ਗਲਤੀ ਨਾਲ ਦੱਬ ਦਿੱਤਾ 'ਹਾਥੀ' ਦੀ ਥਾਂ 'ਕਮਲ' ਦਾ ਬਟਨ, ਨਾਰਾਜ਼ ਨੌਜਵਾਨ ਨੇ ਵੱਢੀ ਆਪਣੀ ਉਂਗਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੁਲੰਦਸ਼ਹਿਰ ਦੇ ਸ਼ਿਕਾਰਪੁਰ ਲੋਕ ਸਭਾ ਖੇਤਰ ਦੀ ਘਟਨਾ

Bulandshahar : Dalit voter cut his finger after voting BJP

ਨਵੀਂ ਦਿੱਲੀ : ਲੋਕ ਸਭਾ ਚੋਣਾਂ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਕ ਦਲਿਤ ਵੋਟਰ ਨੇ ਵੀਰਵਾਰ ਨੂੰ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦੌਰਾਨ ਵੋਟ ਪਾਈ। ਉਸ ਨੇ ਬਸਪਾ ਨੂੰ ਵੋਟ ਪਾਉਣੀ ਸੀ ਪਰ ਗਲਤੀ ਨਾਲ ਭਾਜਪਾ ਨੂੰ ਵੋਟ ਪਾ ਦਿੱਤੀ। ਜਦੋਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਜਿਸ ਉਂਗਲ ਨਾਲ ਵੋਟ ਪਾਈ ਸੀ ਉਹ ਵੱਢ ਦਿੱਤੀ।

ਮਾਮਲਾ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦਾ ਹੈ। ਪਵਨ ਕੁਮਾਰ ਨਾਂ ਦਾ ਇਹ ਵਿਅਕਤੀ ਸ਼ਿਕਾਰਪੁਰ ਲੋਕ ਸਭਾ ਖੇਤਰ ਤਹਿਤ ਆਉਣ ਵਾਲੇ ਅਬਦੁੱਲਾਪੁਰ ਦਾ ਰਹਿਣ ਵਾਲਾ ਹੈ। ਬੀਤੇ ਦਿਨ ਪਵਨ ਜਦੋਂ ਵੋਟ ਪਾਉਣ ਲਈ ਗਿਆ ਤਾਂ ਉਹ ਸੋਚ ਕੇ ਗਿਆ ਸੀ ਕਿ ਐਸ.ਪੀ.-ਬੀ.ਐਸ.ਪੀ.-ਆਰ.ਐਲ.ਡੀ. ਦੇ ਸਾਂਝੇ ਉਮੀਦਵਾਰ ਯੋਗੇਸ਼ ਵਰਮਾ ਨੂੰ ਵੋਟ ਪਾਵੇਗਾ ਪਰ ਗਲਤੀ ਨਾਲ ਉਸ ਨੇ ਭਾਜਪਾ ਦੇ ਚੋਣ ਨਿਸ਼ਾਨ ਕਮਲ ਦਾ ਬਟਨ ਦੱਬ ਕੇ ਭਾਜਪਾ ਉਮੀਦਵਾਰ ਭੋਲਾ ਸਿੰਘ ਨੂੰ ਵੋਟ ਪਾ ਦਿੱਤੀ। 

ਪਵਨ ਕੁਮਾਰ ਨੂੰ ਜਦੋਂ ਤਕ ਉਸ ਦੀ ਗਲਤੀ ਦਾ ਪਤਾ ਲੱਗਦਾ ਉਹ ਬਸਪਾ ਦੀ ਥਾਂ ਭਾਜਪਾ ਦਾ ਬਟਨ ਦੱਬ ਚੁੱਕਾ ਸੀ। ਉਸ ਨੂੰ ਆਪਣੀ ਇਸ ਗਲਤੀ 'ਤੇ ਇੰਨੀ ਸ਼ਰਮਿੰਦਗੀ ਮਹਿਸੂਸ ਹੋਈ ਕਿ ਉਸ ਨੇ ਗੰਡਾਸੇ ਨਾਲ ਆਪਣੀ ਉਂਗਲ ਹੀ ਵੱਢ ਦਿੱਤੀ। ਪਵਨ ਸਿੰਘ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ 'ਚ ਉਸ ਨੂੰ ਕੋਈ ਪੁੱਛ ਰਿਹਾ ਹੈ ਕਿ ਉਂਗਲ ਕਿਵੇਂ ਵੱਢੀ ਗਈ।

 


 

ਪਵਨ ਦੱਸ ਰਿਹਾ ਹੈ ਕਿ ਉਹ ਬਸਪਾ ਉਮੀਦਵਾਰ ਨੂੰ ਵੋਟ ਪਾਉਣ ਗਿਆ ਸੀ ਪਰ ਗਲਤੀ ਨਾਲ ਉਸ ਨੇ ਭਾਜਪਾ ਦਾ ਬਟਨ ਦੱਬ ਦਿੱਤਾ। ਜਿਸ ਤੋਂ ਬਾਅਦ ਉਸ ਨੇ ਪਛਤਾਵੇ ਲਈ ਆਪਣੀ ਉਂਗਲ ਵੱਢ ਦਿੱਤੀ। ਪਵਨ ਸਿੰਘ ਵੀਡੀਓ 'ਚ ਕਹਿ ਰਿਹਾ ਹੈ ਕਿ ਉਸ ਨੇ ਭਾਜਪਾ ਨੂੰ ਵੋਟ ਦੇ ਕੇ ਗਲਤੀ ਕੀਤੀ ਹੈ, ਜਿਸ ਦੀ ਸਜ਼ਾ ਉਸ ਨੇ ਖ਼ੁਦ ਨੂੰ ਦਿੱਤੀ ਹੈ।