ਤ੍ਰਿਪੁਰਾ ਦੇ ਮੁੱਖ ਮੰਤਰੀ ਦਾ ਦਾਅਵਾ - 'ਮਹਾਂਭਾਰਤ ਦੇ ਦਿਨਾਂ 'ਚ ਵੀ ਸੀ ਇੰਟਰਨੈੱਟ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ 'ਤੇ ਉਡਿਆ ਮਜ਼ਾਕ

Biplub Kumar

ਨਵੀਂ ਦਿੱਲੀ/ਅਗਰਤਲਾ,  ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੇ ਦਾਅਵਾ ਕੀਤਾ ਹੈ ਕਿ ਮਹਾਂਭਾਰਤ ਦੇ ਦਿਨਾਂ 'ਚ ਇੰਟਰਨੈੱਟ ਅਤੇ ਅਤਿਆਧੁਲਿਕ ਉਪਗ੍ਰਹਿ ਸੰਚਾਰ ਪ੍ਰਣਾਲੀ ਮੌਜੂਦ ਸੀ। ਹਾਲਾਂਕਿ ਅਪਣੇ ਇਸ ਬਿਆਨ ਨੂੰ ਲੈ ਕੇ ਉਨ੍ਹਾਂ ਨੂੰ ਵੱਖ-ਵੱਖ ਹਲਕਿਆਂ 'ਚ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। 
ਵਿਰੋਧੀ ਧਿਰ, ਸਿਖਿਆ ਸ਼ਾਸਤਰੀਆਂ ਅਤੇ ਸੋਸ਼ਲ ਮੀਡੀਆ ਦਾ ਪ੍ਰਯੋਗ ਕਰਨ ਵਾਲੇ ਲੋਕਾਂ ਨੇ ਮੁੱਖ ਮੰਤਰੀ ਦੇ ਦਾਅਵੇ ਨੂੰ ਗ਼ੈਰਵਿਗਿਆਨਕ ਅਤੇ  ਤਰਕਹੀਣ ਕਰਾਰ ਦਿੰਦਿਆਂ ਉਨ੍ਹਾਂ ਦੀ ਆਲੋਚਨਾ ਕੀਤੀ ਹੈ। ਹਾਲਾਂਕਿ ਰਾਜਪਾਲ ਤਥਾਗਤ ਰਾਏ ਨੇ ਦੇਬ ਦੀ ਹਮਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਟਿਪਣੀਆ ਤਰਕਸੰਗਤ ਹਨ। ਤ੍ਰਿਪੁਰਾ ਯੂਨੀਵਰਸਟੀ ਤੋਂ ਨਾਗਰਿਕ ਸ਼ਾਸਤਰ 'ਚ ਗਰੈਜੁਏਸ਼ਨ ਕਰਨ ਵਾਲੇ ਦੇਬ ਨੇ ਇਕ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਦੇਬ ਨੇ ਇੰਟਰਨੈੱਟ ਅਤੇ ਉਪਗ੍ਰਹਿ ਸੰਚਾ ਦੀ ਖੋਜ ਮਹਾਂਭਾਰਤ ਕਾਲ 'ਚ ਹੋਣ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ ਕਿ ਮਹਾਂਭਾਰਤ ਦੀ ਜੰਗ ਦੌਰਾਨ ਸੰਜੇ ਨੇ ਨੇਤਰਹੀਣ ਰਾਜ ਧ੍ਰਿਤਰਾਸ਼ਟਰ ਨੂੰ ਪਾਂਡਵਾਂ ਅਤੇ ਕੌਰਵਾਂ ਵਿਚਕਾਰ ਜਾਰੀ ਜੰਗ ਦੀ ਅੱਖੀਂ ਵੇਖਿਆ ਹਾਲ ਬਿਆਨ ਕੀਤਾ ਸੀ। ਉਨ੍ਹਾਂ ਕਿਹਾ, ''ਸੰਚਾਰ ਸੰਭਵ ਸੀ ਕਿਉਂਕਿ ਉਸ ਵੇਲੇ ਸਾਡੀ ਤਕਨੀਕ ਅਤਿਆਧੁਨਿਕ ਅਤੇ ਵਿਕਸਤ ਸੀ। ਸਾਡੇ ਕੋਲ ਇੰਟਰਨੈੱਟ ਅਤੇ ਉਪਗ੍ਰਹਿ ਸੰਚਾਰ ਪ੍ਰਣਾਲੀ ਸੀ। ਅਜਿਹਾ ਨਹੀਂ ਹੈ ਕਿ ਮਹਾਂਭਾਰਤ ਕਾਲ 'ਚ ਇੰਟਰਨੈੱਟ ਜਾਂ ਮੀਡੀਆ ਮੌਜੂਦ ਨਹੀਂ ਸੀ।''
ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਮੌਜੂਦਾ ਸਮੇਂ ਤਕ ਇਹ ਤਕਨੀਕ ਗੁਆਚ ਕਿਸ ਤਰ੍ਹਾਂ ਗਈ ਇਸ ਦਾ ਉਨ੍ਹਾਂ ਨੂੰ ਨਹੀਂ ਪਤਾ।ਹਾਲਾਂਕਿ ਮੁੱਖ ਵਿਰੋਧੀ ਪਾਰਟੀ ਸੀ.ਪੀ.ਐਮ. ਨੇ ਦੇਬ ਅਤੇ ਰਾਏ ਦੀਆਂ ਟਿਪਣੀਆਂ ਦੀ ਸਖ਼ਤ ਆਲੋਚਨਾ ਕੀਤੀ। ਸੀ.ਪੀ.ਐਮ. ਦੀ ਤ੍ਰਿਪੁਰਾ ਇਕਾਈ ਦੇ ਸਕੱਤਰ ਬਿਜਨ ਧਰ ਨੇ ਕਿਹਾ, ''ਦੋਵੇਂ ਆਰ.ਐਸ.ਐਸ. ਦੀ ਵਿਚਾਰਧਾਰਾ ਤੋਂ ਪ੍ਰਭਾਵਤ ਹਨ।''ਤ੍ਰਿਪੁਰਾ ਕਾਂਗਰਸ ਦੇ ਮੀਤ ਪ੍ਰਧਾਨ ਤਪਸ ਡੇ ਨੇ ਕਿਹਾ ਕਿ ਇਤਿਹਾਸ ਅਜਿਹੀਆਂ ਗੱਲਾਂ ਨਹੀਂ ਕਰਦਾ। ਇਹ ਮੂਰਖਤਾਪੂਰਨ ਹੈ ਅਤੇ ਮੁੱਖ ਮੰਤਰੀ ਕੋਲ ਗਿਆਨ ਦੀ ਕਮੀ ਹੇ। ਨਾਲ ਹੀ ਸੂਬੇ ਦੀਆਂ ਮੂਲ ਸਮੱਸਿਆਵਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਦਾ ਤਰੀਕਾ ਹੈ।''

