10 ਲੱਖ ਕਰੋੜ ਰੁਪਏ ਦੇ ਵਿੱਤੀ ਹੱਲਾਸ਼ੇਰੀ ਪੈਕੇਜ ਦਾ ਐਲਾਨ ਕਰੇ ਸਰਕਾਰ : ਚਿਦੰਬਰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਸਰਕਾਰ ਦੁਆਰਾ ਐਲਾਨੇ 20 ਲੱਖ ਕਰੋੜ ਰੁਪਏ ਦੇ ਆਰਥਕ ਪੈਕੇਜ ਵਿਚ ਗ਼ਰੀਬਾਂ, ਕਿਸਾਨਾਂ ਅਤੇ ਮਜ਼ਦੂਰਾਂ ਦੀ ਅਣਦੇਖੀ

File Photo

ਨਵੀਂ ਦਿੱਲੀ, 18 ਮਈ: ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਸਰਕਾਰ ਦੁਆਰਾ ਐਲਾਨੇ 20 ਲੱਖ ਕਰੋੜ ਰੁਪਏ ਦੇ ਆਰਥਕ ਪੈਕੇਜ ਵਿਚ ਗ਼ਰੀਬਾਂ, ਕਿਸਾਨਾਂ ਅਤੇ ਮਜ਼ਦੂਰਾਂ ਦੀ ਅਣਦੇਖੀ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਨੂੰ ਮੁੜ ਸੋਚਣਾ ਚਾਹੀਦਾ ਹੈ ਅਤੇ 10 ਲੱਖ ਕਰੋੜ ਰੁਪਏ ਦੇ ਵਿਆਪਕ ਵਿੱਤੀ ਹੱਲਾਸ਼ੇਰੀ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ।

ਸਾਬਕਾ ਮੰਤਰੀ ਨੇ ਇਹ ਦਾਅਵਾ ਵੀ ਕੀਤਾ ਕਿ ਸਰਕਾਰ ਦੁਆਰਾ ਐਲਾਨੇ ਪੈਕੇਜ ਵਿਚ ਸਿਰਫ਼ 186650 ਕਰੋੜ ਰੁਪਏ ਦੀ ਵਿੱਤੀ ਹੱਲਾਸ਼ੇਰੀ ਰਕਮ ਹੈ ਜੋ ਭਾਰਤ ਦੀ ਜੀਡੀਪੀ ਦਾ ਸਿਰਫ਼ 0.91 ਫ਼ੀ ਸਦੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, 'ਅਸੀਂ ਵਿੱਤ ਮੰਤਰੀ ਦੁਆਰਾ ਐਲਾਨੇ ਪੈਕੇਜ ਦਾ ਪੂਰੇ ਗਹੁ ਨਾਲ ਵਿਸ਼ਲੇਸ਼ਣ ਕੀਤਾ ਹੈ। ਅਸੀਂ ਅਰਥਸ਼ਾਸਤਰੀਆਂ ਨਾਲ ਗੱਲਬਾਤ ਕੀਤੀ। ਸਾਡਾ ਇਹ ਮੰਨਣਾ ਹੈ ਕਿ ਇਸ ਵਿਚ ਸਿਰਫ਼ 186650 ਕਰੋੜ ਰੁਪਏ ਦਾ ਵਿੱਤੀ ਹੱਲਾਸ਼ੇਰੀ ਪੈਕੇਜ ਹੈ।' ਚਿਦੰਬਰਮ ਮੁਤਾਬਕ ਆਰਥਕ ਪੈਕੇਜ ਦੇ ਕਈ ਐਨਾਨ ਬਜਟ ਦਾ ਹਿੱਸਾ ਹਨ ਅਤੇ ਕਈ ਐਲਾਨ ਕਰਜ਼ਾ ਦੇਣ ਦੇ ਪ੍ਰਬੰਧ ਦਾ ਹਿੱਸਾ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੇ ਆਰਥਕ ਪੈਕੇਜ ਤੋਂ 13 ਕਰੋੜ ਕਮਜ਼ੋਰ ਪਰਵਾਰ, ਕਿਸਾਨ, ਮਜ਼ਦੂਰ ਅਤੇ ਬੇਰੁਜ਼ਗਾਰ ਹੋ ਚੁੱਕੇ ਲੋਕ ਵਾਂਝੇ ਰਹਿ ਗਏ ਹਨ।

ਕਾਂਗਰਸ ਆਗੂ ਸੁਪਰਿਆ ਸ੍ਰੀਨੇਤ ਨੇ ਦੋਸ਼ ਲਾਇਆ ਕਿ ਵਿੱਤ ਮੰਤਰੀ ਦੇ ਪੰਜ ਦਿਨਾਂ ਦੇ 'ਨਾਟਕ' ਤੋਂ ਦੇਸ਼ ਦੇ ਗ਼ਰੀਬਾਂ, ਮਜ਼ਦੂਰਾਂ, ਕਿਸਾਨਾਂ ਅਤੇ ਮੱਧ ਵਰਗ ਦੇ ਲੋਕਾਂ ਨੂੰ ਸਿਰਫ਼ ਨਿਰਾਸ਼ਾ ਮਿਲੀ ਹੈ। ਉਨ੍ਹਾਂ ਕਿਹਾ, 'ਇਹ ਜੁਮਲਾ ਪੈਕੇਜ ਹੈ। ਵਿੱਤ ਮੰਤਰੀ ਨੇ ਪੰਜ ਦਿਨਾਂ ਵਿਚ ਜਿਹੜਾ ਨਾਟਕ ਵਿਖਾਇਆ, ਉਸ ਤੋਂ ਸਾਬਤ ਹੁੰਦਾ ਹੈ ਕਿ ਇਸ ਸਰਕਾਰ ਨੂੰ ਗ਼ਰੀਬਾਂ ਦੀ ਕੋਈ ਚਿੰਤਾ ਨਹੀਂ। ਲੋਕਾਂ ਦੇ ਦਰਦ ਨੂੰ ਅਣਡਿੱਠ ਕੀਤਾ ਗਿਆ ਹੈ।' ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੰਸਦ ਵਿਚ ਮਨਰੇਗਾ ਦਾ ਮਜ਼ਾਕ ਉਡਾਇਆ ਸੀ। ਅੱਜ ਉਹੀ ਮਨਰੇਗਾ ਪੇਂਡੂ ਭਾਰਤ ਵਿਚ ਸੰਜੀਵਨੀ ਦਾ ਕੰਮ ਕਰ ਰਹੀ ਹੈ। (ਏਜੰਸੀ)