ਯੂਪੀ ਸਰਕਾਰ ਨੇ ਪ੍ਰਿਯੰਕਾ ਦੀ 1000 ਬਸਾਂ ਦੀ ਪੇਸ਼ਕਸ਼ ਪ੍ਰਵਾਨ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਲਿਜਾਣ ਲਈ 1000 ਬਸਾਂ ਚਲਾਉਣ ਦੀ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਦੀ ਪੇਸ਼ਕਸ਼ ਨੂੰ ਪ੍ਰਵਾਨ ਕਰ ਲਿਆ ਹੈ।

File Photo

ਲਖਨਊ, 18 ਮਈ : ਯੂਪੀ ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਲਿਜਾਣ ਲਈ 1000 ਬਸਾਂ ਚਲਾਉਣ ਦੀ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਦੀ ਪੇਸ਼ਕਸ਼ ਨੂੰ ਪ੍ਰਵਾਨ ਕਰ ਲਿਆ ਹੈ। ਸਰਕਾਰ ਨੇ ਕਾਂਗਰਸ ਕੋਲੋਂ 1000 ਬਸਾਂ ਤੋਂ ਇਲਾਵਾ ਡਰਾਈਵਰਾਂ ਅਤੇ ਕਲੀਨਰਾਂ ਦੀ ਸੂਚੀ ਮੰਗੀ ਹੈ। ਪ੍ਰਿਯੰਕਾ ਦੇ ਨਿਜੀ ਸਕੱਤਰ ਨੂੰ ਭੇਜੇ ਪੱਤਰ ਵਿਚ ਅਪਰ ਮੁੱਖ ਸਕੱਤਰ ਅਵਨੀਸ਼ ਕੁਮਾਰ ਅਵਸਥੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਸਬੰਧ ਵਿਚ 16 ਮਈ ਨੂੰ ਭੇਜੇ ਪੱਤਰ ਵਿਚ ਕੀਤੀ ਗਈ ਪੇਸ਼ਕਸ਼ ਪ੍ਰਵਾਨ ਕਰ ਲਈ ਗਈ ਹੈ।

ਅਵਸਥੀ ਨੇ ਕਿਹਾ ਕਿ 1000 ਬਸਾਂ, ਡਰਾਈਵਰਾਂ ਅਤੇ ਹੋਰਾਂ ਦੇ ਵੇਰਵੇ ਮੰਗੇ ਗਏ ਹਨ ਤਾਕਿ ਬਸਾਂ ਦੀ ਵਰਤੋਂ ਪ੍ਰਵਾਸੀ ਮਜ਼ਦੂਰਾਂ ਲਈ ਕੀਤੀ ਜਾ ਸਕੇ।
ਪ੍ਰਿਯੰਕਾ ਨੇ ਯੋਗੀ ਨੂੰ ਚਿੱਠੀ ਭੇਜ ਕੇ ਪੇਸ਼ਕਸ਼ ਕੀਤੀ ਸੀ। ਇਹ ਚਿੱਠੀ ਰਾਜ ਕਾਂਗਰਸ ਇਕਾਈ ਦੇ ਆਗੂਆਂ ਨੇ ਮੁੱਖ ਮੰਤਰੀ ਦਫ਼ਤਰ ਵਿਚ ਦਿਤੀ ਸੀ। ਉਧਰ, ਪ੍ਰਿਯੰਕਾ ਗਾਂਧੀ ਨੇ ਮੁੱਖ ਮੰਤਰੀ ਯੋਗੀ ਦਾ ਧਨਵਾਦ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਭਿਆਨਕ ਦੌਰ ਵਿਚ ਉਨ੍ਹਾਂ ਦੀ ਪਾਰਟੀ ਰਾਜ ਦੇ ਲੋਕਾਂ ਨਾਲ ਭਾਵਨਾਤਮਕ ਰੂਪ ਵਿਚ ਖੜੀ ਹੈ। ਉਨ੍ਹਾਂ ਕਿਹਾ ਕਿ ਗ਼ਰੀਬਾਂ ਤੇ ਮਜ਼ਦੂਰਾਂ ਦੀ ਮਦਦ ਕਰਨਾ ਉਨ੍ਹਾਂ ਦਾ ਨੈਤਿਕ ਫ਼ਰਜ਼ ਹੈ।  (ਏਜੰਸੀ)