Google Doodle : ਲੋਕ ਸਭਾ ਚੋਣਾਂ ਨੂੰ ਲੈ ਕੇ ਗੂਗਲ ਦਾ ਵਿਸ਼ੇਸ਼ ਡੂਡਲ, ਲੋਕਾਂ ਨੂੰ ਵੋਟ ਪਾਉਣ ਲਈ ਕਰ ਰਿਹਾ ਪ੍ਰੇਰਿਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਜ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਹੋ ਰਹੀ ਹੈ ਵੋਟਿੰਗ

Google Doodle

Google Doodle: ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਭਾਰਤ ਵਿੱਚ ਅੱਜ ਯਾਨੀ 19 ਅਪ੍ਰੈਲ ਤੋਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਲੋਕ ਸਭਾ ਚੋਣਾਂ 2024 ਦੇ ਪਹਿਲੇ ਪੜਾਅ ਲਈ ਅੱਜ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪੋਲਿੰਗ ਸਟੇਸ਼ਨਾਂ 'ਤੇ ਪਹੁੰਚ ਰਹੇ ਹਨ। 

 

ਇਸ ਵਾਰ ਦੇਸ਼ ਵਿੱਚ 18ਵੀਂ ਲੋਕ ਸਭਾ ਲਈ ਚੋਣਾਂ ਹੋ ਰਹੀਆਂ ਹਨ ਅਤੇ ਗੂਗਲ ਵੀ ਆਪਣੇ ਵਿਸ਼ੇਸ਼ ਡੂਡਲ ਰਾਹੀਂ ਲੋਕਤੰਤਰ ਦੇ ਇਸ ਮਹਾਨ ਤਿਉਹਾਰ ਨੂੰ ਮਨਾ ਰਿਹਾ ਹੈ। ਸਰਚ ਇੰਜਣ ਗੂਗਲ ਨੇ ਭਾਰਤ ਵਿੱਚ ਵੋਟਿੰਗ ਨੂੰ ਦਰਸਾਉਣ ਵਾਲੇ ਵੋਟਿੰਗ ਚਿੰਨ੍ਹ ਦੇ ਨਾਲ ਇੱਕ ਵਿਸ਼ੇਸ਼ ਡੂਡਲ ਬਣਾਇਆ ਹੈ, ਜੋ ਲੋਕਾਂ ਨੂੰ ਵੋਟ ਦੇ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।

 

ਗੂਗਲ ਨੇ ਜੋ ਡੂਡਲ ਬਣਾਇਆ ਹੈ ,ਉਸ 'ਚ ਵੋਟਿੰਗ ਤੋਂ ਬਾਅਦ ਸਿਆਹੀ ਲੱਗੀ ਉਂਗਲ ਨੂੰ ਦਿਖਾਇਆ ਗਿਆ ਹੈ। ਇਸ ਵਿਸ਼ੇਸ਼ ਡੂਡਲ ਰਾਹੀਂ ਗੂਗਲ ਲੋਕਾਂ ਨੂੰ ਪੋਲਿੰਗ ਬੂਥ 'ਤੇ ਜਾ ਕੇ ਵੋਟ ਪਾਉਣ ਲਈ ਪ੍ਰੇਰਿਤ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਗੂਗਲ ਅਕਸਰ ਵੱਖ-ਵੱਖ ਮੌਕਿਆਂ 'ਤੇ ਖਾਸ ਡੂਡਲ ਬਣਾ ਕੇ ਜਸ਼ਨ ਮਨਾਉਂਦਾ ਹੈ। ਇਸ ਡੂਡਲ ਦਾ ਮੁੱਖ ਉਦੇਸ਼ ਵੋਟਰਾਂ ਨੂੰ ਲੋਕਤੰਤਰ ਦੇ ਮਹਾਨ ਤਿਉਹਾਰ ਬਾਰੇ ਜਾਗਰੂਕ ਕਰਨਾ ਹੈ।

 

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ ਅੱਜ ਦੇਸ਼ ਦੇ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਦੇਸ਼ ਵਿੱਚ ਲੋਕ ਸਭਾ ਚੋਣਾਂ ਲਈ ਕੁੱਲ ਸੱਤ ਪੜਾਵਾਂ ਵਿੱਚ ਵੋਟਾਂ ਪੈਣੀਆਂ ਹਨ। 19 ਅਪ੍ਰੈਲ ਨੂੰ ਪਹਿਲੇ ਪੜਾਅ ਤੋਂ ਬਾਅਦ ਦੂਜੇ ਪੜਾਅ ਲਈ 26 ਅਪ੍ਰੈਲ ਨੂੰ ਵੋਟਿੰਗ ਹੋਵੇਗੀ। 

 

ਤੀਜੇ ਪੜਾਅ ਲਈ 7 ਮਈ, ਚੌਥੇ ਪੜਾਅ ਲਈ 13 ਮਈ, ਪੰਜਵੇਂ ਪੜਾਅ ਲਈ 20 ਮਈ, ਛੇਵੇਂ ਪੜਾਅ ਲਈ 25 ਮਈ ਅਤੇ ਸੱਤਵੇਂ ਪੜਾਅ ਲਈ 1 ਜੂਨ ਨੂੰ ਵੋਟਾਂ ਪੈਣੀਆਂ ਹਨ। ਕੁੱਲ 534 ਲੋਕ ਸਭਾ ਸੀਟਾਂ 'ਤੇ ਸੱਤ ਪੜਾਵਾਂ 'ਚ ਵੋਟਿੰਗ ਹੋਵੇਗੀ, ਜਦਕਿ ਚੋਣ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।