ਰਾਹੁਲ ਨੇ ਵਿਖਾਇਆ ਕਿ ਮੁਸ਼ਕਲ ਸਮੇਂ ਵਿਰੋਧੀ ਦਲ ਨੂੰ ਕਿਵੇਂ ਪੇਸ਼ ਆਉਣਾ ਚਾਹੀਦੈ : ਸ਼ਿਵ ਸੈਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਨੇ ਪਹਿਲਾਂ ਹੀ ਕੋਰੋਨਾ ਦੇ ਖ਼ਤਰੇ ਦੀ ਪੇਸ਼ਨਗੋਈ ਕਰ ਦਿਤੀ

File photo

ਮੁੰਬਈ, 18 ਅਪ੍ਰੈਲ: ਸ਼ਿਵ ਸੈਨਾ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਸਨਿਚਰਵਾਰ ਨੂੰ ਇਹ ਕਹਿੰਦੇ ਹੋਏ ਤਾਰੀਫ਼ ਕੀਤੀ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਕੌਮਾਂਤਰੀ ਮਹਾਮਾਰੀ ’ਤੇ ਸਕਾਰਾਤਮਕ ਰਵਈਆ ਅਪਣਾਇਆ ਅਤੇ ਦਿਵਾਇਆ ਕਿ ਸੰਕਟ ਦੌਰਾਨ ਜ਼ਿੰਮੇਦਾਰ ਵਿਰੋਧੀ ਪਾਰਟੀ ਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। ਮਹਾਰਾਸ਼ਟਰ ’ਚ ਕਾਂਗਰਸ ਅਤੇ ਰਾਕਾਂਪਾ ਨਾਲ ਸੱਤਾ ਸਾਂਝੀ ਕਰਨ ਵਾਲੀ ਸ਼ਿਵ ਸੈਨਾ ਨੇ ਕਿਹਾ ਕਿ ਗਾਂਧੀ ਨੇ ਜਦ ਕਿਹਾ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਨ੍ਹਾਂ ਦੇ ਵਿਚਾਰ ਵੱਖੋ-ਵੱਖ ਹੋ ਸਕਦੇ ਹਨ

ਪਰ ਇਹ ਸਮਾਂ ਲੜਾਈ ਦਾ ਨਹੀਂ ਹੈ ਬਲਕਿ ਮਹਾਮਾਰੀ ਵਿਰੁਧ ਇਕਜੁਟ ਹੋ ਕੇ ਲੜਨ ਦੀ ਜ਼ਰੂਰਤ ਦਾ ਹੈ, ਤਦ ਉਨ੍ਹਾਂ ਨੇ ਲੋਕਹਿਤ ’ਚ ਪੱਖ ਰਖਿਆ ਅਤੇ ਰਾਜਨੀਤਕ ਸੂਝ ਵਿਖਾਈ। ਪਾਰਟੀ ਦੇ ਮੁਖ ਪੱਤਰ ‘ਸਾਮਨਾ’ ਦੇ ਇਕ ਸੰਪਾਦਕੀ ’ਚ ਸ਼ਿਵ ਸੈਨਾ ਨੇ ਕਿਹਾ ਗਾਂਧੀ ਅਤੇ ਮੋਦੀ ਨੂੰ ਦੇਸ਼ ਦੇ ਫ਼ਾਇਦੇ ਲਈ ਕੌਮਾਂਤਰੀ ਮਹਾਮਾਰੀ ’ਤੇ ਆਹਮੋ-ਸਾਹਮਣੇ ਚਰਚਾ ਕਰਨੀ ਚਾਹੀਦੀ ਹੈ। 

ਉਧਵ ਠਾਕਰੇ ਦੀ ਪਾਰਟੀ ਨੇ ਕਿਹਾ, ‘‘ਰਾਹੁਲ ਗਾਂਧੀ ਦੇ ਬਾਰੇ ਕੁੱਝ ਵਿਚਾਰ ਹੋ ਸਕਦੇ ਹਨ। ਪਰ ਰਾਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਬਾਰੇ ਵੀ ਹੈ। ਭਾਜਪਾ ਦੀ ਅੱਧੀ ਸਫ਼ਲਤਾ ਤਾਂ  ਰਾਹੁਲ ਗਾਂਧੀ ਦੀ ਅਕਸ ਵਿਗਾੜ ਰਹੀ ਹੈ। ਇਹ ਅੱਜ ਵੀ ਜਾਰੀ ਹੈ।’’
ਪਾਰਟੀ ਨੇ ਕਿਹਾ, ‘‘ਪਰ ਮੌਜੂਦਾ ਸੰਕਟ ’ਚ ਗਾਂਧੀ ਦੇ ਰਵਈਏ ਲਈ ਉਨ੍ਹਾਂ ਦੀ ਸਿਫ਼ਤ ਕਿਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਆਦਰਸ਼ ਚੋਣ ਜਾਬਤਾ ਸਾਹਮਣੇ ਰਖਿਆ ਹੈ ਕਿ ਕਿਸੇ ਵੀ ਵਿਰੋਧੀ ਪਾਰਟੀ ਨੂੰ ਸੰਕਟ ਦੇ ਸਮੇਂ ਕਿਸ ਤਰ੍ਹਾਂ ਦਾ ਵਤੀਰਾ ਕਰਨਾ ਚਾਹੀਦਾ ਹੈ।’’ 

ਰਾਹੁਲ ਗਾਂਧੀ ਨੇ ਪਹਿਲਾਂ ਹੀ ਕੋਰੋਨਾ ਦੇ ਖ਼ਤਰੇ ਦੀ ਪੇਸ਼ਨਗੋਈ ਕਰ ਦਿਤੀ
ਸ਼ਿਵ ਸੈਨਾ ਨੇ ਕਿਹਾ ਰਾਹੁਲ ਨੇ ਪਹਿਲਾਂ ਹੀ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਭਾਂਪ ਲਿਆ ਸੀ ਅਤੇ ਸਰਕਾਰ ਨੂੰ ਜ਼ਰੂਰੀ ਕਦਮ ਚੁੱਕਣ ਲਈ ਲਗਾਤਾਰ ਚਿਤਾਵਨੀ ਦਿੰਦੇ ਰਹੇ। ਜਦ ਹਰ ਕੋਈ ਕਾਂਗਰਸ ਦੀ ਮੱਧ ਪ੍ਰਦੇਸ਼ ਸਰਕਾਰ ਨੂੰ ਡੇਗਣ ਵਿਚ ਵਿਅਸਤ ਸੀ ਤਾਂ ਗਾਂਧੀ ਸਰਕਾਰ ਨੂੰ ਕੋਰੋਨਾ ਵਾਇਰਸ ਸੰਕਟ ਨਾਲ ਨਜਿਠਣ ਦੇ ਲਈ ਜਗਾ ਰਹੇ ਸਨ।’’ ਸੰਪਾਦਕੀ ’ਚ ਕਿਹਾ ਗਿਆ ਕਿ ਗਾਂਧੀ ਨੇ ਵਾਰ ਵਾਰ ਸਰਕਾਰ ਨੂੰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ’ਚ ਜ਼ਰੂਰੀ ਮੈਡੀਕਲ ਉਪਕਰਣਾਂ ਦੇ ਨਿਰਯਾਤ ਨੂੰ ਰੋਕਣ ਦੀ ਅਪੀਲ ਕੀਤੀ ਸੀ।