ਨਾਗਪੁਰ : ਦੰਗਾਕਾਰੀਆਂ ਦੀ ਭੀੜ ਨੇ ਮਹਿਲਾ ਕਾਂਸਟੇਬਲ ਨਾਲ ਬਦਸਲੂਕੀ ਕੀਤੀ, ਕਪੜੇ ਉਤਾਰਨ ਦੀ ਕੋਸ਼ਿਸ਼ ਕੀਤੀ, ਮੁੱਖ ਮੰਤਰੀ ਨੇ ਦਿਤੀ ਚੇਤਾਵਨੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਧਿਕਾਰੀਆਂ ਨੇ ਦਸਿਆ ਕਿ ਹਿੰਸਾ ਦੌਰਾਨ ਭੀੜ ਨੇ ਪੁਲਿਸ ’ਤੇ ਪਟਰੌਲ ਬੰਬ ਵੀ ਸੁੱਟੇ

Nagpur

ਨਾਗਪੁਰ : ਮੁਗਲ ਸ਼ਾਸਕ ਔਰੰਗਜ਼ੇਬ ਦੀ ਕਬਰ ਹਟਾਉਣ ਦੀ ਮੰਗ ਨੂੰ ਲੈ ਕੇ ਨਾਗਪੁਰ ਸ਼ਹਿਰ ’ਚ ਹੋਈ ਹਿੰਸਾ ਦੌਰਾਨ ਦੰਗਾਕਾਰੀਆਂ ਦੀ ਭੀੜ ਨੇ ਇਕ ਮਹਿਲਾ ਕਾਂਸਟੇਬਲ ਨਾਲ ਕਥਿਤ ਤੌਰ ’ਤੇ ਬਦਸਲੂਕੀ ਕੀਤੀ ਅਤੇ ਉਸ ਨੂੰ ਨੰਗਾ ਕਰਨ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।

ਅਧਿਕਾਰੀਆਂ ਨੇ ਦਸਿਆ ਕਿ ਹਿੰਸਾ ਦੌਰਾਨ ਭੀੜ ਨੇ ਪੁਲਿਸ ’ਤੇ ਪਟਰੌਲ ਬੰਬ ਵੀ ਸੁੱਟੇ। ਉਨ੍ਹਾਂ ਕਿਹਾ ਕਿ ਪੁਲਿਸ ਨੇ ਹੁਣ ਤਕ 51 ਦੰਗਾਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ’ਤੇ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀਆਂ ਕੁਲ 57 ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। 

ਮੱਧ ਨਾਗਪੁਰ ’ਚ ਸੋਮਵਾਰ ਸ਼ਾਮ 7:30 ਵਜੇ ਦੇ ਕਰੀਬ ਹਿੰਸਾ ਭੜਕ ਗਈ ਸੀ ਅਤੇ ਪੁਲਿਸ ’ਤੇ ਪੱਥਰ ਸੁੱਟੇ ਗਏ। ਇਹ ਹਿੰਸਾ ਕਥਿਤ ਤੌਰ ’ਤੇ ਅਫਵਾਹਾਂ ਤੋਂ ਬਾਅਦ ਸ਼ੁਰੂ ਹੋਈ ਸੀ ਕਿ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਲਈ ਇਕ ਸੱਜੇ ਪੱਖੀ ਸਮੂਹ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਇਕ ਭਾਈਚਾਰੇ ਦੀ ਧਾਰਮਕ ਕਿਤਾਬ ਨੂੰ ਸਾੜ ਦਿਤਾ ਗਿਆ ਸੀ। 

