ਰਾਸ਼ਟਰਪਤੀ ਨੇ ਕਠੂਆ ਬਲਾਤਕਾਰ ਮਾਮਲੇ ਨੂੰ ਸ਼ਰਮਨਾਕ ਦਸਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮਾਜ ਬੱਚਿਆਂ ਨੂੰ ਸੁਰੱਖਿਆ ਮੁਹਈਆ ਕਰਵਾਏ : ਕੋਵਿੰਦ

Ram Nath Kovind

ਕਕਰਿਆਲ (ਰਿਆਸੀ): ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਕਠੁਆ ਸਮੂਹਕ ਬਲਾਤਕਾਰ ਅਤੇ ਕਤਲ ਮਾਮਲੇ ਨੂੰ 'ਘ੍ਰਿਣਤ' ਅਤੇ 'ਸ਼ਰਮਨਾ' ਕਰਾਰ ਦਿੰਦਿਆਂ ਇਸ ਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ 'ਤੇ ਆਤਮਚਿੰਤਨ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਕਿਹੋ ਜਿਹਾ ਸਮਾਜ ਚਾਹੁੰਦੇ ਹਾਂ। ਰਾਸ਼ਟਰਪਤੀ ਨੇ ਕਿਹਾ ਕਿ ਬੱਚਿਆਂ ਵਿਰੁਧ ਹੋਣ ਵਾਲੀ ਹਿੰਸਾ ਮਾਨਵਤਾ ਲਈ ਬਹੁਤ ਚਿੰਤਤ ਕਰਨ ਵਾਲੀ ਗੱਲ ਹੈ ਅਤੇ ਬੱਚਿਆਂ ਨੂੰ ਸੁਰੱਖਿਆ ਮੁਹਈਆ ਕਰਵਾਉਣ ਲਈ ਇਕ ਦ੍ਰਿੜ ਨਿਸ਼ਚੈ ਦੀ ਜ਼ਰੂਰਤ ਹੈ।ਸ੍ਰੀ ਮਾਤਾ ਵੈਸ਼ਣੋ ਦੇਵੀ ਯੂਨੀਵਰਸਟੀ ਦੇ ਛੇਵੇਂ ਕਾਨਵੋਕੇਸ਼ਨ 'ਚ ਰਾਸ਼ਟਰਪਤੀ ਨੇ ਕਿਹਾ, ''ਆਜ਼ਾਦੀ ਦੇ 70 ਸਾਲ ਬਾਅਦ ਦੇਸ਼ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਹੋਣਾ ਬੇਹੱਦ ਸ਼ਰਮਨਾਕ ਹੈ। ਸਾਨੂੰ ਸੋਚਣਾ ਹੋਵੇਗਾ ਕਿ ਅਸੀਂ ਕਿਸ ਤਰ੍ਹਾਂ ਦਾ ਸਮਾਜ ਵਿਕਸਤ ਕਰ ਰਹੇ ਹਾਂ। ਅਸੀਂ ਅਪਣੀਆ ਆਉਣ ਵਾਲੀਆ ਪੀੜ੍ਹੀਆਂ ਨੂੰ ਕੀ ਦੇ ਰਹੇ ਹਾਂ।''ਉਧਰ ਇਸ ਮਾਮਲੇ 'ਚ ਨਿਆਂ ਦੀ ਮੰਗ ਨੂੰ ਲੈ ਕੇ ਕਸ਼ਮੀਰ 'ਚ ਮੁਹਿੰਮ ਜ਼ੋਰ ਫੜ ਰਹੀ ਹੈ। ਵਿਦਿਆਰਥੀਆਂ ਅਤੇ ਲੋਕਾਂ ਨੇ ਸਮੁੱਚੀ ਵਾਦੀ 'ਚ ਅੱਜ ਪ੍ਰਦਰਸ਼ਨ ਕੀਤਾ। ਵੱਖੋ-ਵੱਖ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੇ ਅੱਠ ਸਾਲਾਂ ਦੀ ਬੱਚੀ ਲਈ ਨਿਆਂ ਦੀ ਮੰਗ ਕਰਦਿਆਂ ਸ੍ਰੀਨਗਰ ਦੇ ਰੈਜ਼ੀਡੈਂਸੀ ਰੋਡ 'ਤੇ ਇਕ ਰੈਲੀ ਕੱਢੀ। ਉਨ੍ਹਾਂ ਇਸ ਬੱਚੀ ਨਾਲ ਸਮੂਹਕ ਬਲਾਤਕਾਰ ਅਤੇ ਉਸ ਦੇ ਕਤਲ 'ਚ ਸ਼ਾਮਲ ਲੋਕਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਵੀ ਕੀਤੀ। ਇਸ ਤੋਂ ਇਲਾਵਾ ਬਾਰਾਮੂਲਾ, ਪੁਲਵਾਮਾ, ਅਨੰਤਨਾਗ, ਅਵੰਤੀਪੁਰਾ ਅਤੇ ਵਾਦੀ ਦੇ ਹੋਰ ਹਿੱਸਿਆਂ 'ਚ ਵੀ ਵਿਦਿਆਰਥੀਆਂ ਵਲੋਂ ਪ੍ਰਦਰਸ਼ਨ ਕੀਤਾ ਗਿਆ।

