ਨਵੀਂ ਦਿੱਲੀ, 18 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਚ ਪਧਰੀ ਬੈਠਕ ਦੀ ਪ੍ਰਧਾਨਗੀ ਕੀਤੀ ਜਿਸ ਵਿਚ ਬੰਗਾਲ ਦੀ ਖਾੜੀ ਵਿਚ ਉਭਰ ਰਹੇ ਚੱਕਰਵਾਦ 'ਅੱਫ਼ਾਨ' ਦੇ ਸਨਮੁਖ ਤਿਆਰੀਆਂ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਦਫ਼ਤਰ ਨੇ ਬਿਆਨ ਜਾਰੀ ਕਰ ਕੇ ਦਸਿਆ ਕਿ ਪ੍ਰਧਾਨ ਮੰਤਰੀ ਨੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਕੌਮੀ ਆਫ਼ਤ ਪ੍ਰਤੀਕਰਮ ਬਲ ਦੁਆਰਾ ਚੁੱਕੇ ਗਏ ਕਦਮਾਂ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤਕ ਪਹੁੰਚਾਣ ਬਾਰੇ ਜਾਣਕਾਰੀ ਲਈ। ਐਨਡੀਆਰਐਫ਼ ਦੇ ਡੀਜੀ ਨੇ ਦਸਿਆ ਕਿ ਐਨਡੀਆਰਐਫ਼ ਦੀਆਂ 25 ਟੀਮਾਂ ਨੂੰ ਤੈਨਾਤ ਕੀਤਾ ਗਿਆ ਹੈ ਜਦਕਿ 12 ਹੋਰਨਾਂ ਨੂੰ ਤਿਆਰ ਰਖਿਆ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਪਛਮੀ ਬੰਗਾਲ ਦੇ ਤੱਟਵਰਤੀ ਇਲਾਕਿਆਂ ਵਿਚ 19 ਅਤੇ 20 ਮਈ ਨੂੰ ਭਾਰੀ ਮੀਂਹ ਪੈ ਸਕਦਾ ਹੈ। ਵਿਭਾਗ ਨੇ ਭਾਰੀ ਤਬਾਹੀ ਦਾ ਵੀ ਖ਼ਦਸ਼ਾ ਪ੍ਰਗਟ ਕੀਤਾ ਹੈ। ਉੜੀਸਾ ਅਤੇ ਪਛਮੀ ਬੰਗਾਲ ਵਿਚ ਅਲਰਟ ਜਾਰੀ ਕਰ ਦਿਤਾ ਗਿਆ ਹੈ। ਇਸੇ ਦੌਰਾਨ ਕੋਵਿਡ-19 ਅਤੇ ਚੱਕਰਵਾਤ ਅੱਫ਼ਾਨ ਦੀ ਦੋਹਰੀ ਚੁਨੌਤੀ ਦਾ ਸਾਹਮਣਾ ਕਰਨ ਲਈ ਐਨਡੀਆਰਐਫ਼ ਨੇ ਅਪਣੀ ਟੀਮ ਦੀ ਗਿਣਤੀ 20 ਹੋਰ ਵਧਾ ਕੇ 37 ਕਰ ਲਈ ਹੈ। ਐਨਡੀਆਰਐਫ਼ ਦੇ ਨਿਰਦੇਸ਼ਕ ਐਸ ਐਨ ਪ੍ਰਧਾਨ ਨੇ ਕਿਹਾ ਕਿ ਫ਼ੋਰਸ ਸਾਰੇ ਉਪਕਰਨਾਂ ਅਤੇ ਸਮਾਨ ਨਾਲ ਪੈਦਾ ਹੋ ਰਹੀ ਸਥਿਤੀ ਦਾ ਸਾਹਮਣਾ ਕਰਨ ਨੂੰ ਤਿਆਰ ਹੈ ਜਿਸ ਲਈ ਮੌਸਮ ਵਿਗਿਆਨ ਵਿਭਾਗ ਦਾ ਕਹਿਣਾ ਹੈ ਕਿ ਅੱਜ ਸ਼ਾਮ ਤਕ ਚੱਕਰਵਾਤ ਪ੍ਰਚੰਡ ਤੂਫ਼ਾਨ ਦਾ ਰੂਪ ਲੈ ਸਕਦਾ ਹੈ ਅਤੇ ਕੁੱਝ ਸਮੇਂ ਤਕ ਅਜਿਹਾ ਹੀ ਰਹੇਗਾ। ਪ੍ਰਧਾਨ ਨੇ ਵੀਡੀਉ ਸੁਨੇਹੇ ਵਿਚ ਕਿਹਾ, 'ਪਛਮੀ ਬੰਗਾਲ ਅਤੇ ਉੜੀਸਾ ਵਿਚ ਐਨਡੀਆਰਐਫ਼ ਨੇ ਕੁਲ 37 ਟੀਮਾਂ ਨੂੰ ਤੈਨਾਤ ਕੀਤਾ ਹੈ ਜਿਸ ਵਿਚੋਂ 20 ਕੰਮ ਵਿਚ ਜੁਟ ਗਏ ਹਨ ਅਤੇ ਹੋਰ 17 ਪੂਰੀ ਤਰ੍ਹਾਂ ਤਿਆਰ ਹਨ।'
ਐਨਡੀਆਰਐਫ਼ ਨੇ ਐਤਵਾਰ ਨੂੰ ਇਸ ਮੁਹਿੰਮ ਲਈ 17 ਟੀਮਾਂ ਨੂੰ ਤੈਨਾਤ ਕੀਤਾ ਸੀ। ਇਕ ਟੀਮ ਵਿਚ ਲਗਭਗ 45 ਮੁਲਾਜ਼ਮ ਹੁੰਦੇ ਹਨ। ਡੀਜੀ ਨੇ ਕਿਹਾ ਕਿ ਉਨ੍ਹਾਂ ਨੂੰ ਪਛਮੀ ਬੰਗਾਲ ਦੇ ਸੱਤ ਅਤੇ ਉੜੀਸਾ ਦੇ ਛੇ ਜ਼ਿਲ੍ਹਿਆਂ ਵਿਚ ਤੈਨਾਤ ਕੀਤਾ ਗਿਆ ਹੈ। ਦਸਿਆ ਗਿਆ ਹੈ ਕਿ ਚੱਕਰਵਾਤ ਅੱਫ਼ਾਨ ਨੇ ਸੋਮਵਾਰ ਨੂੰ ਮਹਾਚੱਕਰਵਾਤ ਦਾ ਰੂਪ ਧਾਰਨ ਕਰ ਲਿਆ ਅਤੇ ਇਹ ਉੱਤਰ ਪੂਰਬੀ ਬੰਗਾਲ ਦੀ ਖਾੜੀ ਵਲ ਵਧ ਸਕਦਾ ਹੈ ਅਤੇ 20 ਮਈ ਨੂੰ ਪਛਮੀ ਬੰਗਾਲ ਤੇ ਬੰਗਲਾਦੇਸ਼ ਵਿਚ ਦੀਘਾ ਅਤੇ ਹਟੀਆ ਦੀਪ ਵਿਚਾਲੇ ਤੱਟਾਂ ਤੋਂ ਲੰਘ ਸਕਦਾ ਹੈ। (ਏਜੰਸੀ)