ਇਸ ਬਾਰੇ ਅਧਿਕਾਰੀ ਨੇ ਕਿਹਾ, ‘‘ਹਿੰਸਾ ਦੇ ਸਬੰਧ ’ਚ ਨਾਗਪੁਰ ’ਚ ਕੁਲ ਪੰਜ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਗਣੇਸ਼ਪੀਠ ਥਾਣੇ ’ਚ ਦਰਜ ਐਫ.ਆਈ.ਆਰ. ’ਚ ਕਿਹਾ ਗਿਆ ਹੈ ਕਿ ਲੋਕਾਂ ਦਾ ਇਕ ਸਮੂਹ ਸ਼ਹਿਰ ਦੇ ਭਲਦਾਰਪੁਰਾ ਚੌਕ ’ਤੇ ਇਕੱਠਾ ਹੋਇਆ ਅਤੇ ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕਰਨਾ ਸ਼ੁਰੂ ਕਰ ਦਿਤਾ। ਭੀੜ ਨੇ ਪੁਲਿਸ ਮੁਲਾਜ਼ਮਾਂ ’ਤੇ ਪਟਰੌਲ ਬੰਬ ਅਤੇ ਪੱਥਰ ਵੀ ਸੁੱਟੇ।’’

ਉਨ੍ਹਾਂ ਕਿਹਾ, ‘‘ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਭੀੜ ਨੇ ਦੰਗਾ ਕੰਟਰੋਲ ਪੁਲਿਸ (ਆਰ.ਸੀ.ਪੀ.) ਦੀ ਇਕ ਮਹਿਲਾ ਕਾਂਸਟੇਬਲ ਅਤੇ ਉਸ ਦੀ ਵਰਦੀ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ। ਭੀੜ ਨੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਅਤੇ ਹੋਰ ਮਹਿਲਾ ਪੁਲਿਸ ਮੁਲਾਜ਼ਮਾਂ ਵਿਰੁਧ ਅਸ਼ਲੀਲ ਟਿਪਣੀਆਂ ਕੀਤੀਆਂ। ਦੰਗਾਕਾਰੀਆਂ ਨੇ ਉਸ ਵਲ ਇਤਰਾਜ਼ਯੋਗ ਇਸ਼ਾਰੇ ਵੀ ਕੀਤੇ ਅਤੇ ਉਨ੍ਹਾਂ ’ਤੇ ਹਮਲਾ ਕਰ ਦਿਤਾ।’’ ਹਿੰਸਾ ਦੇ ਮੱਦੇਨਜ਼ਰ ਸ਼ਹਿਰ ਦੇ ਕਈ ਸੰਵੇਦਨਸ਼ੀਲ ਇਲਾਕਿਆਂ ’ਚ ਕਰਫਿਊ ਜਾਰੀ ਹੈ।

ਕੁਰਾਨ ਦੀ ਆਇਤ ਵਾਲਾ ਕਪੜਾ ਨਹੀਂ ਸਾੜਿਆ ਗਿਆ, ਦੰਗਾਕਾਰੀਆਂ ਨੂੰ ਕਬਰ ਖੋਦ ਕੇ ਵੀ ਬਾਹਰ ਕਢਿਆ ਜਾਵੇਗਾ: ਫੜਨਵੀਸ 

ਮੁੰਬਈ : ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਬੁਧਵਾਰ ਨੂੰ ਕਿਹਾ ਕਿ ਅਫਵਾਹਾਂ ਦੇ ਉਲਟ ਨਾਗਪੁਰ ਸ਼ਹਿਰ ’ਚ ਪ੍ਰਦਰਸ਼ਨ ਦੌਰਾਨ ਕੁਰਾਨ ਦੀ ਆਇਤ ਵਾਲੀ ਕੋਈ ਬੈੱਡ ਸ਼ੀਟ ਜਾਂ ਕਪੜਾ ਨਹੀਂ ਸਾੜਿਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਨਾਗਪੁਰ ਹਿੰਸਾ ਦੌਰਾਨ ਪੁਲਿਸ ’ਤੇ ਹਮਲਾ ਕਰਨ ਵਾਲਿਆਂ ਨੂੰ ਵੀ ਬਾਹਰ ਕਢਿਆ ਜਾਵੇਗਾ ਅਤੇ ਕਾਨੂੰਨ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। 

