Patna News : ਤੇਜਸਵੀ ਯਾਦ ਦਾ ਦਾਅਵਾ, ‘ਨਿਤੀਸ਼ ਨੇ ਬਿਹਾਰ ’ਚ ਭ੍ਰਿਸ਼ਟਾਚਾਰ ਨੂੰ ਸੰਸਥਾਗਤ ਰੂਪ ਦਿਤਾ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Patna News : ਜੇਡੀ (ਯੂ) ਨੇ ਦੋਸ਼ਾਂ ਨੂੰ ਬੇਬੁਨਿਆਦ ਦਸਿਆ 

ਤੇਜਸਵੀ ਯਾਦ ਦਾ ਦਾਅਵਾ, ‘ਨਿਤੀਸ਼ ਨੇ ਬਿਹਾਰ ’ਚ ਭ੍ਰਿਸ਼ਟਾਚਾਰ ਨੂੰ ਸੰਸਥਾਗਤ ਰੂਪ ਦਿਤਾ’

Patna News in Punjabi : ਬਿਹਾਰ ’ਚ ਵਿਰੋਧੀ ਧਿਰ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਨੇ ਸਨਿਚਰਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਸੂਬੇ ’ਚ ਭ੍ਰਿਸ਼ਟਾਚਾਰ ਨੂੰ ਸੰਸਥਾਗਤ ਬਣਾਉਣ ਅਤੇ ਇਸ ਸਾਲ ਦੇ ਅਖੀਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਪ੍ਰਚਾਰ ਲਈ ਸਰਕਾਰੀ ਫੰਡਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ।

ਇਸ ਨੇ ਇਹ ਵੀ ਦੋਸ਼ ਲਾਇਆ ਕਿ ਬਿਹਾਰ ਦੀ ਐਨ.ਡੀ.ਏ. ਸਰਕਾਰ ਰਾਜ ’ਚ ‘ਵਿੱਤੀ ਅਰਾਜਕਤਾ’ ਲਈ ਜ਼ਿੰਮੇਵਾਰ ਹੈ। ਹਾਲਾਂਕਿ ਸੱਤਾਧਾਰੀ ਜਨਤਾ ਦਲ (ਯੂ) ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦਸਿਆ ਹੈ। 

ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਨੇਤਾ ਤੇਜਸਵੀ ਯਾਦਵ ਨੇ ਕਿਹਾ, ‘‘ਨਿਤੀਸ਼ ਕੁਮਾਰ ਬਿਹਾਰ ’ਚ ਭ੍ਰਿਸ਼ਟਾਚਾਰ ਨੂੰ ਸੰਸਥਾਗਤ ਬਣਾਉਣ ਲਈ ਜ਼ਿੰਮੇਵਾਰ ਹਨ। ਮੁੱਖ ਮੰਤਰੀ ਅਪਣੀ ਪਾਰਟੀ ਦੇ ਚੋਣ ਪ੍ਰਚਾਰ ਲਈ ਸੂਬਾ ਸਰਕਾਰ ਦੇ ਫੰਡਾਂ ਦੀ ਵਰਤੋਂ ਕਰ ਰਹੇ ਹਨ। ਔਰਤਾਂ ਨਾਲ ਜੁੜਨ ਅਤੇ ਭਲਾਈ ਉਪਾਵਾਂ ਬਾਰੇ ਜਾਣਕਾਰੀ ਦੇਣ ਲਈ ਹਾਲ ਹੀ ’ਚ ਸ਼ੁਰੂ ਕੀਤੀ ਗਈ ਮਹਿਲਾ ਸੰਵਾਦ ਪਹਿਲ ਸਰਕਾਰੀ ਫੰਡਾਂ ਦੀ ਵਰਤੋਂ ਕਰ ਕੇ ਜਨਤਾ ਦਲ (ਯੂ) ਦੀ ਚੋਣ ਮੁਹਿੰਮ ਦਾ ਹਿੱਸਾ ਹੈ।’’

ਕੈਬਨਿਟ ਨੇ ਇਸ ਲਈ 225 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਸੂਬਾ ਸਰਕਾਰ ਅਪਣੀ ਮੁਹਿੰਮ ਲਈ ਜਨਤਾ ਦੇ ਪੈਸੇ ਦੀ ਵਰਤੋਂ ਕਰ ਰਹੀ ਹੈ। ਸੂਬੇ ਦੀਆਂ ਔਰਤਾਂ ਲਈ ਜ਼ਮੀਨੀ ਪੱਧਰ ’ਤੇ ਕੁੱਝ ਵੀ ਠੋਸ ਨਹੀਂ ਹੈ ਪਰ ਪ੍ਰਚਾਰ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਸਾਬਕਾ ਉਪ ਮੁੱਖ ਮੰਤਰੀ ਨੇ ਉਸਾਰੀ ਕਾਰਜਾਂ ਲਈ ‘ਆਲਮੀ ਟੈਂਡਰਾਂ’ ਨੂੰ ਲੈ ਕੇ ਵੀ ਰਾਜ ਸਰਕਾਰ ’ਤੇ ਨਿਸ਼ਾਨਾ ਸਾਧਿਆ। 

ਯਾਦਵ ਦੇ ਦੋਸ਼ਾਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਜਨਤਾ ਦਲ (ਯੂ) ਦੇ ਕੌਮੀ ਕਾਰਜਕਾਰੀ ਪ੍ਰਧਾਨ ਸੰਜੇ ਕੁਮਾਰ ਝਾਅ ਨੇ ਕਿਹਾ ਕਿ ਰਾਜ ਦੇ ਲੋਕ ਨਿਤੀਸ਼ ਕੁਮਾਰ ਵਲੋਂ ਬਿਹਾਰ ਭਰ ’ਚ ਕੀਤੇ ਗਏ ਵਿਕਾਸ ਕਾਰਜਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਕਿਹਾ, ‘‘ਉਹ (ਯਾਦਵ) ਬੇਬੁਨਿਆਦ ਬਿਆਨ ਦੇ ਰਹੇ ਹਨ। ਉਨ੍ਹਾਂ ਨੂੰ ਪਹਿਲਾਂ ਨੌਕਰੀਆਂ ਲਈ ਜ਼ਮੀਨ ਘਪਲੇ ’ਚ ਅਪਣੇ ਵਿਰੁਧ ਚੱਲ ਰਹੀ ਜਾਂਚ ਬਾਰੇ ਬੋਲਣਾ ਚਾਹੀਦਾ ਹੈ।’’ 

(For more news apart from  Tejashwi Yad claims, 'Nitish institutionalized corruption in Bihar' News in Punjabi, stay tuned to Rozana Spokesman)