ਇਸ ਵਾਰ ਗਰਮੀਆਂ ’ਚ 43 ਫੀ ਸਦੀ ਵੱਧ ਰੇਲ ਗੱਡੀਆਂ ਚਲਾਏਗਾ ਰੇਲ ਮੰਤਰਾਲਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਰੇਲਵੇ ਗਰਮੀਆਂ ਦੇ ਮੌਸਮ ’ਚ ਰੀਕਾਰਡ 9,111 ਰੇਲ ਗੱਡੀਆਂ ਚਲਾਏਗਾ

Representative Image

ਨਵੀਂ ਦਿੱਲੀ: ਰੇਲ ਮੰਤਰਾਲਾ ਇਸ ਗਰਮੀਆਂ ਦੇ ਮੌਸਮ ’ਚ ਯਾਤਰਾ ਦੀ ਮੰਗ ’ਚ ਵਾਧੇ ਦੇ ਅਨੁਮਾਨ ਨੂੰ ਪੂਰਾ ਕਰਨ ਲਈ ਵਾਧੂ ਰੇਲ ਗੱਡੀਆਂ ਦੀ ਗਿਣਤੀ ’ਚ 43 ਫ਼ੀ ਸਦੀ ਦਾ ਇਜ਼ਾਫ਼ਾ ਕਰਨ ਜਾ ਰਿਹਾ ਹੈ। ਇਹ ਵਧੇਰੇ ਮੁਸਾਫ਼ਰਾਂ ਨੂੰ ਉਨ੍ਹਾਂ ਦੀਆਂ ਲੋੜੀਂਦੀਆਂ ਮੰਜ਼ਿਲਾਂ ਤਕ ਆਸਾਨੀ ਨਾਲ ਪਹੁੰਚਣ ’ਚ ਸਹਾਇਤਾ ਕਰੇਗਾ। ਰੇਲ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਮੁਸਾਫ਼ਰਾਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਅਤੇ ਗਰਮੀਆਂ ’ਚ ਯਾਤਰਾ ਦੀ ਮੰਗ ’ਚ ਵਾਧੇ ਨੂੰ ਧਿਆਨ ’ਚ ਰਖਦੇ ਹੋਏ ਰੇਲਵੇ ਗਰਮੀਆਂ ਦੇ ਮੌਸਮ ’ਚ ਰੀਕਾਰਡ 9,111 ਰੇਲ ਗੱਡੀਆਂ ਦਾ ਸੰਚਾਲਨ ਕਰ ਰਿਹਾ ਹੈ। 

ਮੰਤਰਾਲੇ ਨੇ ਕਿਹਾ, ‘‘ਇਹ 2023 ਦੀਆਂ ਗਰਮੀਆਂ ਦੇ ਮੁਕਾਬਲੇ ਕਾਫ਼ੀ ਵਾਧਾ ਦਰਸਾਉਂਦਾ ਹੈ ਜਦੋਂ ਕੁਲ 6,369 ਵਾਧੂ ਰੇਲ ਗੱਡੀਆਂ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਤਰ੍ਹਾਂ, ਰੇਲ ਗੱਡੀਆਂ ਦੀ ਬਾਰੰਬਾਰਤਾ ’ਚ 2742 ਦਾ ਵਾਧਾ ਹੋਇਆ ਹੈ ਜੋ ਮੁਸਾਫ਼ਰਾਂ ਦੀਆਂ ਮੰਗਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ ਲਈ ਭਾਰਤੀ ਰੇਲਵੇ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।’’

ਰੇਲ ਮੰਤਰਾਲੇ ਨੇ ਕਿਹਾ ਕਿ ਪ੍ਰਮੁੱਖ ਰੇਲ ਮਾਰਗਾਂ ’ਤੇ ਬੇਰੋਕ ਯਾਤਰਾ ਨੂੰ ਯਕੀਨੀ ਬਣਾਉਣ ਲਈ ਦੇਸ਼ ਭਰ ਦੇ ਪ੍ਰਮੁੱਖ ਸਥਾਨਾਂ ਨੂੰ ਜੋੜਨ ਲਈ ਵਾਧੂ ਰੇਲ ਗੱਡੀਆਂ ਦੀ ਸਾਵਧਾਨੀ ਨਾਲ ਯੋਜਨਾ ਬਣਾਈ ਗਈ ਹੈ। 9,111 ਵਾਧੂ ਰੇਲ ਗੱਡੀਆਂ ਵਿਚੋਂ ਪਛਮੀ ਰੇਲਵੇ ਵੱਧ ਤੋਂ ਵੱਧ 1,878 ਰੇਲ ਗੱਡੀਆਂ ਚਲਾਏਗਾ। ਇਸ ਤੋਂ ਬਾਅਦ ਉੱਤਰ ਪਛਮੀ ਰੇਲਵੇ 1,623, ਦਖਣੀ ਮੱਧ ਰੇਲਵੇ 1,012 ਅਤੇ ਪੂਰਬੀ ਮੱਧ ਰੇਲਵੇ 1,003 ਵਾਧੂ ਰੇਲ ਗੱਡੀਆਂ ਚਲਾਏਗਾ। 

ਰੇਲ ਮੰਤਰਾਲੇ ਨੇ ਕਿਹਾ ਕਿ ਦੇਸ਼ ਭਰ ’ਚ ਫੈਲੇ ਸਾਰੇ ਜ਼ੋਨਲ ਰੇਲਵੇ ਗਰਮੀਆਂ ਦੌਰਾਨ ਤਾਮਿਲਨਾਡੂ, ਮਹਾਰਾਸ਼ਟਰ, ਗੁਜਰਾਤ, ਓਡੀਸ਼ਾ, ਪਛਮੀ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਦਿੱਲੀ, ਝਾਰਖੰਡ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਇਨ੍ਹਾਂ ਵਾਧੂ ਯਾਤਰਾਵਾਂ ਦਾ ਸੰਚਾਲਨ ਕਰਨ ਦੀ ਤਿਆਰੀ ਕਰ ਰਹੇ ਹਨ। ਮੰਤਰਾਲੇ ਨੇ ਇਹ ਫੈਸਲਾ ਮੀਡੀਆ ਰੀਪੋਰਟਾਂ, ਸੋਸ਼ਲ ਮੀਡੀਆ ਮੰਚਾਂ ਅਤੇ ਰੇਲਵੇ ਹੈਲਪਲਾਈਨ ਨੰਬਰ 139 ਤੋਂ ਇਲਾਵਾ ਪੀ.ਆਰ.ਐਸ. ਪ੍ਰਣਾਲੀ ’ਚ ਉਡੀਕ ਸੂਚੀ ਵਾਲੇ ਮੁਸਾਫ਼ਰਾਂ ਦੇ ਵੇਰਵਿਆਂ ਦੇ ਆਧਾਰ ’ਤੇ ਲਿਆ ਹੈ।