ਹਿਮਾਚਲ ਸਰਕਾਰ ਨੇ ਪੰਜਾਬ ਦੇ 10 ਰੂਟਾਂ ’ਤੇ ਬੱਸਾਂ ਦਾ ਸੰਚਾਲਨ ਮੁਅੱਤਲ ਕੀਤਾ, CM ਸੁੱਖੂ ਨੇ ਕੀਤੀ CM ਭਗਵੰਤ ਸਿੰਘ ਮਾਨ ਨਾਲ ਗੱਲ
ਪੰਜਾਬ ਸਾਡਾ ਵੱਡਾ ਭਰਾ ਹੈ, ਮੁੱਖ ਮੰਤਰੀ ਮਾਨ ਨੇ ਹਿਮਾਚਲ ਦੀਆਂ ਬੱਸਾਂ ਅਤੇ ਮੁਸਾਫ਼ਰਾਂ ਦੀ ਸੁਰੱਖਿਆ ਦਾ ਭਰੋਸਾ ਦਿਤਾ : ਸੁੱਖੂ
ਸ਼ਿਮਲਾ : ਪੰਜਾਬ ਅੰਦਰ ਹਿਮਾਚਲ ਪ੍ਰਦੇਸ਼ ਦੇ ਰਾਜ ਸੜਕ ਟਰਾਂਸਪੋਰਟ ਕਾਰਪੋਰੇਸ਼ਨ (ਐਚ.ਆਰ.ਟੀ.ਸੀ.) ਦੀ ਇਕ ਬੱਸ ਦੀ ਤੋੜਭੰਨ ਦੀ ਘਟਨਾ ਤੋਂ ਬਾਅਦ ਹਿਮਾਚਲ ਸਰਕਾਰ ਨੇ ਹੁਸ਼ਿਆਰਪੁਰ ਬਾਰਡਰ ਤੋਂ ਚੱਲਣ ਵਾਲੇ ਸੂਬੇ ਦੇ 10 ਬੱਸ ਰੂਟਾਂ ’ਤੇ ਅਸਥਾਈ ਤੌਰ ’ਤੇ ਪਾਬੰਦੀ ਲਗਾ ਦਿਤੀ ਹੈ। ਇਹ ਮੁੱਦਾ ਬੁਧਵਾਰ ਨੂੰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ’ਚ ਵੀ ਉਠਾਇਆ ਗਿਆ, ਜਿੱਥੇ ਵਿਰੋਧੀ ਧਿਰ ਦੇ ਨੇਤਾ ਜੈ ਰਾਮ ਠਾਕੁਰ ਨੇ ਇਸ ਨੂੰ ਕਾਨੂੰਨ ਵਿਵਸਥਾ ਦਾ ਗੰਭੀਰ ਮੁੱਦਾ ਦਸਿਆ ਅਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਇਸ ਮਾਮਲੇ ’ਚ ਦਖਲ ਦੇਣ ਦੀ ਅਪੀਲ ਕੀਤੀ।
ਵਿਧਾਨ ਸਭਾ ’ਚ ਇਹ ਮੁੱਦਾ ਉਠਾਉਂਦਿਆਂ ਵਿਰੋਧੀ ਧਿਰ ਦੇ ਨੇਤਾ ਜੈ ਰਾਮ ਠਾਕੁਰ ਨੇ ਕਿਹਾ, ‘‘ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਕਿ ਬਹੁਤ ਚਿੰਤਾਜਨਕ ਹੈ। ਕੁੱਝ ਸਮਾਜ ਵਿਰੋਧੀ ਅਨਸਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।’’
ਇਸ ’ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਦਨ ਨੂੰ ਦਸਿਆ ਕਿ ਉਨ੍ਹਾਂ ਨੇ ਇਸ ਮਾਮਲੇ ’ਤੇ ਪੰਜਾਬ ਦੇ ਅਪਣੇ ਹਮਰੁਤਬਾ ਭਗਵੰਤ ਮਾਨ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ, ‘‘ਭਗਵੰਤ ਮਾਨ ਨੇ ਐਚ.ਆਰ.ਟੀ.ਸੀ. ਬੱਸਾਂ ਦੀ ਸੁਰੱਖਿਆ ਦਾ ਭਰੋਸਾ ਦਿਤਾ ਹੈ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਢੁਕਵੇਂ ਕਦਮ ਚੁੱਕਣ ਦੀ ਗੱਲ ਕਹੀ ਹੈ।’’
ਮੁੱਖ ਮੰਤਰੀ ਸੁੱਖੂ ਨੇ ਕਿਹਾ, ‘‘ਪੰਜਾਬ ਸਾਡਾ ਵੱਡਾ ਭਰਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਹਿਮਾਚਲ ਦੀਆਂ ਬੱਸਾਂ ਅਤੇ ਮੁਸਾਫ਼ਰਾਂ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕਣ ਦਾ ਭਰੋਸਾ ਦਿਤਾ ਹੈ। ਇਸ ਮਾਮਲੇ ਨੂੰ ਲੈ ਕੇ ਦੋਹਾਂ ਸੂਬਿਆਂ ਦੇ ਡੀ.ਜੀ.ਪੀ. ਜ਼ਰੀਏ ਵੀ ਗੱਲਬਾਤ ਕੀਤੀ ਜਾਵੇਗੀ ਤਾਂ ਜੋ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕੀਤੇ ਜਾ ਸਕਣ।’’
