ਜੰਮੂ-ਕਸ਼ਮੀਰ ਦੀਆਂ ਅਤਿਵਾਦੀ ਘਟਨਾਵਾਂ 'ਚ ਮਾਰੇ ਗਏ ਆਮ ਨਾਗਰਿਕਾਂ ਦੀ ਗਿਣਤੀ 166 ਫ਼ੀ ਸਦੀ ਵਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੰਤਰਾਲੇ ਦੀ ਰਿਪੋਰਟ 2017-18 ਵਿਚ ਕਿਹਾ ਕਿ 1990 ਵਿਚ ਅਤਿਵਾਦ ਦੀ ਸ਼ੁਰੂਆਤ ਤੋਂ ਸਾਲ 2017 ਵਿਚ 13,976 ਨਾਗਰਿਕਾਂ ਅਤੇ 5,123 ਸੁਰੱਖਿਆ ਬਲਾਂ ਨੇ ਅਪਣੀ ਜਾਨ ਗਵਾਈ

Jammu & Kashmir Terrorist attack

ਨਵੀਂ ਦਿੱਲੀ, : ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਵਿਚ ਅਤਿਵਾਦੀਆਂ ਦੀ ਵਜ੍ਹਾ ਕਰ ਕੇ ਮਾਰੇ ਗਏ ਆਮ ਨਾਗਰਿਕਾਂ ਦੀ ਗਿਣਤੀ ਵਿਚ ਪਿਛਲੇ ਸਾਲ 166 ਫ਼ੀ ਸਦੀ ਦਾ ਵਾਧਾ ਹੋਇਆ, ਜਦੋਂ ਕਿ 42 ਫ਼ੀ ਸਦੀ ਤੋਂ ਜ਼ਿਆਦਾ ਅਤਿਵਾਦੀਆਂ ਨੂੰ ਵੀ ਢੇਰ ਕੀਤਾ ਗਿਆ। ਮੰਤਰਾਲੇ ਦੀ ਰਿਪੋਰਟ 2017-18 ਵਿਚ ਕਿਹਾ ਗਿਆ ਹੈ ਕਿ 1990 ਵਿਚ ਰਾਜ ਵਿਚ ਅਤਿਵਾਦ ਦੀ ਸ਼ੁਰੂਆਤ ਤੋਂ ਸਾਲ 2017 ਵਿਚ 31 ਦਸੰਬਰ ਤਕ ਕੁਲ 13,976 ਆਮ ਨਾਗਰਿਕਾਂ ਅਤੇ 5,123 ਸੁਰੱਖਿਆ ਬਲਾਂ ਨੇ ਅਪਣੀ ਜਾਨ ਗਵਾਈ। ਇਹ ਰਿਪੋਰਟ ਹੁਣ ਜਾਰੀ ਕੀਤੀ ਗਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2017 ਵਿਚ ਅਤਿਵਾਦ ਦੀਆਂ ਘਟਨਾਵਾਂ ਵਿਚ ਇਸ ਦੇ ਪਿਛਲੇ ਸਾਲ ਦੇ ਮੁਕਾਬਲੇ 6.21 ਫ਼ੀ ਸਦੀ ਦਾ ਵਾਧਾ ਹੋਇਆ। ਇਸ ਦੇ ਨਾਲ ਹੀ ਇਨ੍ਹਾਂ ਘਟਨਾਵਾਂ ਵਿਚ ਮਾਰੇ ਗਏ ਆਮ ਨਾਗਰਿਕਾਂ ਦੀ ਗਿਣਤੀ ਵਿਚ 166.66 ਫ਼ੀ ਸਦੀ ਦਾ ਵੀ ਵਾਧਾ ਹੋਇਆ। 

ਇਸ ਦੇ ਮੁਤਾਬਕ 2017 ਵਿਚ ਜੰਮੂ-ਕਸ਼ਮੀਰ ਵਿਚ 342 ਹਿੰਸਕ ਘਟਨਾਵਾਂ ਹੋਈਆਂ ਜਿਨ੍ਹਾਂ ਵਿਚ 80 ਸੁਰੱਖਿਆ ਕਰਮਚਾਰੀ ਅਤੇ 40 ਆਮ ਨਾਗਰਿਕ ਮਾਰੇ ਗਏ। ਇਹਨਾਂ ਵਿਚ 213 ਅਤਿਵਾਦੀਆਂ ਨੂੰ ਵੀ ਢੇਰ ਕਰ ਦਿਤਾ ਗਿਆ। 2016 ਵਿਚ ਅਤਿਵਾਦ ਦੀਆਂ 322 ਘਟਨਾਵਾਂ ਹੋਈਆਂ ਜਿਸ ਵਿਚ 82 ਸੁਰੱਖਿਆ ਕਰਮਚਾਰੀ 15 ਨਾਗਰਿਕ ਮਾਰੇ ਗਏ ਅਤੇ 150 ਅਤਿਵਾਦੀਆਂ ਨੂੰ ਢੇਰ ਕਰ ਦਿਤਾ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਮਾਰੇ ਗਏ ਸੁਰੱਖਿਆ ਬਲਾਂ ਦੀ ਗਿਣਤੀ ਵਿਚ 2.44 ਫ਼ੀ ਸਦੀ ਦੀ ਕਮੀ ਹੋਈ। ਪਿਛਲੇ ਸਾਲ ਪਾਕਿਸਤਾਨ ਅਤਿਵਾਦੀਆਂ ਵਲੋਂ 406 ਵਾਰੀ ਹਮਲੇ ਹੋਏ,  ਜਦੋਂ ਕਿ 2016 ਵਿਚ 371 ਵਾਰ ਕੀਤੇ ਗਏ ਸਨ। 2017 ਵਿਚ ਉਨ੍ਹਾਂ ਦੀਆਂ 123 ਕੋਸ਼ਿਸ਼ਾਂ ਸਫਲ ਹੋ ਗਈਆਂ, ਜਦੋਂ ਕਿ 2016 ਵਿਚ ਇਹ ਸੰਖਿਆ 119 ਸੀ।