ਦੂਜੇ ਪਾਸੇ ਅਮਰੀਕਾ ਦੇ ਨਿਊਯਾਰਕ 'ਚ ਵੀ ਅੱਠ ਭਾਰਤ ਦੇ ਕਠੂਆ, ਉਨਾਵ ਅਤੇ ਸੂਰਤ ਵਿਚ ਬੱਚੀਆਂ ਦੇ ਨਾਲ ਹੋਈਆਂ ਬਲਾਤਕਾਰ ਦੀਆਂ ਘਟਨਾਵਾਂ ਦੇ ਪ੍ਰਤੀ ਅਪਣਾ ਰੋਸ ਜਤਾਉਂਦੇ ਅਨੇਕਾਂ ਸੰਗਠਨਾਂ ਨੇ ਇਕੱਠੇ ਹੋ ਇਨਸਾਫ ਰੈਲੀ ਕੱਢੀ। ਇਸ ਰੈਲੀ ਦੌਰਾਨ ਸਾਰੇ ਸੰਗਠਨਾਂ ਨੇ ਇਕੱਠੇ ਹੋ ਬਲਾਤਕਾਰ ਪੀੜਤ ਬੱਚੀਆਂ ਲਈ ਇਨਸਾਫ ਦੀ ਮੰਗ ਕੀਤੀ। 'ਯੂਨਾਈਟਡ ਫ਼ਾਰ ਜਸਟਿਸ ਰੈਲੀ : ਅਗੇਂਸਟ ਦ ਰੇਪ ਇਨ ਇੰਡਿਆ' ਦਾ ਪ੍ਰਬੰਧ  ਪ੍ਰਗਤੀਸ਼ੀਲ ਹਿੰਦੂਆਂ ਦੇ ਗਠਜੋੜ ਸੰਗਠਨ 'ਸਾਧਨਾ' ਨੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਹੋਰ 20 ਸਮੂਹਾਂ  ਦੇ ਨਾਲ ਮਿਲ ਕੇ ਕੀਤਾ। ਰੈਲੀ ਦਾ ਪ੍ਰਬੰਧ ਮਸ਼ਹੂਰ ਯੂਨੀਅਨ ਸਕਵਾਇਰ ਪਾਰਕ ਵਿਚ ਮਹਾਤਮਾ ਗਾਂਧੀ ਦੀ ਪ੍ਰਸਿੱਧ ਮੂਰਤੀ ਦੇ ਕੋਲ 16 ਅਪ੍ਰੈਲ ਨੂੰ ਕੀਤਾ ਗਿਆ। ਰੈਲੀ ਵਿਚ ਸ਼ਾਮਿਲ ਹੋਏ ਲੋਕਾਂ ਨੇ ਬੱਚੀਆਂ  ਦੇ ਨਾਲ ਹੋਏ  ਭਿਆਨਕ ਬਲਾਤਕਰ ਦੀਆਂ ਘਟਨਾਵਾਂ ਦੀ ਨਿੰਦਿਆ ਕੀਤੀ ਅਤੇ ਹਰ ਇੱਕ ਪੀੜਤ ਪਰਵਾਰ ਲਈ ਇਨਸਾਫ਼ ਦੀ ਮੰਗ ਕੀਤੀ। 'ਸਾਧਨਾ' ਦੀ ਬੋਰਡ ਮੈਂਬਰ ਸੁਨੀਤਾ ਵਿਸ਼ਵਨਾਥ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਆਯੋਜਕਾਂ ਨੂੰ ਰੈਲੀ ਤੋਂ 10,000 ਡਾਲਰ ਇਕੱਠੇ ਹੋਣ ਦੀ ਉਮੀਦ ਹੈ ਜੋ ਉਨਾਵ,ਕਠੂਆ ਅਤੇ ਸੂਰਤ ਬਲਾਤਕਾਰ ਪੀੜਤਾਂ  ਦੇ ਪਰਵਾਰਾਂ ਨੂੰ ਆਰਥਿਕ ਮੱਦਦ ਵਜੋਂ ਦਿਤੇ ਜਾਣਗੇ।          (ਏਜੰਸੀ)