ਅਨੁਸ਼ਾਸਨੀ ਕਮੇਟੀ ਦੇ ਇਲਜ਼ਾਮਾਂ 'ਤੇ ਮੈਂ ਕੋਈ ਜਵਾਬ ਨਹੀਂ ਦਿੱਤਾ, ਜੋ ਫੈਸਲਾ ਲੈਣਾ ਉਹ ਲੈ ਲੈਣ- ਸੁਨੀਲ ਜਾਖੜ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੈਨੂੰ ਨਹੀਂ ਪਤਾ ਕਿ ਉਹ ਕੀ ਕਰਨਗੇ ਪਰ ਉਹ ਜੋ ਫੈਸਲਾ ਲੈਣਾ ਚਾਹੁੰਦੇ ਹਨ ਲੈ ਸਕਦੇ ਹਨ।"

Sunil Kumar Jakhar

 

ਨਵੀਂ ਦਿੱਲੀ - ਅਨੁਸ਼ਾਸਨਹੀਣਤਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੀ ਅਨੁਸ਼ਾਸਨੀ ਕਾਰਵਾਈ ਕਮੇਟੀ ਵੱਲੋਂ ਦਿੱਤੇ ਕਾਰਨ ਦੱਸੋ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ ਹੈ ਅਤੇ ਉਹ ਜੋ ਵੀ ਫੈਸਲਾ ਲੈਣਾ ਚਾਹੁੰਦੇ ਹਨ ਉਹ ਲੈਣ ਸਕਦੇ ਹਨ। ਉਨ੍ਹਾਂ ਇਹ ਟਿੱਪਣੀ ਉਸ ਸਮੇਂ ਦਿੱਤੀ ਜਦੋਂ ਕਾਂਗਰਸ  ਆਗੂ ਏ ਕੇ ਐਂਟਨੀ ਦੀ ਅਗਵਾਈ ਵਾਲੀ ਅਨੁਸ਼ਾਸਨੀ ਕਾਰਵਾਈ ਕਮੇਟੀ ਵੱਲੋਂ ਇਹ ਸੰਕੇਤ ਦਿੱਤੇ ਗਏ ਕਿ ਜਾਕੜ ਖਿਲਾਫ਼ ਕਾਰਵਾਈ ਹੋ ਸਕਦੀ ਹੈ। 

