ਰਾਜ ਤੇ ਊਧਵ ਵਿਚਾਲੇ ਸੁਲ੍ਹਾ ਹੋਣ ਦੇ ਚਰਚੇ, ‘ਮਾਮੂਲੀ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਲਈ ਤਿਆਰ’
‘ਮਰਾਠੀ ਮਾਨੁਸ’ ਦੇ ਹਿੱਤਾਂ ਲਈ ਇਕਜੁੱਟ ਹੋਣਾ ਮੁਸ਼ਕਲ ਨਹੀਂ ਹੈ : ਰਾਜ ਠਾਕਰੇ
ਮੁੰਬਈ : ਵੱਖ ਹੋਏ ਚਚੇਰੇ ਭਰਾ ਰਾਜ ਠਾਕਰੇ ਅਤੇ ਊਧਵ ਠਾਕਰੇ ਦੇ ਬਿਆਨਾਂ ਨਾਲ ਸੰਭਾਵਤ ਸੁਲ੍ਹਾ ਹੋਣ ਦੀਆਂ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਹਨ ਕਿ ਉਹ ‘ਮਾਮੂਲੀ ਮੁੱਦਿਆਂ’ ਨੂੰ ਨਜ਼ਰਅੰਦਾਜ਼ ਕਰ ਸਕਦੇ ਹਨ ਅਤੇ ਕਰੀਬ ਦੋ ਦਹਾਕਿਆਂ ਬਾਅਦ ਹੱਥ ਮਿਲਾ ਸਕਦੇ ਹਨ।
ਐਮ.ਐਨ.ਐਸ. ਦੇ ਮੁਖੀ ਰਾਜ ਨੇ ਕਿਹਾ ਕਿ ‘ਮਰਾਠੀ ਮਾਨੁਸ’ ਦੇ ਹਿੱਤਾਂ ਲਈ ਇਕਜੁੱਟ ਹੋਣਾ ਮੁਸ਼ਕਲ ਨਹੀਂ ਹੈ, ਜਦਕਿ ਸ਼ਿਵ ਸੈਨਾ-ਯੂ.ਬੀ.ਟੀ. ਮੁਖੀ ਊਧਵ ਠਾਕਰੇ ਨੇ ਕਿਹਾ ਕਿ ਉਹ ਮਾਮੂਲੀ ਝਗੜਿਆਂ ਨੂੰ ਇਕ ਪਾਸੇ ਰੱਖਣ ਲਈ ਤਿਆਰ ਹਨ, ਬਸ਼ਰਤੇ ਕਿ ਮਹਾਰਾਸ਼ਟਰ ਦੇ ਹਿੱਤਾਂ ਦੇ ਵਿਰੁਧ ਕੰਮ ਕਰਨ ਵਾਲਿਆਂ ਨੂੰ ਮੂੰਹ ਨਾ ਲਗਾਇਆ ਜਾਵੇ।
ਊਧਵ ਦੇ ਇਸ ਬਿਆਨ ਨੂੰ ਹਾਲ ਹੀ ’ਚ ਮਨਸੇ ਮੁਖੀ ਵਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਪਣੀ ਰਿਹਾਇਸ਼ ’ਤੇ ਮੇਜ਼ਬਾਨੀ ਕਰਨ ਦੇ ਸੰਕੇਤ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ। ਅਪਣੇ ਚਚੇਰੇ ਭਰਾ ਦਾ ਨਾਂ ਲਏ ਬਿਨਾਂ ਊਧਵ ਠਾਕਰੇ ਨੇ ਕਿਹਾ ਕਿ ਚੋਰਾਂ ਦੀ ਮਦਦ ਲਈ ਕੁੱਝ ਨਹੀਂ ਕੀਤਾ ਜਾਣਾ ਚਾਹੀਦਾ।
ਰਾਜ ਠਾਕਰੇ ਨੇ ਫਿਲਮ ਨਿਰਮਾਤਾ ਮਹੇਸ਼ ਮਾਂਜਰੇਕਰ ਨਾਲ ਇਕ ਪੋਡਕਾਸਟ ਇੰਟਰਵਿਊ ’ਚ ਕਿਹਾ ਸੀ ਕਿ ਅਣਵੰਡੀ ਸ਼ਿਵ ਸੈਨਾ ’ਚ ਊਧਵ ਨਾਲ ਕੰਮ ਕਰਦੇ ਸਮੇਂ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ। ਸਵਾਲ ਇਹ ਹੈ ਕਿ ਕੀ ਊਧਵ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੇ ਹਨ? ਲੋਕ ਸਭਾ ਚੋਣਾਂ ਦੌਰਾਨ ਰਾਜ ਠਾਕਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ ਸੀ।
ਉਧਵ ਨੇ ਕਿਹਾ ਕਿ ਉਹ ਮਾਮੂਲੀ ਮਤਭੇਦਾਂ ਨੂੰ ਇਕ ਪਾਸੇ ਰੱਖਣ ਲਈ ਤਿਆਰ ਹਨ। ਉਨ੍ਹਾਂ ਕਿਹਾ, ‘‘ਮੈਂ ਕਹਿ ਰਿਹਾ ਹਾਂ ਕਿ ਮੇਰਾ ਕਿਸੇ ਨਾਲ ਝਗੜਾ ਨਹੀਂ ਹੈ ਅਤੇ ਜੇਕਰ ਕੋਈ ਹੈ ਤਾਂ ਮੈਂ ਉਨ੍ਹਾਂ ਨੂੰ ਹੱਲ ਕਰ ਰਿਹਾ ਹਾਂ।’’
ਹਾਲਾਂਕਿ ਮਨਸੇ ਦੇ ਬੁਲਾਰੇ ਸੰਦੀਪ ਦੇਸ਼ਪਾਂਡੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ 2014 ਦੀਆਂ ਵਿਧਾਨ ਸਭਾ ਚੋਣਾਂ ਅਤੇ 2017 ਦੀਆਂ ਨਗਰ ਨਿਗਮ ਚੋਣਾਂ ਦੌਰਾਨ ਊਧਵ ਠਾਕਰੇ ਨਾਲ ਬੁਰਾ ਤਜਰਬਾ ਹੋਇਆ ਸੀ। ਉਨ੍ਹਾਂ ਕਿਹਾ, ‘‘ਮੈਨੂੰ ਨਹੀਂ ਲਗਦਾ ਕਿ ਰਾਜ ਸਾਹਿਬ ਨੇ ਇੰਨੇ ਮਾੜੇ ਤਜਰਬੇ ਤੋਂ ਬਾਅਦ ਗਠਜੋੜ ਦਾ ਕੋਈ ਪ੍ਰਸਤਾਵ ਦਿਤਾ ਹੈ। ਹੁਣ ਉਹ ਸਾਨੂੰ ਭਾਜਪਾ ਨਾਲ ਗੱਲ ਨਾ ਕਰਨ ਲਈ ਕਹਿ ਰਹੇ ਹਨ।’’ ਪਰ ਦੇਸ਼ਪਾਂਡੇ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਊਧਵ ਨੂੰ ਬੁਲਾਉਂਦੇ ਹਨ ਤਾਂ ਉਹ ਭਾਜਪਾ ’ਚ ਚਲੇ ਜਾਣਗੇ।