ਮੁੱਖ ਮੰਤਰੀ ਫੜਨਵੀਸ, ਜੋ ਨਾਗਪੁਰ ਤੋਂ ਵਿਧਾਇਕ ਹਨ, ਨੇ ਵਿਧਾਨ ਸਭਾ ਨੂੰ ਦਸਿਆ ਕਿ ਹਿੰਸਾ ਦੀ ਯੋਜਨਾ ਸਮਾਜਕ ਸਦਭਾਵਨਾ ਨੂੰ ਭੰਗ ਕਰਨ ਲਈ ਬਣਾਈ ਗਈ ਸੀ। ਫੜਨਵੀਸ ਰਾਜ ਦੇ ਗ੍ਰਹਿ ਮੰਤਰੀ ਵੀ ਹਨ। ਉਨ੍ਹਾਂ ਕਿਹਾ, ‘‘ਦੋ ਦਿਨ ਪਹਿਲਾਂ ਜੋ ਕੁੱਝ ਵੀ ਹੋਇਆ, ਉਹ ਕੁੱਝ ਲੋਕਾਂ ਵਲੋਂ ਰਚੀ ਗਈ ਯੋਜਨਾਬੱਧ ਸਾਜ਼ਸ਼ ਸੀ। ਮੈਂ ਕਿਸੇ ਭਾਈਚਾਰੇ ਨੂੰ ਦੋਸ਼ ਨਹੀਂ ਦੇ ਰਿਹਾ ਹਾਂ। ਸਾਨੂੰ ਸੜੇ ਹੋਏ ਕਪੜੇ ’ਤੇ ਕੁਰਾਨ ਦੀ ਕੋਈ ‘ਆਇਤ’ ਨਹੀਂ ਮਿਲੀ।’’ ਉਨ੍ਹਾਂ ਦੋਸ਼ ਲਾਇਆ ਕਿ ਕੁੱਝ ਲੋਕਾਂ ਨੇ ਫਿਰਕੂ ਅਸ਼ਾਂਤੀ ਭੜਕਾਉਣ ਲਈ ਜਾਣਬੁਝ ਕੇ ਝੂਠੇ ਅਫਵਾਹਾਂ ਦੇ ਸੰਦੇਸ਼ ਭੇਜੇ। 

ਮੁੱਖ ਮੰਤਰੀ ਫੜਨਵੀਸ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ’ਤੇ ਹੋਏ ਹਮਲੇ ਮੁਆਫ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਕਿਹਾ, ‘‘ਅਜਿਹੇ ਲੋਕਾਂ ਨੂੰ ਸਖ਼ਤ ਸਜ਼ਾ ਦਿਤੀ ਜਾਵੇਗੀ। ਨਾਗਪੁਰ ’ਚ ਪੁਲਿਸ ’ਤੇ ਹਮਲਾ ਕਰਨ ਵਾਲਿਆਂ ਨੂੰ ਉਨ੍ਹਾਂ ਦੀਆਂ ਕਬਰਾਂ ’ਚੋਂ ਖੋਦ ਕੇ ਬਾਹਰ ਕਢਿਆ ਜਾਵੇਗਾ। ਅਸੀਂ ਉਨ੍ਹਾਂ ਨੂੰ ਨਹੀਂ ਛੱਡਾਂਗੇ।’’

