ਫ਼ੈਜ਼ਲ ਸਿੱਦੀਕੀ ਦੇ ਟਿਕ-ਟਾਕ ਵੀਡੀਉ ਨੂੰ ਮਹਿਲਾ ਕਮਿਸ਼ਨ ਨੇ ਹਟਾਉਣ ਲਈ ਕਿਹਾ
ਨੈਸ਼ਨਲ ਕਮਿਸ਼ਨ ਫਾਰ ਵੂਮੈਨ ਨੇ ਟਿੱਕ ਟਾਕ ਦੇ ਭਾਰਤੀ ਪ੍ਰਬੰਧਨ ਨੂੰ ਤੁਰਤ ਵੀਡੀਉ ਹਟਾਉਣ ਲਈ ਕਿਹਾ ਹੈ ਜਿਸ ਵਿਚ ਫ਼ੈਜ਼ਲ ਸਿੱਦੀਕੀ
ਨਵੀਂ ਦਿੱਲੀ, 18 ਮਈ : ਨੈਸ਼ਨਲ ਕਮਿਸ਼ਨ ਫਾਰ ਵੂਮੈਨ ਨੇ ਟਿੱਕ ਟਾਕ ਦੇ ਭਾਰਤੀ ਪ੍ਰਬੰਧਨ ਨੂੰ ਤੁਰਤ ਵੀਡੀਉ ਹਟਾਉਣ ਲਈ ਕਿਹਾ ਹੈ ਜਿਸ ਵਿਚ ਫ਼ੈਜ਼ਲ ਸਿੱਦੀਕੀ ਨਾਮ ਦਾ ਵਿਅਕਤੀ ਇਕ ਔਰਤ ਉਤੇ ਤੇਜ਼ਾਬ ਸੁੱਟਣ ਦਾ ਜੁਰਮ ਕਰਦਾ ਹੋਇਆ ਦਿਖਾਇਆ ਗਿਆ ਹੈ। ਕਮਿਸ਼ਨ ਨੇ ਮਹਾਰਾਸ਼ਟਰ ਪੁਲਿਸ ਨੂੰ ਇਸ ਵੀਡੀਉ ਨੂੰ ਬਣਾਉਣ ਵਾਲੇ ਵਿਅਕਤੀ ਵਿਰੁਧ ਕਾਰਵਾਈ ਕਰਨ ਲਈ ਵੀ ਕਿਹਾ ਹੈ। ਮਹਿਲਾ ਕਮਿਸ਼ਨ ਨੇ 'ਟਿਕ ਟਾਕ ਇੰਡੀਆ' ਦੇ ਅਧਿਕਾਰੀ (ਸ਼ਿਕਾਇਤ) ਅਨੁਜ ਭਾਟੀਆ ਨੂੰ ਇਕ ਪੱਤਰ ਲਿਖਦਿਆਂ ਕਿਹਾ ਕਿ ਇਹ ਮਾਮਲਾ ਉਸ ਦੇ ਧਿਆਨ ਵਿਚ ਇਕ ਟਵਿੱਟਰ ਪੋਸਟ ਰਾਹੀਂ ਆਇਆ ਅਤੇ ਵੀਡੀਉ ਨੂੰ ਹਟਾ ਦਿਤਾ ਜਾਣਾ ਚਾਹੀਦਾ ਹੈ।
ਕਮਿਸ਼ਨ ਦੀ ਚੇਅਰਮੈਨ ਰੇਖਾ ਸ਼ਰਮਾ ਨੇ ਪੱਤਰ ਵਿਚ ਕਿਹਾ ਕਿ ਇਹ ਵੀਡੀਉ ਨਾ ਸਿਰਫ਼ ਔਰਤ ਵਿਰੋਧੀ ਹਿੰਸਾ ਨੂੰ ਭੜਕਾ ਰਹੀ ਹੈ ਬਲਕਿ ਮਰਦ ਪ੍ਰਧਾਨ ਸੋਚ ਨੂੰ ਵੀ ਦਰਸਾਉਂਦੀ ਹੈ। ਰੇਖਾ ਅਨੁਸਾਰ ਇਹ ਵੀਡੀਉ ਫ਼ੈਜ਼ਲ ਸਿੱਦੀਕੀ ਨਾਮ ਦੇ ਇਕ ਨੌਜਵਾਨ ਵਲੋਂ ਬਣਾਈ ਗਈ ਹੈ ਅਤੇ ਇਹ ਵੀਡੀਉ ਔਰਤਾਂ 'ਤੇ ਤੇਜ਼ਾਬੀ ਹਮਲੇ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਵੀਡੀਉ ਹਟਾਉਣ ਦੇ ਨਾਲ-ਨਾਲ ਇਸ ਵਿਅਕਤੀ ਦੀ ਆਈਡੀ ਵੀ ਬਲੌਕ ਕੀਤੀ ਜਾਣੀ ਚਾਹੀਦੀ ਹੈ। ਮਹਾਰਾਸ਼ਟਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਸੁਬੋਧ ਕੁਮਾਰ ਜੈਸਵਾਲ ਨੂੰ ਲਿਖੇ ਪੱਤਰ ਵਿਚ ਰੇਖਾ ਸ਼ਰਮਾ ਨੇ ਕਿਹਾ ਕਿ ਇਸ ਮਾਮਲੇ ਵਿਚ ਸੂਚਨਾ ਟੈਕਨਾਲੋਜੀ ਐਕਟ -2000 ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। (ਏਜੰਸੀ)