਹ ਨਾ ਤਾਂ ਹੈਲਮੈਟ ਪਾਉਂਦੇ ਹਨ, Tripling ਕਰ ਕੇ ਆਉਂਦੇ ਹਨ ਤੇ ਕਈ ਤਾਂ ਨਸ਼ੇ ਵੀ ਕਰ ਕੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਹਿਮਾਚਲ ਵਿਚ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਆਉਂਦੇ ਹਨ ਪਰ ਕੁੱਝ ਕੁ ਲੋਕਾਂ ਨਾਲ ਹੀ ਇਹ ਵਿਵਾਦ ਕਿਉਂ ਹੁੰਦੇ ਹਨ? ਉਨ੍ਹਾਂ ਕਿਹਾ ਕਿ ਸਾਨੂੰ ਕਾਨੂੰਨ ਵਿਵਸਥਾ ਅਨੁਸਾਰ ਹੀ ਚਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਇਕ ਮੰਗ ਪੱਤਰ ਦੇਣਾ ਹੈ ਜਿਸ ਵਿਚ ਮੰਗ ਕੀਤੀ ਜਾਵੇਗੀ ਕਿ ਜਗ੍ਹਾਂ-ਜਗ੍ਹਾਂ ਚੈਕਿੰਗ ਕੀਤੀ ਜਾਵੇ, ਬੈਰੀਕੇਡਜ਼ ਲਗਾਏ ਜਾਣ ਤੇ ਪੁਲਿਸ ਵਲੋਂ ਨਾਕੇ ਲਗਾਏ ਜਾਣ ਤਾਂ ਜੋ ਕਾਨੂੰਨ ਵਿਵਸਥਾ ਬਣੀ ਰਹੇ।

ਜੋ ਕੰਮ ਪ੍ਰਸ਼ਾਸਨ ਦਾ ਹੈ ਉਹ ਪ੍ਰਸ਼ਾਸਨ ਹੀ ਕਰੇ ਤਾਂ ਜੋ ਅਜਿਹੇ ਮਾਮਲਿਆਂ ਵਿਚ ਸਥਾਨਕ ਜਨਤਾ ਕਿਸੇ ਨਾਲ ਲੜੇ ਨਾ ਤੇ ਕੋਈ ਤਕਰਾਰ ਹੁੰਦੀ ਵੀ ਹੈ ਤਾਂ ਪ੍ਰਸ਼ਾਸਨ ਉਸ ਵਿਚ ਦਖ਼ਲ ਦੇ ਸਕੇ ਜਾਂ ਫਿਰ ਦੇਵੇ ਤੇ ਮਾਹੌਲ ਖ਼ਰਾਬ ਨਾ ਹੋਵੇ, ਭਾਈਚਾਰਾ ਬਣਿਆ ਰਹੇ।