ਉਨ੍ਹਾਂ ਕਿਹਾ, ‘‘ਨਾਗਪੁਰ ਸ਼ਹਿਰ ’ਚ ਸਥਿਤੀ ਹੁਣ ਸ਼ਾਂਤ ਹੈ। ਇਹ ਸ਼ਹਿਰ ਅਪਣੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਲਈ ਜਾਣਿਆ ਜਾਂਦਾ ਹੈ। 1992 ਤੋਂ ਬਾਅਦ ਸ਼ਹਿਰ ’ਚ ਕੋਈ ਦੰਗੇ ਨਹੀਂ ਹੋਏ ਹਨ। ਹਿੰਸਾ ਦੀ ਯੋਜਨਾ ਕੁੱਝ ਲੋਕਾਂ ਨੇ ਬਣਾਈ ਸੀ। ਔਰੰਗਜ਼ੇਬ ਦੀ ਕਬਰ ਦੀ ਸਿਰਫ ਇਕ ਨਕਲ (ਵੀ.ਐਚ.ਪੀ. ਦੇ ਵਿਰੋਧ ਪ੍ਰਦਰਸ਼ਨ ਦੌਰਾਨ) ਸਾੜੀ ਗਈ ਸੀ। ਕੋਈ ਆਇਤ ਨਹੀਂ ਸਾੜੀ ਗਈ, ਅਸੀਂ ਇਸ ਦੀ ਪੁਸ਼ਟੀ ਕੀਤੀ ਹੈ। ਪਰ ਅਫਵਾਹਾਂ ਜਾਣਬੁਝ ਕੇ ਫੈਲਾਈਆਂ ਗਈਆਂ। ਸਮਾਜਕ ਸਦਭਾਵਨਾ ਨੂੰ ਭੰਗ ਕਰਨ ਲਈ ਜਾਣਬੁਝ ਕੇ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ। ਕੁੱਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।’’

ਫੜਨਵੀਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਨਾਗਪੁਰ ਪੁਲਿਸ ਕਮਿਸ਼ਨਰ ਨੇ ਉਨ੍ਹਾਂ ਦੇ ਬਿਆਨ ਦਾ ਖੰਡਨ ਨਹੀਂ ਕੀਤਾ। ਉਨ੍ਹਾਂ ਕਿਹਾ, ‘‘ਨਾਗਪੁਰ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਜਾਂਚ ਤੋਂ ਪਤਾ ਚੱਲੇਗਾ ਕਿ ਹਿੰਸਾ ਯੋਜਨਾਬੱਧ ਸੀ ਜਾਂ ਨਹੀਂ। ਮੈਂ ਕੁੱਝ ਵੀ ਵਿਰੋਧਾਭਾਸੀ ਨਹੀਂ ਕਿਹਾ ਹੈ।’’

ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ 8 ਕਾਰਕੁਨਾਂ ਨੇ ਕੀਤਾ ਆਤਮ ਸਮਰਪਣ, ਜ਼ਮਾਨਤ ’ਤੇ  ਰਿਹਾਅ 

ਨਾਗਪੁਰ : ਨਾਗਪੁਰ ’ਚ ਦੋ ਦਿਨ ਪਹਿਲਾਂ ਹੋਈ ਹਿੰਸਾ ਦੇ ਸਬੰਧ ’ਚ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.) ਅਤੇ ਬਜਰੰਗ ਦਲ ਦੇ 8 ਅਹੁਦੇਦਾਰਾਂ ਨੇ ਬੁਧਵਾਰ  ਨੂੰ ਨਾਗਪੁਰ ਪੁਲਿਸ  ਦੇ ਸਾਹਮਣੇ ਆਤਮਸਮਰਪਣ ਕਰ ਦਿਤਾ। ਇਕ ਸੀਨੀਅਰ ਅਧਿਕਾਰੀ ਨੇ ਦਸਿਆ  ਕਿ ਅੱਠ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ। 