ਮੁੱਖ ਮੰਤਰੀ ਦੀ ਟਿਪਣੀ ਨੂੰ ਲੈ ਕੇ ਵਿਗਿਆਨਕਾਂ ਅਤੇ ਸਿਖਿਆ ਸ਼ਾਸਤਰੀਆਂ ਨੇ ਵੀ ਸਖ਼ਤ ਪ੍ਰਤੀਕਿਰਿਆ ਦਿਤੀ ਹੈ। ਸਾਹਾ ਇੰਸਟੀਚਿਊਟ ਆਫ਼ ਨਿਊਕਲੀਅਰ ਫ਼ਿਜਿਕਸ ਦੇ ਸਾਬਕਾ ਨਿਰਦੇਸ਼ਕ ਵਿਕਾਸ ਸਿਨਹਾ ਨੇ ਕੋਲਕਾਤਾ 'ਚ ਕਿਹਾ ਕਿ ਕੁੱਝ ਲੋਕਾਂ ਦਾ 'ਬੇਕਾਰ ਦੀਆਂ ਗੱਲਾਂ ਕਰਨਾ' ਇਕ ਆਦਤ ਬਣ ਗਈ ਹੈ। ਉਨ੍ਹਾਂ ਕਿਹਾ, ''ਇਹ ਬਿਲਕੁਲ ਮੂਰਖਤਾਪੂਰਨ ਗੱਲਾਂ ਹਨ। ਇਸ ਤਰ੍ਹਾਂ ਦੀ ਟਿਪਣੀ ਦਾ ਕੋਈ ਮਹੱਤਵ ਜਾਂ ਆਧਾਰ ਨਹੀਂ ਹੈ।''
ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਵੀ ਮੁੱਖ ਮੰਤਰੀ ਦੀ ਖਿੱਲੀ ਵੀ ਉਡਾਈ ਜਾ ਰਹੀ ਹੈ। ਪ੍ਰਯੋਗਕਰਤਾਵਾਂ ਨੇ ਭਾਜਪਾ ਆਗੂ ਦੇ ਬਿਆਨ ਦਾ ਮਜ਼ਾਕ ਉਡਾਉਣ ਲਈ ਮਹਾਭਾਰਤ ਵਿਚਲੇ ਕਿਰਦਾਰਾਂ ਦਾ ਵੀ ਵਰਣਨ ਕੀਤਾ ਹੈ। ਇਕ ਟਵਿੱਟਰ ਪ੍ਰਯੋਗਕਰਤਾ ਨੇ ਟਵੀਟ ਕੀਤਾ ਹੈ, ''ਜੇਕਰ ਮਹਾਂਭਾਰਤ ਦੇ ਸਮੇਂ 'ਚ ਇੰਟਰਨੈੱਟ ਮੌਜੂਦ ਸੀ ਤਾਂ ਮੁੱਖ ਸਵਾਲ ਇਹ ਹੈ ਕਿ ਦਰੋਪਦੀ ਦਾ ਪਸੰਦੀਦਾ ਸਨੈਪਚੈਟ ਫ਼ਿਲਟਰ ਕੀ ਸੀ?'' ਇਸੇ ਲੜੀ 'ਚ ਇਕ ਹੋਰ ਵਿਅਕਤੀ ਨੇ ਕਿਹਾ, ''ਮਹਾਂਭਾਰਤ ਦੇ ਯੁਗ 'ਚ ਇੰਟਰਨੈੱਟ। ਮਹਾਂਭਾਰਤ ਬਾਰੇ ਤ੍ਰਿਪੁਰਾ ਦੇ ਮੁੱਖ ਮੰਤਰੀ ਦੀ ਪਰਿਭਾਸ਼ਾ। ਜਦੋਂ ਕ੍ਰਿਸ਼ਨ ਨੇ ਗੂਗਲ ਦਾ ਪ੍ਰਯੋਗ ਕੀਤਾ ਅਤੇ ਅਰਜੁਨ ਦਾ ਡੇਟਾ ਖ਼ਤਮ ਹੋ ਗਿਆ।''  (ਏਜੰਸੀਆਂ)