ਜਾਖੜ ਨੇ ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਦੱਸਿਆ, "ਇਹ ਸੱਚ ਹੈ ਕਿ ਮੈਂ (ਨੋਟਿਸ ਦਾ) ਜਵਾਬ ਨਹੀਂ ਦਿੱਤਾ ਹੈ।" ਕਮੇਟੀ ਵੱਲੋਂ ਕਾਰਵਾਈ ਦੇ ਸੰਕੇਤ ਦੇਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਇਹ ਉਨ੍ਹਾਂ ਦਾ ਅਧਿਕਾਰ ਹੈ, ਉਨ੍ਹਾਂ ਨੂੰ ਕਰਨਾ ਚਾਹੀਦਾ ਹੈ। ਮੈਨੂੰ ਨਹੀਂ ਪਤਾ ਕਿ ਉਹ ਕੀ ਕਰਨਗੇ ਪਰ ਉਹ ਜੋ ਫੈਸਲਾ ਲੈਣਾ ਚਾਹੁੰਦੇ ਹਨ ਲੈ ਸਕਦੇ ਹਨ।" ਆਪਣੇ 'ਤੇ ਲੱਗੇ ਅਨੁਸ਼ਾਸਨਹੀਣਤਾ ਦੇ ਦੋਸ਼ਾਂ 'ਤੇ ਜਾਖੜ ਨੇ ਕਿਹਾ ਕਿ ਮੈਂ ਇਸ ਦਾ ਨੋਟਿਸ ਲੈਣਾ ਵੀ ਨਹੀਂ ਚਾਹੁੰਦਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਕਾਂਗਰਸ ਛੱਡ ਰਹੇ ਹਨ ਤਾਂ ਉਨ੍ਹਾਂ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ, ਸਿਰਫ ਇੰਨਾ ਕਿਹਾ ਕਿ ਪਿਛਲੇ ਸੱਤ ਮਹੀਨਿਆਂ ਤੋਂ ਅਜਿਹੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਕਾਂਗਰਸ ਦੀ ਅਨੁਸ਼ਾਸਨੀ ਕਾਰਵਾਈ ਕਮੇਟੀ ਨੇ ਕਾਂਗਰਸ ਦੇ ਦੋ ਸੀਨੀਅਰ ਆਗੂਆਂ ਸੁਨੀਲ ਜਾਖੜ ਅਤੇ ਕੇ. ਵੀ. ਥਾਮਸ ਨੂੰ 11 ਅਪ੍ਰੈਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਇੱਕ ਹਫ਼ਤੇ ਅੰਦਰ ਜਵਾਬ ਮੰਗਿਆ ਗਿਆ ਸੀ। ਕਮੇਟੀ ਦੇ ਮੈਂਬਰ ਸਕੱਤਰ ਤੇ ਕਾਂਗਰਸ ਦੇ ਜਨਰਲ ਸਕੱਤਰ ਤਾਰਿਕ ਅਨਵਰ ਮੁਤਾਬਕ ਥਾਮਸ ਦਾ ਜਵਾਬ ਮਿਲ ਗਿਆ ਹੈ ਪਰ ਜਾਖੜ ਵੱਲੋਂ ਮੰਗਲਵਾਰ ਤੱਕ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਕਿਹਾ, ''ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ। ਉਨ੍ਹਾਂ ਦਾ (ਜਾਖੜ) ਜਵਾਬ ਨਹੀਂ ਆਇਆ। ਕਮੇਟੀ ਇੱਕ-ਦੋ ਦਿਨਾਂ ਵਿਚ ਮੀਟਿੰਗ ਕਰੇਗੀ ਅਤੇ ਕਾਂਗਰਸ ਦੇ ਸੰਵਿਧਾਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਇਹ ਪੁੱਛੇ ਜਾਣ 'ਤੇ ਕਿ ਕੀ ਜਾਖੜ ਨੂੰ ਮੁਅੱਤਲ ਜਾਂ ਕੱਢਿਆ ਜਾ ਸਕਦਾ ਹੈ, ਅਨਵਰ ਨੇ ਕਿਹਾ, 'ਕਾਂਗਰਸ ਦੇ ਸੰਵਿਧਾਨ ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਤੀਜੇ ਵਜੋਂ ਮੁਅੱਤਲ ਜਾਂ ਬਰਖਾਸਤਗੀ ਵੀ ਹੋ ਸਕਦੀ ਹੈ ਪਰ ਅੰਤਿਮ ਫੈਸਲਾ ਕਮੇਟੀ ਦੀ ਮੀਟਿੰਗ ਵਿਚ ਲਿਆ ਜਾਵੇਗਾ।"ਸੁਨੀਲ ਜਾਖੜ 'ਤੇ ਵਿਧਾਨ ਸਭਾ ਚੋਣਾਂ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁੱਧ 'ਇਤਰਾਜ਼ਯੋਗ ਟਿੱਪਣੀ' ਕਰਨ ਅਤੇ ਪਾਰਟੀ ਨੂੰ ਠੇਸ ਪਹੁੰਚਾਉਣ ਵਾਲੇ ਬਿਆਨ ਦੇਣ ਦੇ ਦੋਸ਼ ਲੱਗੇ ਹਨ। ਕਾਂਗਰਸੀ ਆਗੂ ਉਦਿਤ ਰਾਜ ਨੇ ਖੁੱਲ੍ਹ ਕੇ ਜਾਖੜ ਨੂੰ ਪਾਰਟੀ 'ਚੋਂ ਕੱਢਣ ਦੀ ਮੰਗ ਕੀਤੀ ਸੀ।

ਦੂਜੇ ਪਾਸੇ, ਥਾਮਸ, ਸਾਬਕਾ ਸੰਸਦ ਮੈਂਬਰ, ਜੋ ਕੇਰਲਾ ਨਾਲ ਸਬੰਧਤ ਹੈ, ਨੇ ਹਾਲ ਹੀ ਵਿਚ ਪਾਰਟੀ ਦੇ ਸਟੈਂਡ ਵਿਰੁੱਧ ਰਾਜ ਵਿਚ ਸੱਤਾਧਾਰੀ ਸੀਪੀਆਈ (ਐਮ) ਦੇ ਇੱਕ ਸੈਮੀਨਾਰ ਵਿਚ ਸ਼ਿਰਕਤ ਕੀਤੀ ਸੀ। ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਉਸ ਵਿਰੁੱਧ ਕਾਰਵਾਈ ਦੀ ਸਿਫਾਰਿਸ਼ ਕੀਤੀ ਸੀ।ਕਾਰਨ ਦੱਸੋ ਨੋਟਿਸ ਮਿਲਣ ਤੋਂ ਬਾਅਦ ਥਾਮਸ ਨੇ ਕਿਹਾ ਸੀ ਕਿ ਉਹ ਇਸ ਦਾ ਜਵਾਬ ਦੇਣਗੇ।

ਉਨ੍ਹਾਂ ਕਿਹਾ ਸੀ ਕਿ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੇ ਸੀਪੀਆਈ (ਐਮ) ਦੇ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਸੀ, ਪਰ ਜਦੋਂ ਉਨ੍ਹਾਂ ਨੂੰ ਪਾਰਟੀ ਦੇ ਅੰਦਰੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਤਾਂ ਉਨ੍ਹਾਂ ਨੇ ਸ਼ਾਮਲ ਹੋਣ ਦਾ ਫੈਸਲਾ ਕੀਤਾ। ਥਾਮਸ ਨੇ ਇਹ ਵੀ ਕਿਹਾ, ''ਮੈਂ ਕਾਂਗਰਸ ਨਹੀਂ ਛੱਡਾਂਗਾ। ਮੈਂ ਮਰਦੇ ਦਮ ਤੱਕ ਕਾਂਗਰਸੀ ਹੀ ਰਹਾਂਗਾ।"