ਅਧਿਕਾਰੀ ਨੇ ਦਸਿਆ  ਕਿ ਪੁਲਿਸ ਸਾਹਮਣੇ ਆਤਮ ਸਮਰਪਣ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਵੀ.ਐਚ.ਪੀ. ਦੇ ਮੰਤਰੀ (ਨਾਗਪੁਰ ਸ਼ਹਿਰ) ਅਮੋਲ ਠਾਕਰੇ, ਲਖਨ ਕੁਰੈਲ, ਗੋਰਕਸ਼ ਪ੍ਰਮੁੱਖ, ਵਿਦਰਭ ਪ੍ਰਾਂਤ; ਮੁਕੇਸ਼ ਬਰਪਾਤਰੇ, ਪ੍ਰਧਾਨ (ਕੇਂਦਰੀ ਨਾਗਪੁਰ), ਵੀਐਚਪੀ; ਰਿਸ਼ਭ ਅਰਖੇਲ, ਸਹਿ-ਕਨਵੀਨਰ (ਵਿਦਰਭ), ਬਜਰੰਗ ਦਲ; ਸ਼ੁਭਮ ਅਰਖੇਲ, ਸਹਿ-ਕਨਵੀਨਰ (ਨਾਗਪੁਰ ਸ਼ਹਿਰ), ਬਜਰੰਗ ਦਲ; ਸੁਸ਼ੀਲ ਚੌਰਸੀਆ, ਵੀਐਚਪੀ ਕਾਰਕੁਨ; ਰਾਮ ਚਰਨ ਦੂਬੇ ਅਤੇ ਕਮਲ ਹਰਿਆਣੀ, ਕਨਵੀਨਰ (ਨਾਗਪੁਰ ਸ਼ਹਿਰ), ਬਜਰੰਗ ਦਲ ਵਜੋਂ ਹੋਈ ਹੈ।

ਅਧਿਕਾਰੀ ਨੇ ਦਸਿਆ  ਕਿ ਕੋਤਵਾਲੀ ਪੁਲਿਸ ਨੇ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ’ਚ ਸਥਿਤ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਕਬਰ ਹਟਾਉਣ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਨਾਗਪੁਰ ਸ਼ਹਿਰ ’ਚ ਪ੍ਰਦਰਸ਼ਨ ਕਰ ਕੇ  ਧਾਰਮਕ  ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਉਨ੍ਹਾਂ ਵਿਰੁਧ  ਮਾਮਲਾ ਦਰਜ ਕੀਤਾ ਹੈ। 

ਅਧਿਕਾਰੀ ਨੇ ਦਸਿਆ  ਕਿ ਗਣੇਸ਼ਪੀਠ ਥਾਣੇ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮਹਾਰਾਸ਼ਟਰ ਅਤੇ ਗੋਆ ਦੇ ਇੰਚਾਰਜ ਸਕੱਤਰ ਗੋਵਿੰਦ ਸ਼ੇਂਡੇ ਅਤੇ ਹੋਰਾਂ ਵਿਰੁਧ  ਧਾਰਮਕ  ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ, ਸ਼ੇਂਡੇ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। 

ਅਧਿਕਾਰੀ ਨੇ ਦਸਿਆ  ਕਿ ਅੱਠ ਮੁਲਜ਼ਮਾਂ ਨੇ ਦੁਪਹਿਰ ਨੂੰ ਕੋਤਵਾਲੀ ਥਾਣੇ ’ਚ ਆਤਮ ਸਮਰਪਣ ਕਰ ਦਿਤਾ, ਜਿਸ ਤੋਂ ਬਾਅਦ ਪੁਲਿਸ  ਨੇ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ। ਉਨ੍ਹਾਂ ਦਸਿਆ  ਕਿ ਪੁਲਿਸ ਨੇ ਹੁਣ ਤਕ  1200 ਲੋਕਾਂ ਵਿਰੁਧ 6 ਐਫ.ਆਈ.ਆਰ.  ਦਰਜ ਕੀਤੀਆਂ ਹਨ ਅਤੇ 54 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। 

ਨਾਗਪੁਰ ਦੇ ਕੁੱਝ  ਹਿੱਸਿਆਂ ’ਚ ਤਲਾਸ਼ੀ ਮੁਹਿੰਮ ਅਤੇ ਕਰਫਿਊ ਤੋਂ ਬਾਅਦ 50 ਤੋਂ ਵੱਧ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਸੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਆਈਤਾਕਾਰ ਚਾਦਰਾਂ ਸਾੜਨ ਦੀਆਂ ਰੀਪੋਰਟਾਂ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਹਿੰਸਾ ਪਹਿਲਾਂ ਤੋਂ ਯੋਜਨਾਬੱਧ ਸੀ ਕਿਉਂਕਿ ਭੀੜ ਨੇ ਕੁੱਝ  ਘਰਾਂ ਨੂੰ ਨਿਸ਼ਾਨਾ ਬਣਾਇਆ ਸੀ। 