ਇਸ ਦੌਰਾਨ ਉਪ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਵਿਧਾਨ ਸਭਾ ਨੂੰ ਦਸਿਆ ਕਿ 17 ਮਾਰਚ ਨੂੰ ਜਲੰਧਰ ਤੋਂ ਮਨਾਲੀ ਜਾ ਰਹੀ ਐਚ.ਆਰ.ਟੀ.ਸੀ. ਬੱਸ (ਐਚਪੀ 66-4189) ਨੂੰ ਕੁੱਝ ਸਮਾਜ ਵਿਰੋਧੀ ਅਨਸਰਾਂ ਨੇ ਹੁਸ਼ਿਆਰਪੁਰ ਬੱਸ ਸਟੈਂਡ ’ਤੇ ਰੋਕਿਆ ਅਤੇ ਜ਼ਬਰਦਸਤੀ ਭਿੰਡਰਾਂਵਾਲੇ ਦੇ ਪੋਸਟਰ ਲਗਾ ਦਿਤੇ। ਇਸੇ ਤਰ੍ਹਾਂ ਊਨਾ ਡਿਪੂ ਅਤੇ ਪਾਲਮਪੁਰ ਡਿਪੂ ਦੀਆਂ ਬੱਸਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਜਦੋਂ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਧਮਕੀਆਂ ਦਿਤੀ ਆਂ ਗਈਆਂ।
ਅਗਲੇ ਦਿਨ 18 ਮਾਰਚ ਨੂੰ ਖਰੜ ਫਲਾਈਓਵਰ ਨੇੜੇ ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ ਬੱਸ ’ਤੇ ਕੁੱਝ ਸ਼ਰਾਰਤੀ ਅਨਸਰਾਂ ਨੇ ਹਮਲਾ ਕਰ ਦਿਤਾ ਸੀ। ਉਨ੍ਹਾਂ ਨੇ ਅਪਣੀ ਕਾਰ ਦੀ ਨੰਬਰ ਪਲੇਟ ਨੂੰ ਢੱਕ ਦਿਤਾ ਸੀ ਅਤੇ ਡੰਡਿਆਂ ਨਾਲ ਬੱਸ ਦੇ ਵਿੰਡਸ਼ੀਲਡ ਨੂੰ ਤੋੜ ਦਿਤਾ ਸੀ। ਹਾਲਾਂਕਿ, ਮੁਸਾਫ਼ਰ ਵਾਲ-ਵਾਲ ਬਚ ਗਏ ਅਤੇ ਉਨ੍ਹਾਂ ਨੂੰ ਦੂਜੀ ਬੱਸ ’ਚ ਸੁਰੱਖਿਅਤ ਉਨ੍ਹਾਂ ਦੀ ਮੰਜ਼ਿਲ ’ਤੇ ਭੇਜ ਦਿਤਾ ਗਿਆ। ਖਰੜ ਥਾਣੇ ’ਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਸਰਹਿੰਦ ਫਲਾਈਓਵਰ ਨੇੜੇ ਚੰਬਾ ਤੋਂ ਦਿੱਲੀ ਜਾ ਰਹੀ ਐਚ.ਆਰ.ਟੀ.ਸੀ. ਦੀ ਬੱਸ ’ਤੇ ਪੱਥਰ ਸੁੱਟੇ ਗਏ, ਜਿਸ ਕਾਰਨ ਬੱਸ ਦੇ ਸਾਈਡ ਸ਼ੀਸ਼ੇ ਟੁੱਟ ਗਏ। ਸਰਹਿੰਦ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਟਰਾਂਸਪੋਰਟ ਕਾਰਪੋਰੇਸ਼ਨ ਨੇ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਧਿਆਨ ’ਚ ਰਖਦੇ ਹੋਏ ਹੁਸ਼ਿਆਰਪੁਰ ਲਈ ਕੁੱਝ ਬੱਸ ਸੇਵਾਵਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿਤਾ ਹੈ। ਪੰਜਾਬ ਦੇ ਖਰੜ, ਕੀਰਤਪੁਰ, ਡੇਰਾਬਸੀ ਅਤੇ ਹੁਸ਼ਿਆਰਪੁਰ ’ਚ ਨਿਗਮ ਦੇ ਅਧਿਕਾਰੀ ਪ੍ਰਸ਼ਾਸਨ ਅਤੇ ਪੁਲਿਸ ਨਾਲ ਲਗਾਤਾਰ ਸੰਪਰਕ ’ਚ ਹਨ। ਉਨ੍ਹਾਂ ਕਿਹਾ ਹੈ ਕਿ ਸਥਿਤੀ ਆਮ ਹੋਣ ’ਤੇ ਇਹ ਸੇਵਾਵਾਂ ਬਹਾਲ ਕਰ ਦਿਤੀਆਂ ਜਾਣਗੀਆਂ।