ਅਤੀਕ-ਅਸ਼ਰਫ ਕਤਲ ਕਾਂਡ ਮਾਮਲੇ 'ਚ ਵੱਡੀ ਕਾਰਵਾਈ : 5 ਪੁਲਿਸ ਮੁਲਾਜ਼ਮ ਸਸਪੈਂਡ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਵਿਭਾਗ ਨੇ ਐਸਆਈਟੀ ਦੀ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ

photo

 

ਸ਼ਾਹਗੰਜ : ਅਤੀਕ-ਅਸ਼ਰਫ ਕਤਲ ਕਾਂਡ ਦੇ ਤਿੰਨ ਦਿਨ ਬਾਅਦ ਬੁੱਧਵਾਰ ਨੂੰ ਪ੍ਰਯਾਗਰਾਜ ਦੇ ਸ਼ਾਹਗੰਜ ਥਾਣੇ ਦੇ ਪੰਜ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਪੁਲਿਸ ਵਿਭਾਗ ਨੇ ਐਸਆਈਟੀ ਦੀ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ। ਜਿਨ੍ਹਾਂ ’ਤੇ ਇਹ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਵਿੱਚ ਐਸ.ਓ ਅਸ਼ਵਨੀ ਕੁਮਾਰ ਸਿੰਘ ਤੋਂ ਇਲਾਵਾ ਦੋ ਸਬ-ਇੰਸਪੈਕਟਰ ਅਤੇ ਦੋ ਕਾਂਸਟੇਬਲ ਸ਼ਾਮਲ ਹਨ।

ਦੂਜੇ ਪਾਸੇ ਤਿੰਨਾਂ ਕਾਤਲਾਂ ਲਵਲੇਸ਼, ਸੰਨੀ ਅਤੇ ਅਰੁਣ ਨੂੰ ਪ੍ਰਯਾਗਰਾਜ ਦੀ ਸੀਜੇਐਮ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ 4 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ। ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀ। ਸੀਜੇਐਮ ਕੋਰਟ ਨੰਬਰ 10 ਵਿੱਚ ਜੱਜ ਦਿਨੇਸ਼ ਕੁਮਾਰ ਗੌਤਮ ਨੇ ਰਿਮਾਂਡ ’ਤੇ ਦੇਣ ਦਾ ਹੁਕਮ ਸੁਣਾਇਆ।

ਐਸਆਈਟੀ ਤਿੰਨਾਂ ਨੂੰ ਗੁਪਤ ਟਿਕਾਣੇ 'ਤੇ ਲੈ ਗਈ ਹੈ। ਡਿਪਟੀ ਕਮਿਸ਼ਨਰ ਕ੍ਰਾਈਮ ਸਤੀਸ਼ ਚੰਦਰ, ਏਸੀਪੀ ਸਤੇਂਦਰ ਤਿਵਾੜੀ ਅਤੇ ਇੰਸਪੈਕਟਰ ਓਮ ਪ੍ਰਕਾਸ਼ ਤਿੰਨਾਂ ਤੋਂ ਪੁੱਛਗਿੱਛ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਸ ਦੇ ਲਈ 100 ਸਵਾਲ ਤਿਆਰ ਕੀਤੇ ਹਨ। ਪੁਲਿਸ ਇਨ੍ਹਾਂ ਮੁਲਜ਼ਮਾਂ ਦੇ ਮੋਬਾਈਲਾਂ ਦੀ ਭਾਲ ਕਰ ਰਹੀ ਹੈ। ਉਨ੍ਹਾਂ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਹ ਪਿਛਲੇ ਸਮੇਂ ਦੌਰਾਨ ਕਿਸ-ਕਿਸ ਦੇ ਸੰਪਰਕ ਵਿੱਚ ਸਨ।

ਦੂਜੇ ਪਾਸੇ ਬੁੱਧਵਾਰ ਨੂੰ ਪ੍ਰਯਾਗਰਾਜ ਪੁਲਿਸ ਨੇ ਅਤੀਕ ਗੈਂਗ ਦੇ ਸ਼ੂਟਰ ਅਸਦ ਕਾਲੀਆ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ 'ਤੇ 50 ਹਜ਼ਾਰ ਦਾ ਇਨਾਮ ਸੀ। ਅਸਦ ਕਾਲੀਆ ਅਤੀਕ ਗੈਂਗ ਦਾ ਫਾਈਨਾਂਸਰ ਦੱਸਿਆ ਜਾਂਦਾ ਹੈ। ਪੁਲਿਸ ਹੁਣ ਉਸ ਤੋਂ ਪੁੱਛਗਿੱਛ ਕਰ ਰਹੀ ਹੈ।