ਪੀੜਤਾਂ ਨੇ ਸੁਣਾਈ ਹੱਡਬੀਤੀ, ਇਕ ਰੇਲ ਗੱਡੀ ਫੜਨ ਅਤੇ ਦੂਜਾ ਦੁੱਧ ਲੈਣ ਨਿਕਲਿਆ ਸੀ, ਹੁਣ ਹਸਪਤਾਲ ’ਚ ਜੂਝ ਰਹੇ ਜ਼ਿੰਦਗੀ ਅਤੇ ਮੌਤ ਦੀ ਲੜਾਈ

ਨਾਗਪੁਰ : ਮਹਾਰਾਸ਼ਟਰ ਦੇ ਨਾਗਪੁਰ ’ਚ ਹਿੰਸਾ ਪ੍ਰਭਾਵਤ ਇਲਾਕਿਆਂ ਦੇ ਲੋਕਾਂ ਦੇ ਪਰਵਾਰਾਂ ਨੂੰ ਇਹ ਸਮਝਣਾ ਮੁਸ਼ਕਲ ਹੋ ਰਿਹਾ ਹੈ ਕਿ ਉਹ ਹਸਪਤਾਲ ਕਿਵੇਂ ਪਹੁੰਚ ਗਏ ਅਤੇ ਹੁਣ ਅਪਣੀ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਨ। ਵੱਡੇ ਨਵਾਜ਼ ਨਗਰ ਦੇ ਰਹਿਣ ਵਾਲੇ ਇਮਰਾਨ ਅੰਸਾਰੀ ਅਪਣੇ ਵੱਡੇ ਭਰਾ ਇਰਫਾਨ ਅੰਸਾਰੀ ਦੀ ਗੰਭੀਰ ਹਾਲਤ ਨੂੰ ਲੈ ਕੇ ਸਦਮੇ ’ਚ ਹਨ। 

ਪੇਸ਼ੇ ਤੋਂ ਵੈਲਡਰ ਇਰਫਾਨ ਨੂੰ ਰਾਤ 1 ਵਜੇ ਨਾਗਪੁਰ ਰੇਲਵੇ ਸਟੇਸ਼ਨ ਤੋਂ ਇਟਾਰਸੀ ਜਾਣ ਵਾਲੀ ਰੇਲ ਗੱਡੀ ’ਚ ਸਵਾਰ ਹੋਣਾ ਸੀ, ਜਿਸ ਲਈ ਉਹ ਸੋਮਵਾਰ ਰਾਤ ਕਰੀਬ 11 ਵਜੇ ਘਰੋਂ ਨਿਕਲਿਆ। ਨਾਗਪੁਰ ਰੇਲਵੇ ਸਟੇਸ਼ਨ ਖੇਤਰ ਹਿੰਸਾ ਨਾਲ ਪ੍ਰਭਾਵਤ ਸੀ। ਇਹ ਹਿੰਸਾ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.) ਵਲੋਂ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ’ਚ ਔਰੰਗਜ਼ੇਬ ਦੀ ਕਬਰ ਹਟਾਉਣ ਦੀ ਮੰਗ ਨੂੰ ਲੈ ਕੇ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸ਼ੁਰੂ ਹੋਈ ਸੀ। 

ਪਰਵਾਰ ਨੂੰ ਇੰਦਰਾ ਗਾਂਧੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਆਈ.ਜੀ.ਜੀ.ਐਮ.ਸੀ.ਐਚ.) ਤੋਂ ਫੋਨ ਆਇਆ ਕਿ ਇਰਫਾਨ ਨੂੰ ਇਕ ਹਾਦਸੇ ਤੋਂ ਬਾਅਦ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਮਰਾਨ ਨੇ ਦਸਿਆ ਕਿ ਉਸ ਦੇ ਭਰਾ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਇਕ ਲੱਤ ਟੁੱਟ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਉਹ ਇਸ ਸਮੇਂ ਆਈ.ਸੀ.ਯੂ. ’ਚ ਹਨ। ਇਸੇ ਤਰ੍ਹਾਂ 12ਵੀਂ ਜਮਾਤ ਦੇ ਵਿਦਿਆਰਥੀ ਰਜ਼ਾ ਯੂਨਸ ਖਾਨ (17) ਦਾ ਵੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। 

