ਗੈਰ-ਭਾਜਪਾ ਸਰਕਾਰ ਬਨਾਉਣ ਦੀਆਂ ਕੋਸ਼ਿਸ਼ਾਂ ਜਾਰੀ, ਨਾਇਡੂ ਨੇ ਰਾਹੁਲ ਗਾਂਧੀ ਨਾਲ ਦੁਬਾਰਾ ਕੀਤੀ ਗੱਲਬਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੁ ਨਾਇਡੂ ਨੇ ਰਾਹੁਲ ਗਾਂਧੀ ਅਤੇ ਐਨਸੀਪੀ ਦੇ ਮੁਖੀ ਸ਼ਰਦ ਪਵਾਰ ਸਮੇਤ ਵਿਰੋਧੀਆਂ ਦੇ ਕਈ ਹੋਰ ਆਗੂਆਂ ਨਾਲ ਗੱਲਬਾਤ ਕੀਤੀ।

Rahul Gandhi Meets Chandrababu Naidu

ਨਵੀਂ ਦਿੱਲੀ: ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਟੀਡੀਪੀ ਮੁਖੀ ਐਨ ਚੰਦਰਬਾਬੁ ਨਾਇਡੂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਐਨਸੀਪੀ ਦੇ ਮੁਖੀ ਸ਼ਰਦ ਪਵਾਰ ਸਮੇਤ ਵਿਰੋਧੀਆਂ ਦੇ ਕਈ ਹੋਰ ਆਗੂਆਂ ਨਾਲ ਐਤਵਾਰ ਨੂੰ ਦੂਜੇ ਦੌਰ ਦੀ ਗੱਲਬਾਤ ਕੀਤੀ। ਇਸ ਗੱਲਬਾਤ ਦਾ ਮੁੱਖ ਮਕਸਦ ਕੇਂਦਰ ਵਿਚ ਗੈਰ-ਭਾਜਪਾ  ਸਰਕਾਰ ਦੇ ਗਠਨ ਲਈ ਸਮਰਥਨ ਜੁਟਾਉਣਾ ਹੈ। ਇਸ ਤੋਂ ਪਹਿਲਾਂ ਨਾਇਡੂ ਸ਼ੁੱਕਰਵਾਰ ਨੂੰ ਦਿੱਲੀ ਆਏ ਸੀ, ਜਿੱਥੇ ਉਹਨਾਂ ਨੇ ਰਾਹੁਲ ਗਾਂਧੀ, ਪਵਾਰ, ਜੇਡੀਯੂ ਨੇਤਾ ਸ਼ਰਦ ਯਾਦਵ ਅਤੇ ਭਾਕਪਾ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਸੀ।

ਇਸ ਤੋਂ ਬਾਅਦ ਉਹ ਲਖਨਊ ਪਹੁੰਚੇ, ਜਿੱਥੇ ਉਹਨਾਂ ਨੇ ਸਪਾ ਦੇ ਮੁਖੀ ਅਖਿਲੇਸ਼ ਯਾਦਵ ਅਤੇ ਬਸਪਾ ਮੁਖੀ ਮਾਇਆਵਤੀ ਨਾਲ ਵੀ ਮੁਲਾਕਾਤ ਕੀਤੀ। ਐਤਵਾਰ ਦੀ ਮੁਲਾਕਾਤ ਨੂੰ ਇਸ ਲਈ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਨਾਇਡੂ ਨੇ ਸਪਾ ਅਤੇ ਬਸਪਾ ਮੁਖੀਆਂ ਨਾਲ ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਅਤੇ ਪਵਾਰ ਨਾਲ ਦੁਬਾਰਾ ਮੁਲਾਕਾਤ ਕੀਤੀ ਹੈ। ਸਪਾ, ਬਸਪਾ ਹੁਣ ਤੱਕ ਖੁੱਲ ਕੇ ਵਿਰੋਧੀ ਗਠਜੋੜ ਦੇ ਹੱਕ ਵਿਚ ਨਹੀਂ ਆਏ।

ਨਾਇਡੂ ਅਜਿਹਾ ਇਸ ਲਈ ਕਰ ਰਹੇ ਹਨ ਤਾਂ ਜੋ ਇਸ ਨਾਲ ਬਹੁਮਤ ਦੇ ਅੰਕੜਿਆਂ ਤੱਕ ਨਾ ਪਹੁੰਚਣ ਦੀ ਸੂਰਤ ਵਿਚ ਗੈਰ-ਐਨਡੀਏ ਦਲਾਂ ਨੂੰ ਇਕ ਮੰਚ ‘ਤੇ ਲਿਆ ਕੇ ਅਗਲੀ ਸਰਕਾਰ ਬਨਾਉਣ ਦਾ ਦਾਅਵਾ ਪੇਸ਼ ਕੀਤਾ ਜਾ ਸਕੇ। ਟੀਡੀਪੀ ਮੁਖੀ ਨਾਇਡੂ ਇਸ ਤੋਂ ਪਹਿਲਾਂ ਵੀ ਵਿਰੋਧੀਆਂ ਦੇ ਵੱਖ ਵੱਖ ਆਗੂਆਂ ਨਾਲ ਕਈ ਵਾਰ ਗੱਲਬਾਤ ਕਰ ਚੁਕੇ ਹਨ। ਇਹਨਾਂ ਵਿਚ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮਾਕਪਾ ਦੇ ਸਕੱਤਰ ਸੀਤਾ ਰਾਮ ਯੇਚੁਰੀ ਸ਼ਾਮਿਲ ਹਨ।