ਮੋਮਿਨਪੁਰਾ ਨੇੜੇ ਗਾਰਡ ਲਾਈਨ ’ਚ ਰਹਿਣ ਵਾਲੇ ਖਾਨ ਨੂੰ ਉਸ ਦੀ ਮਾਂ ਨੇ ਰਾਤ ਕਰੀਬ 10:30 ਵਜੇ ਨੇੜਲੇ ਬਾਜ਼ਾਰ ’ਚ ਸਵੇਰ ਦੀ ਸਹਿਰੀ ਲਈ ਦੁੱਧ ਅਤੇ ਦਹੀਂ ਖਰੀਦਣ ਲਈ ਭੇਜਿਆ ਸੀ। ਰਾਤ ਕਰੀਬ 11:30 ਵਜੇ ਆਈ.ਜੀ.ਜੀ.ਐਮ.ਸੀ.ਐਚ. ਤੋਂ ਸੂਚਨਾ ਮਿਲੀ ਕਿ ਉਨ੍ਹਾਂ ਦੇ ਬੇਟੇ ਨੂੰ ਗੰਭੀਰ ਹਾਲਤ ’ਚ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਸ ਦੀ ਮਾਂ ਨੇ ਦਸਿਆ ਕਿ ਉਸ ਦਾ ਬੇਟਾ ਹਿੰਸਾ ਪ੍ਰਭਾਵਤ ਹੰਸਪੁਰੀ ’ਚ ਦੁੱਧ ਖਰੀਦਣ ਗਿਆ ਸੀ। 

ਖਾਨ ਨੂੰ ਬਾਅਦ ’ਚ ਇਕ ਨਿੱਜੀ ਹਸਪਤਾਲ ’ਚ ਤਬਦੀਲ ਕਰ ਦਿਤਾ ਗਿਆ ਜਿੱਥੇ ਉਹ ਵੈਂਟੀਲੇਟਰ ’ਤੇ ਹੈ। ਉਸ ਦਾ ਪਰਵਾਰ ਵੀ ਅਪਣੇ ਇਲਾਕੇ ਦੀ ਹਿੰਸਕ ਸਥਿਤੀ ਤੋਂ ਅਣਜਾਣ ਸੀ ਅਤੇ ਹੈਰਾਨ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਇੰਨੀ ਗੰਭੀਰ ਸੱਟਾਂ ਕਿਵੇਂ ਲੱਗੀਆਂ। ਮੱਧ ਨਾਗਪੁਰ ਦੇ ਮਹਿਲ ਇਲਾਕੇ ’ਚ ਸੋਮਵਾਰ ਸ਼ਾਮ ਕਰੀਬ 7:30 ਵਜੇ ਹਿੰਸਾ ਭੜਕ ਗਈ, ਜਿਸ ’ਚ ਪੁਲਿਸ ’ਤੇ ਪੱਥਰਬਾਜ਼ੀ ਕੀਤੀ ਗਈ। ਇਲਾਕੇ ਵਿਚ ਅਫਵਾਹਾਂ ਫੈਲ ਗਈਆਂ ਕਿ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ਵਿਚ ਸਥਿਤ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਵਿਹਿਪ ਦੇ ਅੰਦੋਲਨ ਦੌਰਾਨ ਇਕ ਭਾਈਚਾਰੇ ਨਾਲ ਸਬੰਧਤ ਧਾਰਮਕ ਕਿਤਾਬ ਸਾੜ ਦਿਤੀ ਗਈ।